ਗੈਸ ਮਾਫੀਆ ਦੇ ਮਜ਼ਬੂਤ ਨੈੱਟਵਰਕ ਤੋਂ ਮਿੰਨੀ ਸਕੱਤਰੇਤ ਵੀ ਨਹੀਂ ਮਹਿਫੂਜ਼

12/06/2017 4:18:40 AM

ਲੁਧਿਆਣਾ(ਖੁਰਾਣਾ)-ਘਰੇਲੂ ਗੈਸ ਦੀ ਕਾਲਾਬਾਜ਼ਾਰੀ ਦਾ ਦੌਰ ਜਿਥੇ ਮੌਜੂਦਾ ਸਮੇਂ ਸ਼ਹਿਰ ਭਰ 'ਚ ਸਿਖਰਾਂ 'ਤੇ ਹੈ, ਉਥੇ ਵਿਭਾਗੀ ਅਧਿਕਾਰੀਆਂ ਨੇ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਅੱਖਾਂ ਬੰਦ ਕਰ ਰੱਖੀਆਂ ਹਨ। ਨਤੀਜਾ ਨਗਰ 'ਚ ਸਰਗਰਮ ਗੈਸ ਮਾਫੀਆ ਘਰੇਲੂ ਗੈਸ ਸਿਲੰਡਰਾਂ ਦੀ ਬਲੈਕ ਦਾ ਗੋਰਖਧੰਦਾ ਪੂਰੇ ਜ਼ੋਰ-ਸ਼ੋਰ ਨਾਲ ਬੇਖੌਫ ਚਲਾ ਰਿਹਾ ਹੈ। ਇਸ ਦੌਰਾਨ ਗੈਸ ਮਾਫੀਆ ਨਾਲ ਲਿੰਕ ਸਬੰਧਤ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੱਸ ਦੇਈਏ ਕਿ ਮੌਜੂਦਾ ਸਮੇਂ 'ਚ ਨਗਰ 'ਚ ਗੈਸ ਮਾਫੀਆ ਇੰਨਾ ਮਜ਼ਬੂਤ ਹੋ ਚੁੱਕਾ ਹੈ ਕਿ ਉਹ ਇਕ ਹੀ ਸਮੇਂ 'ਚ ਕਿਸੇ ਵੀ ਕਮਰਸ਼ੀਅਲ ਕੈਂਪਸ 'ਤੇ ਬਿਨਾਂ ਕਿਸੇ ਬੁਕਿੰਗ ਦੇ ਸੈਂਕੜੇ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਦਾ ਦਮ ਭਰਦਾ ਹੈ ਜਦਕਿ ਕੰਪਨੀ ਨਾਲ ਜੁੜੇ ਖਪਤਕਾਰਾਂ ਨੂੰ ਬੁਕਿੰਗ ਕਰਵਾਉਣ ਤੋਂ ਬਾਅਦ ਵੀ ਕਈ ਦਿਨਾਂ ਤੱਕ ਸਿਲੰਡਰਾਂ ਦੀ ਸਪਲਾਈ ਨਹੀਂ ਮਿਲ ਰਹੀ।
ਨਾਜਾਇਜ਼ ਫਿਲਿੰਗ ਸਟੇਸ਼ਨਾਂ 'ਤੇ ਰੋਜ਼ਾਨਾ ਸਪਲਾਈ ਹੋ ਰਹੇ ਨੇ ਕਰੀਬ 1000 ਸਿਲੰਡਰ 
ਜਾਣਕਾਰੀ ਮੁਤਾਬਕ ਗੈਸ ਮਾਫੀਆ ਵਲੋਂ ਸ਼ਹਿਰ ਭਰ 'ਚ ਚੱਲ ਰਹੇ ਸੈਂਕੜੇ ਗੈਰ-ਕਾਨੂੰਨੀ ਐੱਲ. ਪੀ. ਜੀ. ਫਿਲਿੰਗ ਸਟੇਸ਼ਨਾਂ 'ਤੇ ਜਿਥੇ ਰੋਜ਼ਾਨਾ ਕਰੀਬ 400 ਘਰੇਲੂ ਗੈਸ ਸਿਲੰਡਰ ਡਲਿਵਰ ਕੀਤੇ ਜਾ ਰਹੇ ਹਨ, ਉਥੇ ਰੇਹੜੀ, ਢਾਬਿਆਂ ਅਤੇ ਹੋਰ ਕਮਰਸ਼ੀਅਲ ਕੰਪਲੈਕਸਾਂ 'ਤੇ ਵੀ ਰੋਜ਼ਾਨਾ 500-700 ਘਰੇਲੂ ਸਿਲੰਡਰ ਬਲੈਕ ਕੀਮਤਾਂ 'ਤੇ ਮਾਫੀਆ ਵਲੋਂ ਵੇਚੇ ਜਾ ਰਹੇ ਹਨ। ਇਸ ਦੌਰਾਨ ਸੋਚਣ ਵਾਲੀ ਅਹਿਮ ਗੱਲ ਇਹ ਹੈ ਕਿ ਆਖਿਰ ਮਾਫੀਆ ਨੂੰ ਇੰਨੀ ਵੱਡੀ ਗਿਣਤੀ 'ਚ ਗੈਰ-ਕਾਨੂੰਨੀ ਘਰੇਲੂ ਗੈਸ ਸਿਲੰਡਰ ਦੇ ਕੌਣ ਰਿਹਾ ਹੈ। ਇਸ ਸਬੰਧ ਵਿਚ ਤਰਕ ਦਿੰਦੇ ਹੋਏ ਜਿਥੇ ਜ਼ਿਆਦਾਤਰ ਏਜੰਸੀ ਮਾਲਕ ਇਸ ਦੇ ਜ਼ਿੰਮੇਵਾਰ ਖਪਤਕਾਰਾਂ ਨੂੰ ਠਹਿਰਾ ਰਹੇ ਹਨ, ਉਥੇ ਸੂਤਰ ਦੱਸ ਰਹੇ ਹਨ ਕਿ ਗੈਸ ਦੀ ਕਾਲਾਬਾਜ਼ਾਰੀ 'ਚ ਕੁਝ ਬਦਨਾਮ ਏਜੰਸੀ ਮਾਲਕਾਂ ਅਤੇ ਕਰਮਚਾਰੀਆਂ ਦੀ ਵੱਡੀ ਭੂਮਿਕਾ ਨੂੰ ਨਕਾਰਿਆ ਨਹੀਂ ਜਾ ਸਕਦਾ।
ਗੈਸ ਮਾਫੀਆ ਸਰਗਰਮ, ਅਧਿਕਾਰੀ ਚੁੱਪ 
ਇਥੇ ਹੈਰਾਨੀਜਨਕ ਪਹਿਲੂ ਇਹ ਬਣਿਆ ਹੋਇਆ ਹੈ ਕਿ ਸ਼ਹਿਰ ਭਰ 'ਚ ਸਰਗਰਮ ਗੈਸ ਮਾਫੀਆ ਵਲੋਂ ਗਲੀ-ਮੁਹੱਲਿਆਂ 'ਚ ਸਜੀਆਂ ਰੇਹੜੀਆਂ, ਢਾਬੇ ਅਤੇ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ ਐੱਲ. ਪੀ. ਜੀ. ਫਿਲਿੰਗ ਸਟੇਸ਼ਨਾਂ ਸਮੇਤ ਮਿੰਨੀ ਸਕੱਤਰੇਤ ਤੱਕ ਆਪਣਾ ਜਾਲ ਫੈਲਾ ਰੱਖਿਆ ਹੈ, ਜਿਥੇ ਉਹ ਬਲੈਕ 'ਚ ਗੈਸ ਸਿਲੰਡਰਾਂ ਦੀ ਸਪਲਾਈ ਬਿਨਾਂ ਕਿਸੇ ਖੌਫ ਦੇ ਸਵੇਰੇ-ਸ਼ਾਮ ਕਰਦੇ ਹਨ ਪਰ ਬਾਵਜੂਦ ਇਸ ਦੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀ ਕਾਲਾਬਾਜ਼ਾਰੀਆਂ ਦੇ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਕਰਨ ਦੇ ਪੱਖ 'ਚ ਦਿਖਾਈ ਨਹੀਂ ਦੇ ਰਹੇ। ਇਸ ਮੁੱਦੇ ਸਬੰਧੀ ਜਦੋਂ ਫੂਡ ਸਪਲਾਈ ਵਿਭਾਗ ਦੇ ਏ. ਐੱਫ. ਐੱਸ. ਓਜ਼ ਜਸਵਿੰਦਰ ਸਿੰਘ ਅਤੇ ਦਮਨਜੀਤ ਕੌਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਉਕਤ ਗੰਭੀਰ ਮਾਮਲੇ ਤੋਂ ਪੱਲਾ ਝਾੜਦੇ ਹੋਏ ਵਿਭਾਗ ਨੇ ਇਕ ਹੋਰ ਏ. ਐੱਫ. ਐੱਸ. ਓ. ਦੇ ਪਾਲੇ 'ਚ ਗੇਂਦ ਸੁੱਟ ਦਿੱਤੀ ਪਰ ਜਦ ਉਨ੍ਹਾਂ ਤੋਂ ਉਨ੍ਹਾਂ ਦੇ ਅਧਿਕਾਰਾਂ ਸਬੰਧੀ ਵੇਰਵਾ ਮੰਗਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਨਾਜਾਇਜ਼ ਸਿਲੰਡਰਾਂ ਸਬੰਧੀ ਪ੍ਰਾਪਤ ਸ਼ਿਕਾਇਤਾਂ ਦੀ ਚੈਕਿੰਗ ਕਰਨਗੇ। 
