ਗੈਸ ਏਜੰਸੀ ਖੋਲ੍ਹਣ ਦੇ ਨਾਂ ''ਤੇ 87 ਲੱਖ ਦੀ ਠੱਗੀ

07/23/2017 10:45:58 AM


ਸਮਰਾਲਾ(ਗਰਗ, ਬੰਗੜ)-ਸਥਾਨਕ ਪੁਲਸ ਨੇ ਗੁੜਗਾਓਂ ਦੀ ਇਕ ਘਰੇਲੂ ਗੈਸ ਕੰਪਨੀ ਦੇ ਚਾਰ ਡਾਇਰੈਕਟਰਾਂ ਤੇ ਕੰਪਨੀ ਦੇ ਐੱਮ. ਡੀ. ਖਿਲਾਫ ਸ਼ਹਿਰ 'ਚ ਘਰੇਲੂ ਗੈਸ ਏਜੰਸੀ ਖੋਲ੍ਹਣ ਦੇ ਨਾਂ 'ਤੇ ਕੀਤੀ ਗਈ 87 ਲੱਖ ਰੁਪਏ ਦੀ ਠੱਗੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਉਪਰੋਕਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਫਿਲਹਾਲ ਇਹ ਸਾਰੇ ਕਥਿਤ ਦੋਸ਼ੀ ਪੁਲਸ ਗ੍ਰਿਫਤਾਰੀ ਤੋਂ ਬਚਣ ਲਈ ਰੂਪੋਸ਼ ਹੋ ਗਏ ਹਨ। 
ਮਾਮਲੇ ਦੀ ਜਾਣਕਾਰੀ ਦਿੰਦਿਆਂ ਐੱਸ. ਐੱਚ. ਓ. ਸੰਜੇ ਕੁਮਾਰ ਨੇ ਦੱਸਿਆ ਕਿ ਪ੍ਰਾਚੀ ਗੈਸ ਬੋਟਲਿੰਗ ਪ੍ਰਾਈਵੇਟ ਲਿਮਟਿਡ ਨਾਂ ਦੀ ਇਕ ਘਰੇਲੂ ਗੈਸ ਸਪਲਾਈ ਕੰਪਨੀ ਨੇ 2012 'ਚ ਇਸ਼ਤਿਹਾਰ ਦੇ ਕੇ ਉੱਤਰ ਭਾਰਤ 'ਚ ਗੈਸ ਏਜੰਸੀਆਂ ਖੋਲ੍ਹਣ ਲਈ ਟੈਡਰ ਮੰਗੇ ਸਨ। ਇਸ ਇਸ਼ਤਿਹਾਰ ਨੂੰ ਵੇਖ ਕੇ ਸਮਰਾਲਾ ਵਾਸੀ ਸੁਖਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਸਿਵਲ ਲਾਈਨ ਤੇ ਉਸ ਦੇ ਹਿੱਸੇਦਾਰਾਂ ਨੇ ਕੰਪਨੀ ਨਾਲ ਸੰਪਰਕ ਕੀਤਾ ਤੇ ਏਜੰਸੀ ਲੈਣ ਲਈ 10 ਲੱਖ ਰੁਪਏ ਸਕਿਓਰਿਟੀ, 70 ਲੱਖ ਰੁਪਏ ਦੇ 1750 ਸਿਲੰਡਰ ਤੇ 7 ਲੱਖ ਰੁਪਏ ਗੈਸ ਰਿਫਿਲਿੰਗ ਲਈ ਕੰਪਨੀ ਦੇ ਬੈਂਕ ਖਾਤੇ 'ਚ ਜਮ੍ਹਾ ਕਰਵਾ ਦਿੱਤੇ। ਕੰਪਨੀ ਇਸ ਤੋਂ ਬਾਅਦ ਵੀ ਸ਼ਿਕਾਇਤਕਰਤਾ ਤੋਂ ਨਕਦ ਰੁਪਏ ਆਪਣੇ ਖਾਤੇ 'ਚ ਜਮ੍ਹਾ ਕਰਵਾਉਂਦੀ ਰਹੀ।
ਸ਼ਿਕਾਇਤਕਰਤਾ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਸਪਲਾਈ ਕੀਤੇ ਜਾਂਦੇ ਗੈਸ ਸਿਲੰਡਰਾਂ 'ਚ ਸਪਲਾਈ ਕੀਤੀ ਜਾਣ ਵਾਲੀ ਗੈਸ 'ਚ ਪਾਣੀ ਭਰਿਆ ਹੋਣ ਦੀਆਂ ਸ਼ਿਕਾਇਤਾਂ ਗਾਹਕਾਂ ਤੋਂ ਮਿਲਣ 'ਤੇ ਜਦੋਂ ਕੰਪਨੀ ਨਾਲ ਸੰਪਰਕ ਕੀਤਾ ਤਾਂ ਉਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਇਸ ਤਰ੍ਹਾਂ 6 ਮਹੀਨੇ ਕੰਪਨੀ ਮਨਮਰਜ਼ੀਆਂ ਕਰਦੀ ਹੋਈ ਉਸ ਨੂੰ ਤੰਗ-ਪ੍ਰੇਸ਼ਾਨ ਕਰਦੀ ਰਹੀ ਤੇ ਅਖੀਰ ਇਕ ਦਿਨ ਇਹ ਫਰਜ਼ੀ ਕੰਪਨੀ ਦੇ ਬੰਦ ਹੋ ਜਾਣ ਦੀ ਉਸ ਨੂੰ ਸੂਚਨਾ ਮਿਲੀ। ਕੰਪਨੀ ਦੇ ਡਾਇਰੈਕਟਰਾਂ ਨੇ ਉਸ ਨੂੰ ਉਸ ਦੀ ਰਕਮ ਵਾਪਿਸ ਕਰਨ ਦਾ ਵਾਅਦਾ ਵੀ ਕੀਤਾ ਪਰ ਉਸ ਨੂੰ ਪਤਾ ਲੱਗਿਆ ਕਿ ਇਹ ਫਰਜ਼ੀ ਕੰਪਨੀ ਇਸ ਤੋਂ ਪਹਿਲਾਂ ਵੀ ਵੱਖ-ਵੱਖ ਸੂਬਿਆਂ 'ਚ ਅਣਗਿਣਤ ਲੋਕਾਂ ਨਾਲ ਗੈਸ ਏਜੰਸੀ ਦੇਣ ਦੇ ਨਾਂ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰ ਚੁੱਕੀ ਹੈ ਤੇ ਪੰਜਾਬ ਸਮੇਤ ਕਈ ਹੋਰ ਰਾਜਾਂ 'ਚ ਇਸ ਕੰਪਨੀ ਖਿਲਾਫ ਅਪਰਾਧਿਕ ਮਾਮਲੇ ਦਰਜ ਹਨ। ਫਿਲਹਾਲ ਪੁਲਸ ਨੇ ਕੰਪਨੀ ਦੇ ਡਾਇਰੈਕਟਰਾਂ ਪਵਨ ਵਰਮਾ, ਦਲੀਪ ਵਰਮਾ, ਵਿਜੈ ਵਰਮਾ, ਰਾਕੇਸ਼ ਵਰਮਾ ਤੇ ਐੱਮ. ਡੀ. ਰਾਕੇਸ਼ ਪਾਂਡੇ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।