ਜਲੰਧਰ: ਪ੍ਰੀਤ ਨਗਰ ’ਚ ਗੋਲ਼ੀਆਂ ਚਲਾਉਣ ਵਾਲੇ ਸ਼ੇਰੂ ਤੇ ਸੰਨੀ ਦੇ ਗੈਂਗਸਟਰ ਪੁਨੀਤ ਨਾਲ ਤਾਰ

06/13/2022 4:31:51 PM

ਜਲੰਧਰ (ਜ.ਬ.)- ਪ੍ਰੀਤ ਨਗਰ ਵਿਚ ਪੁਰਾਣੇ ਬੱਸ ਸਟੈਂਡ ਨੇੜੇ ਮੈਡੀਕਲ ਸ਼ਾਪ ਦੇ ਮਾਲਕ ’ਤੇ ਗੋਲ਼ੀਆਂ ਚਲਾਉਣ ਵਾਲੇ ਬਦਮਾਸ਼ ਸੰਨੀ ਅਤੇ ਸ਼ੇਰੂ ਗੈਂਗਸਟਰ ਪੁਨੀਤ ਸ਼ਰਮਾ ਦੇ ਸਾਥੀ ਰਹਿ ਚੁੱਕੇ ਹਨ। ਹੁਣ ਵੀ ਚਰਚਾ ਹੈ ਕਿ ਦੋਵੇਂ ਭਰਾ ਪੁਨੀਤ ਸ਼ਰਮਾ ਦੇ ਟੱਚ ਵਿਚ ਹੋ ਸਕਦੇ ਹਨ। ਸ਼ਨੀਵਾਰ ਦੇਰ ਰਾਤ ਪ੍ਰੀਤ ਨਗਰ ਗੋਲ਼ੀ ਕਾਂਡ ਤੋਂ ਬਾਅਦ ਸੰਨੀ ਅਤੇ ਸ਼ੇਰੂ ਖ਼ਿਲਾਫ਼ ਥਾਣਾ 8 ਦੀ ਪੁਲਸ ਨੇ ਕਤਲ ਦੀ ਕੋਸ਼ਿਸ਼ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਲਿਆ। ਵੱਖ-ਵੱਖ ਟੀਮਾਂ ਦੋਵਾਂ ਦੋਸ਼ੀਆਂ ਦੀ ਭਾਲ ਵਿਚ ਰੇਡ ਕਰਨ ਵਿਚ ਜੁਟ ਗਈਆਂ ਹਨ। ਪੁਲਸ ਇਲਾਕੇ ਦਾ ਡੰਪ ਡਾਟਾ ਵੀ ਚੁੱਕ ਰਹੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਦੋਸ਼ੀ ਕਿਹੜੇ ਮੋਬਾਇਲ ਨੰਬਰ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਪੁਲਸ ਨੇ ਪ੍ਰੀਤ ਨਗਰ ਰੋਡ ਦੇ ਸੀ. ਸੀ. ਟੀ. ਵੀ. ਕੈਮਰੇ ਵੀ ਚੈੱਕ ਕੀਤੇ ਤਾਂ ਕਿ ਦੋਸ਼ੀਆਂ ਦੇ ਰੂਟ ਦਾ ਪਤਾ ਲੱਗ ਸਕੇ ਕਿ ਉਹ ਕਿਹੜੇ ਪਾਸੇ ਭੱਜੇ ਹਨ।

ਥਾਣਾ 8 ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਪ੍ਰੀਤ ਨਗਰ ਵਾਸੀ ਦੋ ਭਰਾਵਾਂ ਸੰਨੀ ਅਤੇ ਸ਼ੇਰੂ ਦੀ ਭਾਲ ਵਿਚ ਲਗਾਤਾਰ ਛਾਪੇ ਮਾਰ ਰਹੀ ਹੈ। ਜਲਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲਸ ਦੋਵਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਪੁਲਸ ਨੇ ਐਤਵਾਰ ਦੋਸ਼ੀਆਂ ਦੀ ਭਾਲ ਵਿਚ ਕੁਝ ਥਾਵਾਂ ’ਤੇ ਛਾਪੇਮਾਰੀ ਕੀਤੀ ਪਰ ਉਹ ਨਹੀਂ ਮਿਲੇ। ਪੁਲਸ ਸੰਨੀ ਅਤੇ ਸ਼ੇਰੂ ਦੇ ਨਜ਼ਦੀਕੀ ਦੋਸਤਾਂ ਅਤੇ ਰਿਸ਼ਤੇਦਾਰਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸੰਨੀ ਅਤੇ ਸ਼ੇਰੂ ਖ਼ਿਲਾਫ਼ ਪਹਿਲਾਂ ਵੀ 10 ਦੇ ਲਗਭਗ ਕੇਸ ਦਰਜ ਹਨ।

