ਫਿਰੋਜ਼ਪੁਰ ਜੇਲ੍ਹ ਵਿਵਾਦਾਂ 'ਚ, ਹਵਾਲਾਤੀ ਦੀ ਪਿੱਠ 'ਤੇ ਗਰਮ ਸਲਾਖਾਂ ਨਾਲ ਲਿਖਿਆ 'ਗੈਂਗਸਟਰ'

08/17/2022 7:57:44 PM

ਫਿਰੋਜ਼ਪੁਰ (ਕੁਮਾਰ) : ਮੋਬਾਈਲ ਫੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਲੰਬੇ ਸਮੇਂ ਤੋਂ ਚਰਚਾ ’ਚ ਚੱਲੀ ਆ ਰਹੀ ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀ ਤਰਸੇਮ ਸਿੰਘ ਜੋਧਾ ਦੀ ਪਿੱਠ ’ਤੇ ਪੰਜਾਬੀ ਭਾਸ਼ਾ 'ਚ ਲਿਖੇ 'ਗੈਂਗਸਟਰ' ਸ਼ਬਦ ਦੇ ਮਾਮਲੇ ਨੂੰ ਲੈ ਕੇ ਇਕ ਵਾਰ ਫਿਰ ਕੇਂਦਰੀ ਜੇਲ੍ਹ ਵਿਵਾਦਾਂ ਦੇ ਘੇਰੇ ’ਚ ਆ ਗਈ ਹੈ। ਅਦਾਲਤ ਦੇ ਆਦੇਸ਼ਾਂ ਅਨੁਸਾਰ ਜਦ ਤਰਸੇਮ ਜੋਧਾ ਦਾ ਹਸਪਤਾਲ ਵਿੱਚ ਮੈਡੀਕਲ ਹੋਣ ਲੱਗਾ ਤਾ ਡਾਕਟਰਾਂ ਨੇ ਦੇਖਿਆ ਕਿ ਉਸ ਦੀ ਪਿੱਠ ’ਤੇ ਪੰਜਾਬੀ ਭਾਸ਼ਾ ਵਿੱਚ 'ਗੈਂਗਸਟਰ' ਲਿਖਿਆ ਹੋਇਆ ਸੀ। ਹਵਾਲਾਤੀ ਨੇ ਦੋਸ਼ ਲਾਇਆ ਕਿ ਲੋਹੇ ਦੀਆਂ ਗਰਮ ਸਲਾਖਾਂ ਨਾਲ ਉਸ ਦੀ ਪਿੱਠ ’ਤੇ ਗੈਂਗਸਟਰ ਸ਼ਬਦ ਫਿਰੋਜ਼ਪੁਰ ਜੇਲ੍ਹ ਦੇ ਪੁਲਸ ਪ੍ਰਸ਼ਾਸਨ ਵੱਲੋਂ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ : 15 ਨੂੰ ਨਹੀਂ, 17 ਅਗਸਤ ਨੂੰ ਆਜ਼ਾਦ ਹੋਇਆ ਸੀ ਪੰਜਾਬ ਦਾ ਇਹ ਜ਼ਿਲ੍ਹਾ, ਇਤਿਹਾਸਕਾਰ ਨੇ ਕੀਤੇ ਵੱਡੇ ਖੁਲਾਸੇ

ਜਾਣਕਾਰੀ ਅਨੁਸਾਰ ਤਰਸੇਮ ਸਿੰਘ ਉਰਫ਼ ਜੋਧਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮਿਰਜ਼ਾਪੁਰ ਥਾਣਾ ਢਿੱਲਵਾਂ ਜ਼ਿਲ੍ਹਾ ਕਪੂਰਥਲਾ, ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ, ਜਿਸ ਨੂੰ ਅੱਜ ਪੇਸ਼ੀ ਲਈ ਕਪੂਰਥਲਾ ਦੀ ਅਦਾਲਤ ਵਿੱਚ ਲਿਜਾਇਆ ਗਿਆ, ਜਿੱਥੇ ਮਾਣਯੋਗ ਅਦਾਲਤ ਨੇ ਇਸ ਹਵਾਲਾਤੀ ਦਾ ਮੈਡੀਕਲ ਕਰਵਾਉਣ ਦੇ ਆਦੇਸ਼ ਦਿੱਤੇ। ਜਦੋਂ ਹਵਾਲਾਤੀ ਜੋਧਾ ਨੇ ਮੈਡੀਕਲ ਕਰਵਾਉਣ ਲਈ ਆਪਣੀ ਕਮੀਜ਼ ਉਤਾਰੀ ਤਾਂ ਉਸ ਦੀ ਪਿੱਠ ’ਤੇ ਲਿਖਿਆ ਇਹ ਸ਼ਬਦ ਦੇਖ ਕੇ ਹਸਪਤਾਲ ਦੇ ਡਾਕਟਰ ਅਤੇ ਸਟਾਫ਼ ਮੈਂਬਰ ਹੈਰਾਨ ਰਹਿ ਗਏ ਤੇ ਜਦੋਂ ਉਨ੍ਹਾਂ ਜੋਧਾ ਨੂੰ ਪੁੱਛਿਆ ਕਿ ਇਹ ਕਿਸ ਨੇ ਲਿਖਿਆ ਹੈ ਤਾਂ ਹਵਾਲਾਤੀ ਨੇ ਜਵਾਬ ਦਿੱਤਾ ਕਿ ਜੇਲ੍ਹ ’ਚ ਪੁਲਸ ਪ੍ਰਸ਼ਾਸਨ ਵੱਲੋਂ ਉਸ ਦੀ ਪਿੱਠ ’ਤੇ ਲੋਹੇ ਦੀਆਂ ਗਰਮ ਸਲਾਖਾਂ ਨਾਲ ਗੈਂਗਸਟਰ ਸ਼ਬਦ ਲਿਖਿਆ ਗਿਆ ਹੈ।

ਇਹ ਵੀ ਪੜ੍ਹੋ : ਟ੍ਰੀਟਮੈਂਟ ਪਲਾਂਟ 'ਚੋਂ ਮਿਲੀ ਨੌਜਵਾਨ ਦੀ ਲਾਸ਼, ਮੌਤ ਦਾ ਸੱਚ ਜਾਣ ਹੋ ਜਾਵੋਗੇ ਹੈਰਾਨ

ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਲਈ ਹਵਾਲਾਤੀ ਨੇ ਪਿੱਠ ’ਤੇ ਆਪਣੇ ਸਾਥੀ ਤੋਂ ਗੈਂਗਸਟਰ ਸ਼ਬਦ ਲਿਖਵਾਇਆ ਸੀ : ਡੀ.ਆਈ.ਜੀ.

ਦੂਜੇ ਪਾਸੇ ਡੀ.ਆਈ.ਜੀ. ਜੇਲ੍ਹ ਫਿਰੋਜ਼ਪੁਰ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਨੂੰ ਬਦਨਾਮ ਕਰਨ ਲਈ ਇਸ ਹਵਾਲਾਤੀ ਨੇ 7-8 ਦਿਨ ਪਹਿਲਾਂ ਆਪਣੀ ਪਿੱਠ ’ਤੇ ਗੈਂਗਸਟਰ ਸ਼ਬਦ ਲਿਖਵਾਇਆ ਸੀ। ਉਨ੍ਹਾਂ ਦੱਸਿਆ ਕਿ ਹਵਾਲਾਤੀਆਂ ਦੇ 2 ਗੁੱਟਾਂ ਵਿੱਚ ਕੁਝ ਦਿਨ ਪਹਿਲਾਂ ਝਗੜਾ ਹੋ ਗਿਆ ਸੀ ਅਤੇ ਜੇਲ੍ਹ ਪ੍ਰਸ਼ਾਸਨ ਵੱਲੋਂ ਦੋਵਾਂ ਧਿਰਾਂ ਨੂੰ ਵੱਖ-ਵੱਖ ਕਰ ਦਿੱਤਾ ਗਿਆ ਸੀ ਤਾਂ ਇਸ ਹਵਾਲਾਤੀ ਨੇ ਆਪਣੀ ਪਿੱਠ ’ਤੇ ਆਪਣੇ ਸਾਥੀ ਤੋਂ ਗੈਂਗਸਟਰ ਸ਼ਬਦ ਲਿਖਵਾ ਲਿਆ ਤੇ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਇਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਇਸ ਨੇ ਆਪਣੀ ਗਲਤੀ ਲਈ ਜੇਲ ਪ੍ਰਸ਼ਾਸਨ ਤੋਂ ਮੁਆਫੀ ਮੰਗ ਲਈ ਸੀ।

