ਗਲੀ ''ਚ ਸੁੱਟੇ ਕੂੜੇ ਤੇ ਗੋਹੇ ਕਾਰਨ ਫੈਲ ਰਹੀ ਹੈ ਗੰਦਗੀ

11/27/2017 1:45:20 AM

ਕਾਠਗੜ੍ਹ,   (ਰਾਜੇਸ਼)-  ਮੁਹੱਲਾ ਸੈਦ ਨਵਾਬ ਦੀਆਂ ਦੋ ਗਲੀਆਂ ਦੇ ਵਿਚਕਾਰ ਪਈ ਜਗ੍ਹਾ 'ਤੇ ਲੋਕਾਂ ਵੱਲੋਂ ਸੁੱਟੇ ਜਾਂਦੇ ਕੂੜੇ ਤੇ ਗੋਹੇ ਕਾਰਨ ਰਾਹਗੀਰਾਂ ਤੇ ਮੁਹੱਲਾ ਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਕੁਝ ਲੋਕ ਘਰਾਂ ਦਾ ਕੂੜਾ ਤੇ ਗੋਹਾ ਗਲੀਆਂ ਨੇੜੇ ਸੁੱਟ ਰਹੇ ਹਨ, ਜਿਸ ਕਾਰਨ ਉਥੋਂ ਆਉਂਦੀ ਬਦਬੂ ਕਰਕੇ ਲੋਕਾਂ ਦਾ ਮਾੜਾ ਹਾਲ ਹੈ। ਇਸ ਤੋਂ ਇਲਾਵਾ ਇਨ੍ਹਾਂ ਗੰਦਗੀ ਦੇ ਢੇਰਾਂ ਤੋਂ ਕੁਝ ਹੀ ਦੂਰੀ 'ਤੇ ਡਾਕਘਰ ਵੀ ਹੈ, ਜਿਥੇ ਆਉਣ-ਜਾਣ ਵਾਲਿਆਂ ਨੂੰ ਵੀ ਗੰਦਗੀ ਕੋਲੋਂ ਲੰਘਣਾ ਪੈਂਦਾ ਹੈ। ਕਾਫੀ ਸਮੇਂ ਤੋਂ ਲੱਗ ਰਹੇ ਗੰਦਗੀ ਦੇ ਢੇਰਾਂ ਕਾਰਨ ਬੀਮਾਰੀਆਂ ਫੈਲਣ ਦਾ ਵੀ ਖਤਰਾ ਹੈ। ਜ਼ਿਕਰਯੋਗ ਹੈ ਕਿ ਕਾਫੀ ਸਮੇਂ ਤੋਂ ਕੱਚੀ ਪਈ ਇਸ ਗਲੀ ਨੂੰ ਮੌਜੂਦਾ ਸਰਪੰਚ ਨੇ ਪੱਕਾ ਕੀਤਾ ਸੀ ਤੇ ਸਾਫ ਕਰਵਾਇਆ ਸੀ। ਗੰਦਗੀ ਕਾਰਨ ਨਿਕਾਸੀ ਨਾਲਾ ਵੀ ਭਰ ਰਿਹਾ ਹੈ, ਜਿਸ ਕਾਰਨ ਨਿਕਾਸੀ 'ਚ ਰੁਕਾਵਟ ਵੀ ਪੈ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਕੂੜੇ ਦੇ ਢੇਰਾਂ ਨੂੰ ਸਾਫ ਕਰਵਾਇਆ ਜਾਵੇ ਤਾਂ ਜੋ ਕੋਈ ਬੀਮਾਰੀ ਨਾ ਫੈਲ ਸਕੇ।
ਕੂੜਾ ਸੁੱਟਣ ਵਾਲੇ 'ਤੇ ਹੋਵੇਗੀ ਕਾਰਵਾਈ : ਸਰਪੰਚ
ਮੁਹੱਲਾ ਸੈਦ ਨਵਾਬ ਨੇੜੇ ਗਲੀਆਂ ਕੋਲ ਸੁੱਟੇ ਜਾਂਦੇ ਕੂੜੇ ਤੇ ਗੋਹੇ ਸੰਬੰਧੀ ਸਰਪੰਚ ਡਾ. ਜੋਗਿੰਦਰ ਪਾਲ ਨੇ ਕਿਹਾ ਕਿ ਉਹ ਕੂੜੇ ਦੇ ਢੇਰਾਂ ਨੂੰ ਉਥੋਂ ਚੁਕਵਾ ਕੇ ਸਾਫ ਕਰਵਾ ਦੇਣਗੇ ਪਰ ਇਸ ਤੋਂ ਬਾਅਦ ਜੇਕਰ ਕਿਸੇ ਨੇ ਇਥੇ ਜਾਂ ਕਿਸੇ ਹੋਰ ਗਲੀ ਜਾਂ ਧਾਰਮਿਕ ਸਥਾਨ ਨੇੜੇ ਗੰਦਗੀ ਸੁੱਟੀ ਤਾਂ ਉਸ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।