ਇਹ ਵੀ ਪੜ੍ਹੋ: ਚਾਰ ਧਾਮ ਯਾਤਰਾ ’ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਦਰਸ਼ਨ ਕਰ ਪਰਤੇ ਸ਼ਰਧਾਲੂਆਂ ਨੇ ਸਾਂਝੇ ਕੀਤੇ ਤਜਰਬੇ

ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਦੋਸ਼ੀ ਇਕ ਪੁਲਸ ਅਧਿਕਾਰੀ ਲਈ ਮੁਖਬਰੀ ਵੀ ਕਰਦੇ ਸਨ ਪਰ ਇਸ ਦੌਰਾਨ ਉਨ੍ਹਾਂ ਦੇ ਹੌਂਸਲੇ ਖੁੱਲ੍ਹ ਗਏ। ਸ਼ੇਰੂ ਨਾਂ ਦਾ ਦੋਸ਼ੀ ਫਤਿਹ-ਅਮਨ ਗੈਂਗ ਨਾਲ ਹੁੰਦਾ ਸੀ। ਜਿਸ ਸਮੇਂ ਫਤਿਹ ਅਤੇ ਅਮਨ ਨੇ ਗਾਜ਼ੀਗੁੱਲਾ ਨੇੜੇ ਐਕਸਾਈਜ਼ ਟੀਮ ’ਤੇ ਗੋਲ਼ੀਆਂ ਚਲਾਈਆਂ ਸਨ, ਉਦੋਂ ਸ਼ੇਰੂ ਵੀ ਉਨ੍ਹਾਂ ਦੇ ਨਾਲ ਹੀ ਸੀ। ਉਦੋਂ ਉਕਤ ਮੁਲਜ਼ਮ ਆਪਣੀ ਵਿਰੋਧੀ ਧਿਰ ਦਾ ਟਰੈਪ ਲਾ ਕੇ ਬੈਠੇ ਸਨ ਪਰ ਗੱਡੀ ਵਿਚ ਐਕਸਾਈਜ਼ ਟੀਮ ਨਿਕਲੀ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਦੀ ਰਾਤ ਕਰੀਬ 12.15 ਵਜੇ ਜਦੋਂ ਪ੍ਰੀਤ ਨਗਰ ਵਾਸੀ ਗੌਰਵ ਅਤੇ ਸੌਰਵ ਆਪਣੀ ਮੈਡੀਕਲ ਸ਼ਾਪ ਬੰਦ ਕਰਕੇ ਘਰ ਵਾਪਸ ਪਰਤ ਰਹੇ ਸਨ ਤਾਂ ਪ੍ਰੀਤ ਨਗਰ ਪਹੁੰਚਦੇ ਹੀ ਸੰਨੀ ਅਤੇ ਸ਼ੇਰੂ ਨੇ ਉਨ੍ਹਾਂ ਦੀ ਗੱਡੀ ਰੁਕਵਾ ਲਈ ਅਤੇ ਧਮਕਾਉਣਾ ਸ਼ੁਰੂ ਕਰ ਦਿੱਤਾ। ਅਜਿਹੇ ਵਿਚ ਜਦੋਂ ਸੌਰਵ ਅਤੇ ਗੌਰਵ ਆਪਣੀ ਗੱਡੀ ਵਿਚ ਬੈਠਣ ਲੱਗੇ ਤਾਂ ਦੋਸ਼ੀਆਂ ਨੇ ਗੋਲ਼ੀ ਚਲਾ ਦਿੱਤੀ, ਜੋ ਗੱਡੀ ਦੇ ਬੋਨਟ ’ਤੇ ਲੱਗੀ ਅਤੇ ਗੌਰਵ ਨੇ ਗੱਡੀ ਭਜਾ ਲਈ। ਗੋਲ਼ੀ ਚੱਲਣ ਤੋਂ ਬਾਅਦ ਮੁਲਜ਼ਮ ਵੀ ਫਰਾਰ ਹੋ ਗਏ ਸਨ। ਪੁਲਸ ਨੇ ਮੌਕੇ ਤੋਂ ਇਕ ਗੋਲ਼ੀ ਦਾ ਖੋਲ ਬਰਾਮਦ ਕਰ ਲਿਆ ਸੀ। ਦੇਰ ਰਾਤ ਜਾਂਚ ਲਈ ਪੁਲਸ ਅਧਿਕਾਰੀ ਵੀ ਮੌਕੇ ’ਤੇ ਪਹੁੰਚ ਗਏ ਸਨ। ਜਾਂਚ ਦੌਰਾਨ ਪੀੜਤ ਧਿਰ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਸ਼ੇਰੂ ਨਾਲ ਕਿਸੇ ਤਰ੍ਹਾਂ ਦੀ ਕੋਈ ਰੰਜਿਸ਼ ਨਹੀਂ ਹੈ। ਪੀੜਤ ਨੌਜਵਾਨਾਂ ਕੋਲੋਂ ਪੈਸੇ ਮੰਗਣ ਦੀ ਗੱਲ ਵੀ ਅਫ਼ਵਾਹ ਨਿਕਲੀ।