ਇਹ ਵੀ ਪੜ੍ਹੋ : ਨਵੇਂ ਰੇਲ ਲਿੰਕ ਦੀ ਉਸਾਰੀ, ਬ੍ਰਿਜ ਤੇ ਲਾਈਨਾਂ ਦੇ ਬਿਜਲੀਕਰਨ ਦੇ ਕੰਮ ਤੈਅ ਸਮੇਂ 'ਚ ਮੁਕੰਮਲ ਕੀਤੇ ਜਾਣ : ਜੰਜੂਆ

ਜੇਲ੍ਹ ਪ੍ਰਸ਼ਾਸਨ ਸਮਝਿਆ ਕਿ ਸ਼ਾਇਦ ਇਹ ਸੁਧਰ ਜਾਵੇਗਾ, ਇਸ ਲਈ ਇਸ ਮਾਮਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ ਤੇ ਅੱਜ ਮੌਕਾ ਪਾ ਕੇ ਅਦਾਲਤ ’ਚ ਫਿਰੋਜ਼ਪੁਰ ਦੇ ਜੇਲ੍ਹ ਪ੍ਰਸ਼ਾਸਨ ’ਤੇ ਹੀ ਝੂਠੇ ਦੋਸ਼ ਲਗਾ ਦਿੱਤੇ ਗਏ। ਉਨ੍ਹਾਂ ਕਿਹਾ ਕਿ ਹਵਾਲਾਤੀ ਤਰਸੇਮ ਜੋਧਾ ਦੇ ਖ਼ਿਲਾਫ਼ ਕਾਰਵਾਈ ਕਰਨ ਲਈ ਜੇਲ੍ਹ ਪ੍ਰਸ਼ਾਸਨ ਨੇ ਐੱਸ.ਐੱਸ.ਪੀ. ਫਿਰੋਜ਼ਪੁਰ ਨੂੰ ਪੱਤਰ ਲਿਖਿਆ ਹੈ ਅਤੇ ਕਾਨੂੰਨੀ ਰਾਇ ਲੈਣ ਤੋਂ ਬਾਅਦ ਪੁਲਸ ਵੱਲੋਂ ਇਸ ਦੇ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ। ਪੁੱਛਣ ’ਤੇ ਉਨ੍ਹਾਂ ਦੱਸਿਆ ਕਿ ਜੋਧਾ ਕੋਈ ਗੈਂਗਸਟਰ ਨਹੀਂ, ਬਲਕਿ ਛੋਟੀਆਂ-ਮੋਟੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ’ਚ ਸ਼ਾਮਲ ਹੈ ਅਤੇ ਉਸ ਨੂੰ ਕਪੂਰਥਲਾ ਤੋਂ ਬਦਲ ਕੇ ਫਿਰੋਜ਼ਪੁਰ ਜੇਲ੍ਹ ਭੇਜਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

Mukesh

This news is Content Editor Mukesh