ਮਾਮਲਾ ਗੈਸ ਸਿਲੰਡਰ ਫਟਣ ਦਾ : ਪੰਜਾਬ ਸਰਕਾਰ ਨੇ ਨਹੀਂ ਲਈ ਅੰਗਹੀਣ ਬੱਚਿਆਂ ਦੀ ਸਾਰ

04/12/2018 10:39:23 AM

ਅੰਮ੍ਰਿਤਸਰ (ਦਲਜੀਤ) : ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਦੇ ਧਾਰਮਿਕ ਸਮਾਗਮ ਦੌਰਾਨ ਗੈਸ ਸਿਲੰਡਰ ਫਟਣ ਨਾਲ ਵਾਪਰੇ ਦਰਦਨਾਕ ਹਾਦਸੇ 'ਚ ਅੰਗਹੀਣ ਤੇ ਜ਼ਖਮੀ ਹੋਏ ਬੱਚਿਆਂ ਦੀ ਪੰਜਾਬ ਸਰਕਾਰ ਨੇ ਕੋਈ ਸਾਰ ਨਹੀਂ ਲਈ। ਹਸਪਤਾਲ ਤੋਂ ਘਰ ਆਏ ਬੱਚਿਆਂ ਦੀ ਮਾਲੀ ਸਹਾਇਤਾ ਕਰਨ ਦੀ ਗੱਲ ਤਾਂ ਦੂਰ ਰਹੀ ਸਗੋਂ ਹਾਲ-ਚਾਲ ਪੁੱਛਣ ਲਈ ਵੀ ਨਾ ਤਾਂ ਕੋਈ ਲੀਡਰ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਕੋਲ ਪੁੱਜਾ। ਆਪਣੇ ਬੱਚਿਆਂ ਦਾ ਦਰਦ ਦੇਖ ਕੇ ਪੀੜਤ ਪਰਿਵਾਰ ਸਰਕਾਰ ਨੂੰ ਕੋਸ ਰਹੇ ਹਨ। ਸਰਕਾਰ ਦਾ ਇਕ ਪਾਸੇ ਉਕਤ ਮਾਮਲੇ ਸਬੰਧੀ ਨਾਕਾਰਾਤਮਕ ਵਤੀਰਾ ਹੈ, ਦੂਸਰੇ ਪਾਸੇ ਪੀੜਤ ਪਰਿਵਾਰਾਂ ਦੀ ਆਸ ਤੇ ਉਮੀਦ ਬਣਦਿਆਂ ਮਾਲੀ ਸਹਾਇਤਾ ਕਰਨ ਲਈ ਸਮਾਜ ਸੇਵਕ ਪੂਰਨ ਸਿੰਘ ਸੰਧੂ ਰਣੀਕੇ ਅੱਗੇ ਆਏ ਹਨ, ਜਿਨ੍ਹਾਂ ਪੀੜਤ ਪਰਿਵਾਰਾਂ ਨੂੰ 9 ਲੱਖ ਰੁਪਏ ਮਾਲੀ ਸਹਾਇਤਾ ਦੇਣ ਦਾ ਪ੍ਰਣ ਕੀਤਾ ਹੈ।
ਜਾਣਕਾਰੀ ਅਨੁਸਾਰ 24 ਫਰਵਰੀ 2018 ਨੂੰ ਪਿੰਡ ਘਣੂਪੁਰ ਵਿਖੇ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਵੱਲੋਂ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਬਾਹਰ ਸਤਨਾਮ ਸਿੰਘ ਨਾਂ ਦਾ ਵਿਅਕਤੀ ਆਪਣੀ ਸਕੂਟਰੀ 'ਤੇ ਗੈਸੀ ਗੁਬਾਰੇ ਵੇਚ ਰਿਹਾ ਸੀ, ਇਸੇ ਦੌਰਾਨ ਸਿਲੰਡਰ ਅਚਾਨਕ ਫਟ ਗਿਆ। ਇਸ ਹਾਦਸੇ ਵਿਚ ਸਤਨਾਮ ਸਿੰਘ ਸਮੇਤ 3 ਬੱਚਿਆਂ ਦੀਆਂ ਲੱਤਾਂ ਉਡ ਗਈਆਂ, ਜਦਕਿ ਦਰਜਨ ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਗੁਰਦੁਆਰਾ ਪ੍ਰਬੰਧਕਾਂ ਤੇ ਲੋਕਾਂ ਵੱਲੋਂ ਤੁਰੰਤ ਜ਼ਖਮੀਆਂ ਨੂੰ ਛੇਹਰਟਾ ਅਤੇ ਰੇਲਵੇ ਸਟੇਸ਼ਨ ਨਜ਼ਦੀਕ ਸਥਿਤ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਸਰਕਾਰ ਵੱਲੋਂ ਉਸ ਸਮੇਂ ਉਕਤ ਬੱਚਿਆਂ ਦਾ ਹਾਲ-ਚਾਲ ਪੁੱਛਣ ਲਈ ਆਪਣੇ ਵਿਧਾਇਕਾਂ, ਮੰਤਰੀਆਂ ਸਮੇਤ ਮੈਂਬਰ ਪਾਰਟੀਮੈਂਟ ਅਹੁਦਿਆਂ 'ਤੇ ਤਾਇਨਾਤ ਲੀਡਰਾਂ ਨੂੰ ਭੇਜਿਆ ਗਿਆ ਅਤੇ ਜ਼ਖਮੀਆਂ ਦਾ ਮੁਫਤ ਇਲਾਜ ਕਰ ਕੇ ਹੋਰ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ।
ਘਟਨਾ ਨੂੰ ਵਾਪਰੇ ਕਰੀਬ 2 ਮਹੀਨੇ ਹੋ ਗਏ ਹਨ ਪਰ ਅਫਸੋਸ ਦੀ ਗੱਲ ਹੈ ਕਿ ਮੌਜੂਦਾ ਸਰਕਾਰ ਦਾ ਨਾ ਤਾਂ ਕੋਈ ਲੀਡਰ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਬੱਚਿਆਂ ਦੀ ਮਾਲੀ ਸਹਾਇਤਾ ਕਰਨ ਲਈ ਪੀੜਤ ਪਰਿਵਾਰ ਦੇ ਘਰ ਪੁੱਜਾ ਹੈ। ਜਗ ਬਾਣੀ ਨੇ ਪੀੜਤ ਪਰਿਵਾਰਾਂ ਨਾਲ ਜਦੋਂ ਇਸ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਦਾ ਦੁੱਖ ਉਨ੍ਹਾਂ ਦੀਆਂ ਅੱਖਾਂ ਵਿਚ ਸਾਫ ਦੇਖਣ ਨੂੰ ਮਿਲਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਅਜੇ ਤੱਕ ਨਹੀਂ ਕੀਤੀ ਪੀੜਤ ਪਰਿਵਾਰਾਂ ਦੀ ਮਦਦ