ਇਹ ਵੀ ਪੜ੍ਹੋ: ਨਵੀਂ ਐਕਸਾਈਜ਼ ਪਾਲਿਸੀ ਨਾਲ ਵੱਡੇ ਗਰੁੱਪਾਂ ਦਾ ਟੁੱਟੇਗਾ ‘ਨੈਕਸਸ’, ਪਿਆਕੜਾਂ ਨੂੰ ਮਿਲਣਗੀਆਂ ਇਹ ਸਹੂਲਤਾਂ 

ਕਾਫ਼ੀ ਲੰਮੇ ਸਮੇਂ ਤੋਂ ਪੁਲਸ ਤੋਂ ਬਚਦੇ ਆਏ ਹਨ ਦੋਵੇਂ ਭਰਾ
ਸੰਨੀ ਅਤੇ ਸ਼ੇਰੂ ਕਾਫ਼ੀ ਸਮੇਂ ਤੋਂ ਸ਼ਹਿਰ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਵਿਗਾੜ ਰਹੇ ਹਨ ਪਰ ਇਸ ਦੇ ਬਾਵਜੂਦ ਉਹ ਹਰ ਵਾਰਦਾਤ ਤੋਂ ਬਾਅਦ ਗਾਇਬ ਹੋ ਜਾਂਦੇ ਹਨ। ਕਾਫ਼ੀ ਲੰਮੇ ਸਮੇਂ ਤੋਂ ਉਹ ਸ਼ਹਿਰ ਵਿਚ ਵਾਰਦਾਤਾਂ ਕਰ ਰਹੇ ਹਨ ਪਰ ਹੁਣ ਤੱਕ ਪੁਲਸ ਉਨ੍ਹਾਂ ਨੂੰ ਕਾਬੂ ਨਹੀਂ ਕਰ ਸਕੀ। ਇਨ੍ਹਾਂ ਦਾ ਨਾਂ ਜਬਰੀ ਵਸੂਲੀ ਨਾਲ ਵੀ ਜੁੜ ਚੁੱਕਾ ਹੈ ਕਿਉਂਕਿ ਬੀਤੇ ਸਾਲ ਸ਼ੇਰੂ ਅਤੇ ਸੰਨੀ ਨੇ ਇਕ ਸ਼ਰਾਬ ਸਮੱਗਲਰ ਦੇ ਘਰ ਦੇ ਬਾਹਰ ਵਸੂਲੀ ਨਾ ਦੇਣ ’ਤੇ ਫਾਇਰਿੰਗ ਕੀਤੀ ਸੀ, ਜਦਕਿ ਜਿਸ ਟਿੰਕੂ ਨਾਂ ਦੇ ਪੀ. ਵੀ. ਸੀ. ਕਾਰੋਬਾਰੀ ਨੂੰ ਪੁਨੀਤ ਨੇ ਜਾਨੋਂ ਮਾਰਿਆ ਸੀ, ਉਸ ’ਤੇ ਵੀ ਮੁਲਜ਼ਮ ਹਮਲਾ ਕਰ ਚੁੱਕੇ ਹਨ।

ਇਹ ਵੀ ਪੜ੍ਹੋ: ਮੂਸੇਵਾਲਾ ਦੇ ਨਾਂ ’ਤੇ ਸੰਗਰੂਰ ਜ਼ਿਮਨੀ ਚੋਣ ਲੜੇਗੀ ਕਾਂਗਰਸ, ਰਾਜਾ ਵੜਿੰਗ ਨੇ ਜਾਰੀ ਕੀਤਾ 'ਚੋਣ ਗਾਣਾ'

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News