ਗਿਆਨਾ ਖਰਲਾਂਵਾਲਾ 6 ਦਿਨ ਦੇ ਪੁਲਸ ਰਿਮਾਂਡ ''ਤੇ, 3 ਹੋਰ ਸਾਥੀਆਂ ਨੂੰ ਭੇਜਿਆ ਜੇਲ

06/24/2017 12:22:25 PM

ਗੁਰਦਾਸਪੁਰ (ਵਿਨੋਦ)-ਗੈਂਗਸਟਰ ਵਿੱਕੀ ਗੌਂਡਰ ਦੇ ਨਜ਼ਦੀਕੀ ਤੇ ਨਾਭਾ ਜੇਲ ਬ੍ਰੇਕ ਦਾ ਮੁੱਖ ਦੋਸ਼ੀ ਗਿਆਨਾ ਖਰਲਾਂਵਾਲਾ ਸਮੇਤ ਜ਼ਿਲਾ ਪੁਲਸ ਵੱਲੋਂ ਗ੍ਰਿਫ਼ਤਾਰ ਉਸ ਦੇ 3 ਹੋਰ ਸਾਥੀਆਂ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ।  ਡਿਊਟੀ ਮੈਜਿਸਟ੍ਰੇਟ ਨੇ ਗਿਆਨਾ ਖਰਲਾਂਵਾਲਾ ਦਾ ਪੁਲਸ ਰਿਮਾਂਡ ਤਾਂ 6 ਦਿਨ ਲਈ ਵਧਾ ਦਿੱਤਾ, ਜਦਕਿ ਉਸ ਦੇ 3 ਸਾਥੀਆਂ ਨੂੰ 14 ਦਿਨ ਦੇ ਨਿਆਇਕ ਰਿਮਾਂਡ 'ਤੇ ਜੇਲ ਭੇਜਣ ਦਾ ਹੁਕਮ ਸੁਣਾਇਆ। 
ਪੁਲਸ ਮੁਖੀ ਡਿਟੈਕਟਿਵ ਹਰਪਾਲ ਸਿੰਘ ਨੇ ਦੱਸਿਆ ਕਿ ਗੈਂਗਸਟਰ ਵਿੱਕੀ ਗੌਂਡਰ ਦੇ ਨਜ਼ਦੀਕੀ ਸਾਥੀ ਤੇ ਵਿੱਕੀ ਗੌਂਡਰ ਆਦਿ ਨੂੰ ਨਾਭਾ ਜੇਲ ਤੋਂ ਭਜਾਉਣ ਦੇ ਮੁੱਖ ਦੋਸ਼ੀ ਗਿਆਨਾ ਖਰਲਾਂਵਾਲਾ ਨੂੰ ਜ਼ਿਲਾ ਪੁਲਸ ਨੇ 10 ਜੂਨ ਨੂੰ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਸੜਕ ਬੇਰੀ ਮੋੜ 'ਤੇ ਮੁਠਭੈੜ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਸੀ, ਜਦਕਿ ਉਸ ਦੇ 3 ਹੋਰ ਸਾਥੀ ਤਲਵੰਡੀ ਪਿੰਡ ਦੇ ਅਕਾਲੀ ਸਰਪੰਚ ਜਗਰੂਪ ਸਿੰਘ, ਪਿੰਡ ਕੈਲੇਕਲਾਂ ਨਿਵਾਸੀ ਗਗਨਦੀ ਸਿੰਘ ਤੇ ਮਨਬੀਰ ਸਿੰਘ ਨਿਵਾਸੀ ਬੱਬੇਹਾਲੀ ਨੂੰ ਗਿਆਨਾ ਖਰਲਾਂਵਾਲਾ ਤੋਂ ਪੁੱਛਗਿੱਛ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ।  ਮਨਬੀਰ ਸਿੰਘ ਨਿਵਾਸੀ ਪਿੰਡ ਬੱਬੇਹਾਲੀ ਨੂੰ 20 ਅਪ੍ਰੈਲ ਨੂੰ ਗੁਰਦਾਸਪੁਰ ਵਿਚ ਹੋਈ ਗੈਂਗਵਾਰ ਜਿਸ ਵਿਚ ਵਿੱਕੀ ਗੌਂਡਰ ਨੇ ਗੈਂਗਸਟਰ ਸੂਬੇਦਾਰ ਸਮੇਤ 3 ਲੋਕਾਂ ਦੀ ਹੱਤਿਆ ਕੀਤੀ ਸੀ, ਵਿਚ ਪੁਲਸ ਨੂੰ ਭਗੌੜਾ ਸੀ ਤੇ ਗਿਆਨਾ ਖਰਲਾਂਵਾਲਾ ਵੀ ਇਸ ਗੈਂਗਵਾਰ ਵਿਚ ਸ਼ਾਮਲ ਸੀ।