ਦਰਦਨਾਕ ਹਾਦਸਾ ਵਾਪਰਨ ਨਾਲ ਸਾਰਾ ਪੰਜਾਬ ਝੰਜੋੜਿਆ ਗਿਆ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜ਼ਖਮੀ ਤੇ ਅੰਗਹੀਣ ਹੋਏ ਬੱਚਿਆਂ ਦੀ ਮਦਦ ਲਈ ਸਹਾਇਤਾ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਫਸੋਸ ਦੀ ਗੱਲ ਹੈ ਕਿ ਸਰਕਾਰ ਵਾਂਗ ਸ਼੍ਰੋਮਣੀ ਕਮੇਟੀ ਨੇ ਵੀ ਅਜੇ ਤੱਕ ਪੀੜਤ ਪਰਿਵਾਰਾਂ ਦੀ ਕੋਈ ਮਦਦ ਨਹੀਂ ਕੀਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੱਲੋਂ ਪ੍ਰਾਈਵੇਟ ਹਸਪਤਾਲ ਵਿਚ ਬੱਚਿਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਸੀ ਪਰ ਅਜੇ ਤੱਕ ਬੱਚਿਆਂ ਨੂੰ ਕੁਝ ਵੀ ਨਹੀਂ ਮਿਲਿਆ।
ਆਪਣੀ ਪਾਕੇਟ ਮਨੀ 'ਚੋਂ 13 ਸਾਲ ਦੇ ਬੱਚੇ ਨੇ ਦਿੱਤਾ 35 ਹਜ਼ਾਰ ਦਾ ਦਾਨ
ਪੂਰਨ ਸਿੰਘ ਸੰਧੂ ਰਣੀਕੇ ਦੇ ਦੋਹਤੇ ਅਰਮਾਨ ਗਿੱਲ (13) ਨੇ ਗੈਸ ਸਿਲੰਡਰ ਫਟਣ ਦੇ ਹਾਦਸੇ 'ਚ ਅੰਗਹੀਣ ਹੋ ਚੁੱਕੇ ਬੱਚਿਆਂ ਦੀ ਮਦਦ ਲਈ ਆਪਣੀ ਪਾਕੇਟ ਮਨੀ 'ਚੋਂ 35 ਹਜ਼ਾਰ ਰੁਪਏ ਦਾ ਦਾਨ ਕੀਤਾ ਹੈ। ਅਰਮਾਨ ਨੇ ਕਿਹਾ ਕਿ ਬੀਤੇ ਕੁਝ ਦਿਨ ਪਹਿਲਾਂ ਉਹ ਆਪਣੇ ਮਾਮੇ ਦੇ ਵਿਆਹ ਵਿਚ ਸਰਮਾਲਾ ਬਣਿਆ ਸੀ, ਉਸ ਸਮੇਂ ਕਾਫੀ ਪੈਸੇ ਇਕੱਠੇ ਹੋਏ ਸਨ ਅਤੇ ਉਸ ਪਹਿਲਾਂ ਵੀ ਉਹ ਪੈਸੇ ਜੋੜਦਾ ਰਿਹਾ ਸੀ ਪਰ ਮੈਂ ਆਪਣੇ ਨਾਨਾ ਸੰਧੂ ਰਣੀਕੇ ਨੂੰ ਪੀੜਤ ਬੱਚਿਆਂ ਲਈ ਦਾਨ ਇਕੱਠਾ ਕਰਦੇ ਦੇਖ ਕੇ ਖੁਦ ਦਾਨ ਕਰਨ ਤੋਂ ਨਹੀਂ ਰੁਕ ਸਕਿਆ। ਅਰਮਾਨ ਦੇ ਦਾਦਾ ਮੱਖਣ ਸਿੰਘ ਗਿੱਲ ਮਾਲੋਵਾਲ ਨੇ ਵੀ ਆਪਣੇ ਬੱਚੇ ਦੀ ਸੋਚ ਦੇਖ ਕੇ ਪੀੜਤ ਪਰਿਵਾਰਾਂ ਦੀ ਮਦਦ ਲਈ 50 ਹਜ਼ਾਰ ਰੁਪਏ ਦਾਨ ਕੀਤੇ।
ਇਨ੍ਹਾਂ ਨੇ ਕੀਤੀ ਮਦਦ
ਪੂਰਨ ਸਿੰਘ ਸੰਧੂ ਰਣੀਕੇ, ਅਟਾਰੀ ਟਰੱਕ ਯੂਨੀਅਨ, ਦਾਣਾ ਮੰਡੀ ਅਟਾਰੀ, ਕੁਲਦੀਪ ਸਿੰਘ, ਕਿਰਨਜੀਤ ਸਿੰਘ, ਮੇਜਰ ਸਿੰਘ ਰਣੀਕੇ, ਪਰਗਟ ਸਿੰਘ ਢੱਡੇ, ਰਣੀਕੇ ਪਿੰਡ ਦੇ ਇਲਾਕਾ ਨਿਵਾਸੀ, ਸਰਪੰਚ ਕੱਥੂਨੰਗਲ ਅੱਡੇ ਵਾਲੇ, ਭੂਸੇ ਪਿੰਡ ਦੇ ਇਲਾਕਾ ਨਿਵਾਸੀ, ਰਾਜੇਸ਼ ਸ਼ਰਮਾ ਖੇਤੀਬਾੜੀ ਅਫਸਰ, ਕੁਲਵਿੰਦਰ ਆਸਟਰੇਲੀਆ, ਮਹਿੰਦਰ ਸਿੰਘ ਬਾਗਾਂ ਵਾਲਾ, ਬੋਨੀ ਗਿੱਲ ਫਾਰਮ, ਸੰਧੂ ਕਾਲੋਨੀ ਵਾਲੇ, ਅਟਾਰੀ ਬਾਜ਼ਾਰ ਦੇ ਦੁਕਾਨਦਾਰ, ਰਮਨਦੀਪ, ਪਰਮਜੀਤ ਸਿੰਘ ਡੱਲੇਕੇ, ਬਾਦਲ ਰਣੀਕੇ, ਰਜਿੰਦਰ ਸਿੰਘ ਘਰਿੰਡਾ, ਸਰਬਜੀਤ ਰਣੀਕੇ, ਸੁਭਾਸ਼ ਆੜ੍ਹਤੀਆ ਅਟਾਰੀ, ਬਾਬਾ ਜੌਲੀ, ਸਰਬਜੀਤ ਭੁੱਲਰ, ਆਈ. ਸੀ. ਆਈ. ਸੀ. ਬੈਂਕ ਅਟਾਰੀ ਮੈਨੇਜਰ, ਰੰਧਾਵਾ ਐਕਸੀਅਨ, ਮਨਦੀਪ ਰਤਨ, ਤਹਿਸੀਲਦਾਰ ਗੁਰਵਰਿਆਮ ਸਿੰਘ ਆਦਿ ਵੱਲੋਂ ਪੂਰਨ ਸਿੰਘ ਸੰਧੂ ਰਣੀਕੇ ਨੂੰ ਪੀੜਤ ਪਰਿਵਾਰਾਂ ਦੀ ਮਦਦ ਲਈ 9 ਲੱਖ ਰੁਪਏ ਦੀ ਰਾਸ਼ੀ ਵਿਚ ਯੋਗਦਾਨ ਦਿੱਤਾ ਗਿਆ ਹੈ।
ਦੂਸਰੇ ਬੱਚਿਆਂ ਵਾਂਗ ਖੇਡਣਾ ਚਾਹੁੰਦਾ ਹੈ ਜਸ਼ਨਦੀਪ