ਸਿਲੰਡਰਾਂ ਤੋਂ ਚੋਰੀ ਹੋ ਰਹੀ ਗੈਸ 
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਮੌਜੂਦਾ ਸਮੇਂ 'ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 770 ਰੁਪਏ  ਹੈ, ਜਿਸ 'ਚੋਂ ਕਰੀਬ 270 ਰੁਪਏ ਖਪਤਕਾਰ ਨੂੰ ਸਰਕਾਰ ਸਬਸਿਡੀ ਦੇ ਰੂਪ ਵਿਚ ਬੈਂਕ 'ਚ ਟਰਾਂਸਫਰ ਕਰ ਦਿੰਦੀ ਹੈ, ਜਦਕਿ ਮਾਰਕੀਟ 'ਚ ਇਹੀ ਸਿਲੰਡਰ ਬਲੈਕ 'ਚ ਕਰੀਬ 1000 ਰੁਪਏ 'ਚ ਵਿਕ ਰਿਹਾ ਹੈ। ਇਸ ਤਰ੍ਹਾਂ ਹੀ ਸ਼ੱਕ ਇਹ ਬਣਿਆ ਹੋਇਆ ਹੈ ਕਿ ਕੁਝ ਏਜੰਸੀ ਮਾਲਕ ਖੁਦ ਹੀ ਆਪਣੇ ਕਰਮਚਾਰੀਆਂ ਤੋਂ ਸਿਲੰਡਰਾਂ ਦੀ ਕਥਿਤ ਬਲੈਕ ਕਰਵਾ ਰਹੇ ਹਨ ਜਾਂ ਫਿਰ ਡਲਿਵਰੀਮੈਨ ਘਰਾਂ 'ਚ ਸਪਲਾਈ ਕਰਨ ਤੋਂ ਪਹਿਲਾਂ ਸਿਲੰਡਰ ਤੋਂ ਗੈਸ ਚੋਰੀ ਕਰ ਕੇ ਐਕਸਟਰਾ ਸਿਲੰਡਰ ਬਣਾ ਕੇ ਲੋਕਾਂ ਨੂੰ ਚੂਨਾ ਲਾ ਰਹੇ ਹਨ। 
ਨਗਰ 'ਚ ਚੱਲ ਰਹੀਆਂ ਚੌਪਾਟੀਆਂ 'ਚ ਵਿਕਰੀ ਹੋ ਰਹੇ ਨਾਜਾਇਜ਼ ਸਿਲੰਡਰ 
ਸ਼ਾਮ ਢਲਦੇ ਹੀ ਨਗਰ ਭਰ ਵਿਚ ਦਰਜਨਾਂ ਇਲਾਕਿਆਂ 'ਚ ਲੱਗਣ ਵਾਲੀਆਂ ਚੌਪਾਟੀਆਂ 'ਚ ਗੈਸ ਏਜੰਸੀਆਂ ਦੇ ਡਲਿਵਰੀਮੈਨ ਆਟੋਜ਼ 'ਚ ਲੱਦ ਕੇ ਨਾਜਾਇਜ਼ ਘਰੇਲੂ ਗੈਸ ਸਿਲੰਡਰਾਂ ਦੀ ਸਪਲਾਈ ਦੇਣ ਲਈ ਪਹੁੰਚ ਜਾਂਦੇ ਹਨ। ਸ਼ੱਕ ਹੈ ਕਿ ਸਰਕਾਰ ਵਲੋਂ ਮਿਲਣ ਵਾਲੀ ਘਰੇਲੂ ਗੈਸ ਸਿਲੰਡਰਾਂ ਦੀ ਸਬਸਿਡੀ ਰਾਸ਼ੀ 'ਚ ਵੱਡਾ ਘਪਲਾ ਹੋ ਰਿਹਾ ਹੈ, ਜਿਸ 'ਚ ਏਜੰਸੀ ਮਾਲਕਾਂ, ਵਿਭਾਗੀ ਕਰਮਚਾਰੀਆਂ ਅਤੇ ਡਲਿਵਰੀਮੈਨ ਦੇ ਨਾਲ ਹੀ ਕੁਝ ਖਪਤਕਾਰਾਂ ਦੀ ਮਿਲੀਭੁਗਤ ਬਣੀ ਹੋਈ ਹੈ।