ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਪ੍ਰਵਾਸੀ ਭਾਰਤੀ ਨੂੰ ਨਹੀਂ ਲੱਭ ਸਕੀ ਪੁਲਸ

11/14/2017 8:37:34 AM

ਮੋਗਾ (ਪਵਨ ਗਰੋਵਰ/ਗੋਪੀ ਰਾਊਕੇ/ਆਜ਼ਾਦ)-ਨਾਭਾ ਜੇਲ ਬ੍ਰੇਕ ਕਾਂਡ ਦੇ ਮਾਸਟਰ ਮਾਈਂਡ ਗੁਰਪ੍ਰੀਤ ਸਿੰਘ ਸੇਖੋਂ ਅਤੇ ਉਸ ਦੇ ਸਾਥੀਆਂ ਨੂੰ ਕਥਿਤ ਤੌਰ 'ਤੇ ਪਨਾਹ ਦੇਣ ਵਾਲੇ ਕੁਲਤਾਰ ਸਿੰਘ ਗੋਲਡੀ ਨੂੰ ਫੜਨ 'ਚ ਪੁਲਸ ਪਾਰਟੀ 9 ਮਹੀਨਿਆਂ ਬਾਅਦ ਵੀ ਖਾਲੀ ਹੱਥ ਹੈ।  ਸੂਤਰਾਂ ਦਾ ਦੱਸਣਾ ਹੈ ਕਿ ਪੁਲਸ ਪਾਰਟੀ ਗੋਲਡੀ ਨੂੰ ਲੱਭਣ 'ਚ ਨਾਕਾਮ ਰਹਿਣ ਮਗਰੋਂ ਹੁਣ ਇਹ ਸੋਚਣ ਲੱਗੀ ਹੈ ਕਿ ਆਖਿਰਕਾਰ ਉਸ ਨੂੰ ਖੁਦ ਹੀ ਪੁਲਸ ਕੋਲ ਸਰੰਡਰ ਕਰਨਾ ਪਵੇਗਾ ਕਿਉਂਕਿ ਕਥਿਤ ਦੋਸ਼ੀ ਦੀ ਪਾਸਪੋਰਟ ਸਬੰਧੀ ਐੱਲ. ਓ. ਸੀ. ਜਾਰੀ ਹੋ ਚੁੱਕੀ ਹੈ। 
ਦੱਸਣਾ ਬਣਦਾ ਹੈ ਕਿ ਨਾਭਾ ਦੀ ਸਖ਼ਤ ਸੁਰੱਖਿਆ ਵਾਲੀ ਜੇਲ 'ਚੋਂ ਭੱਜੇ ਗੈਂਗਸਟਰ ਸੇਖੋਂ ਅਤੇ ਉਸ ਦੇ ਤਿੰਨ ਸਾਥੀ ਐੱਨ. ਆਰ. ਆਈ. ਗੋਲਡੀ ਦੀ ਕੋਠੀ 'ਚ ਪਨਾਹ ਲੈ ਕੇ ਢੁੱਡੀਕੇ ਸਥਿਤ ਕੋਠੀ ਵਿਚ ਠਹਿਰੇ ਸਨ। ਗੋਲਡੀ 'ਤੇ ਦੋਸ਼ ਹੈ ਕਿ ਉਸ ਨੇ ਗੈਂਗਸਟਰਾਂ ਦੀ ਕਥਿਤ ਤੌਰ 'ਤੇ ਪੈਸਿਆਂ ਸਮੇਤ ਠਹਿਰਨ ਲਈ ਮਦਦ ਕੀਤੀ ਹੈ।  ਐੱਸ. ਪੀ. ਡੀ. ਵਜ਼ੀਰ ਸਿੰਘ ਖਹਿਰਾ ਦਾ ਕਹਿਣਾ ਹੈ ਕਿ ਗੈਂਗਸਟਰਾਂ ਤੋਂ ਪਨਾਹ ਦੇਣ ਵਾਲੇ ਸੇਖੋਂ ਦੇ ਸਾਲੇ ਨੂੰ ਤਾਂ ਮੋਗਾ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਕੇ ਪਹਿਲਾਂ ਹੀ ਜੇਲ ਭੇਜ ਦਿੱਤਾ ਗਿਆ ਹੈ ਪਰ ਗੋਲਡੀ ਦਾ ਕੋਈ ਪਤਾ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਸੈਸ਼ਨ ਕੋਰਟ ਤੋਂ ਬਾਅਦ ਹਾਈਕੋਰਟ 'ਚੋਂ ਹੀ ਦੋਸ਼ੀ ਦੀ ਜ਼ਮਾਨਤ ਖਾਰਜ ਹੋ ਚੁੱਕੀ ਹੈ ਅਤੇ ਗੈਂਗਸਟਰਾਂ ਨੂੰ ਕਾਬੂ ਕਰਨ ਲਈ ਮੋਗਾ ਪੁਲਸ ਵੱਲੋਂ ਪੂਰੀ ਮੁਸ਼ਤੈਦੀ ਨਾਲ ਕਾਰਵਾਈ ਕਰ ਰਹੀ ਹੈ।