ਜਸ਼ਨਦੀਪ ਸਿੰਘ (10) ਦੀ ਵੀ ਹਾਦਸੇ ਵਿਚ ਲੱਤ ਕੱਟੀ ਜਾ ਚੁੱਕੀ ਹੈ। ਉਸ ਦਾ ਪਰਿਵਾਰ ਕਾਫੀ ਗਰੀਬ ਹੈ ਅਤੇ ਕਿਰਾਏ 'ਤੇ ਰਹਿ ਰਿਹਾ ਹੈ। ਪਿਤਾ ਸਵਿੰਦਰ ਸਿੰਘ ਦੱਸਦੇ ਹਨ ਕਿ ਜਸ਼ਨਦੀਪ ਫੌਜੀ ਬਣਨਾ ਚਾਹੁੰਦਾ ਸੀ, ਜਦੋਂ ਆਪ੍ਰੇਸ਼ਨ ਤੋਂ ਬਾਅਦ ਉਸ ਨੂੰ ਹੋਸ਼ ਆਈ ਤਾਂ ਉਸ ਨੇ ਸਭ ਤੋਂ ਪਹਿਲਾਂ ਆਪਣੀ ਲੱਤ ਦੇਖੀ। ਕੱਟੀ ਲੱਤ ਨੂੰ ਦੇਖ ਕੇ ਕਹਿਣ ਲੱਗਾ ਕਿ ਪਾਪਾ ਮੈਂ ਫੌਜੀ ਤਾਂ ਬਣ ਜਾਵਾਂਗਾ। ਜਸ਼ਨਦੀਪ ਨੇ ਕਿਹਾ ਉਹ ਦੂਸਰੇ ਬੱਚਿਆਂ ਵਾਂਗ ਖੇਡਣਾ ਚਾਹੁੰਦਾ ਹੈ ਪਰ ਕੋਈ ਵੀ ਉਸ ਨਾਲ ਫੜੋ-ਫੜਾਈ ਵਾਲੀਆਂ ਖੇਡਾਂ ਨਹੀਂ ਖੇਡਦਾ।
ਮਾਂ ਦੇ ਦੁੱਖ 'ਚ ਭਾਈਵਾਲ ਬਣਨਾ ਚਾਹੁੰਦੈ ਲਵਪ੍ਰੀਤ
ਲਵਪ੍ਰੀਤ ਸਿੰਘ ਦੀਆਂ ਉਕਤ ਹਾਦਸੇ ਵਿਚ ਦੋਵਾਂ ਲੱਤਾਂ ਦਾ ਮਾਸ ਉਡ ਗਿਆ। ਉਸ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਗਈ ਹੈ, ਮਾਂ ਰਾਜਬੀਰ ਕੌਰ ਤੇ ਦਾਦੀ ਘਰ ਦਾ ਗੁਜ਼ਾਰਾ ਮਿਹਨਤ ਕਰ ਕੇ ਚਲਾ ਰਹੀਆਂ ਹਨ। ਲਵਪ੍ਰੀਤ ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਨੇ ਬਹੁਤ ਦੁੱਖ ਦੇਖੇ ਹਨ ਪਰ ਉਹ ਹੁਣ ਆਪਣੇ ਪਰਿਵਾਰ ਦੇ ਦੁੱਖ 'ਚ ਭਾਈਵਾਲ ਬਣ ਕੇ ਘਰ ਵਿਚ ਖੁਸ਼ਹਾਲੀ ਲਿਆਉਣਾ ਚਾਹੁੰਦਾ ਹੈ। ਮਾਂ ਰਾਜਬੀਰ ਕੌਰ ਨੇ ਦੱਸਿਆ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਵੱਲੋਂ ਕਾਫੀ ਮਦਦ ਕੀਤੀ ਜਾ ਰਹੀ ਹੈ ਪਰ ਜੇਕਰ ਸਰਕਾਰ ਉਨ੍ਹਾਂ ਦੀ ਮਦਦ ਕਰ ਦੇਵੇ ਤਾਂ ਚੰਗਾ ਹੋਵੇਗਾ।
ਅੰਗਹੀਣ ਹੋ ਚੁੱਕਾ ਗੁਰਪ੍ਰੀਤ ਭਵਿੱਖ 'ਚ ਬਣਨਾ ਚਾਹੁੰਦਾ ਸੀ ਪਾਇਲਟ
ਗੈਸ ਸਿਲੰਡਰ ਹਾਦਸੇ 'ਚ ਲੱਤ ਗੁਆ ਚੁੱਕਾ ਗੁਰਪ੍ਰੀਤ ਸਿੰਘ (13) ਵੱਡਾ ਹੋ ਕੇ ਪਾਇਲਟ ਬਣਨਾ ਚਾਹੁੰਦਾ ਸੀ। ਉਸ ਦਾ ਕਹਿਣਾ ਸੀ ਕਿ ਮੇਰਾ ਪਰਿਵਾਰ ਕਾਫੀ ਗਰੀਬ ਹੈ। ਆਪਣੇ ਭੈਣ-ਭਰਾਵਾਂ 'ਚੋਂ ਉਹ ਸਭ ਤੋਂ ਵੱਡਾ ਹੈ। ਉਸ ਦਾ ਸੁਪਨਾ ਸੀ ਕਿ ਉਹ ਪਾਇਲਟ ਬਣ ਕੇ ਘਰ ਦੀ ਗਰੀਬੀ ਨੂੰ ਦੂਰ ਕਰੇਗਾ ਪਰ ਹੁਣ ਉਹ ਬੇਵੱਸ ਹੈ। ਉਸ ਨੇ ਕਿਹਾ ਕਿ ਹੁਣ ਤਾਂ ਸਰਕਾਰ ਹੀ ਉਨ੍ਹਾਂ ਦੀ ਹਾਲਤ 'ਤੇ ਰਹਿਮ ਕਰੇ ਤੇ ਬੈਠਣ ਵਾਲੇ ਕੰਮ ਦੀ ਕੋਈ ਸਰਕਾਰੀ ਨੌਕਰੀ ਦੇ ਦੇਵੇ। ਗੁਰਪ੍ਰੀਤ ਦੀ ਮਾਂ ਰਾਜ ਕੌਰ ਨੇ ਕਿਹਾ ਕਿ ਵੱਡੇ ਪੁੱਤ 'ਤੇ ਬਹੁਤ ਉਮੀਦਾਂ ਸਨ, ਜਿਨ੍ਹਾਂ ਤੇ ਹੁਣ ਪਾਣੀ ਫਿਰ ਗਿਆ ਹੈ।
ਨਵਪ੍ਰੀਤ ਦੂਸਰੇ ਬੱਚਿਆਂ ਨੂੰ ਭੱਜਦਾ ਦੇਖ ਕੇ ਰੋਂਦਾ ਹੈ ਉੱਚੀ-ਉੱਚੀ
ਹਾਦਸੇ 'ਚ ਲੱਤ ਗੁਆ ਚੁੱਕੇ ਨਵਪ੍ਰੀਤ ਸਿੰਘ (11) ਦੂਸਰੇ ਬੱਚਿਆਂ ਨੂੰ ਭੱਜਦਾ ਦੇਖ ਕੇ ਉੱਚੀ-ਉੱਚੀ ਰੋ ਪੈਂਦਾ ਹੈ। ਉਸ ਦੀ ਦਾਦੀ ਕਸ਼ਮੀਰ ਕੌਰ ਦਾ ਕਹਿਣਾ ਹੈ ਕਿ ਇਸ ਦੇ ਛੋਟੇ ਭਰਾ ਰਾਜਬੀਰ ਨੇ ਬੀਤੇ ਦਿਨੀਂ ਇਸ ਨੂੰ ਕਿਹਾ ਕਿ ਵੀਰ ਤੂੰ ਪਹਿਲਾਂ ਬਹੁਤ ਭੱਜਦਾ ਸੀ ਅਤੇ ਸਾਡੇ ਕੋਲੋਂ ਫੜਿਆ ਨਹੀਂ ਜਾਂਦਾ ਪਰ ਹੁਣ ਤੂੰ ਭੱਜ ਕੇ ਦਿਖਾ, ਕਿੱਦਾਂ ਭੱਜੇਗਾ। ਇਹ ਸੁਣ ਕੇ ਨਵਪ੍ਰੀਤ ਸਿੰਘ ਉੱਚੀ-ਉੱਚੀ ਰੋਣ ਲੱਗ ਪਿਆ। ਉਸ ਨੇ ਕਿਹਾ ਕਿ ਸਰਕਾਰ ਨੂੰ ਬੱਚਿਆਂ ਦੀ ਸਹਾਇਤਾ ਲਈ ਸਰਕਾਰੀ ਨੌਕਰੀ ਦੇਣੀ ਚਾਹੀਦੀ ਹੈ ਤਾਂ ਜੋ ਬੱਚੇ ਭਵਿੱਖ ਵਿਚ ਕਿਸੇ 'ਤੇ ਨਿਰਭਰ ਨਾ ਰਹਿਣ।