ਮਾਡਲ ਨੂੰ ਧਮਕੀਆਂ ਦੇਣ ਦੇ ਦੋਸ਼ਾਂ ਦਾ ਗੈਂਗਸਟਰ ਵਿੱਕੀ ਗੌਂਡਰ ਨੇ ਕੀਤਾ ਖੰਡਨ, ਦਿੱਤੀ ਇਹ ਸਫਾਈ

07/19/2017 5:57:57 PM

ਮੋਹਾਲੀ - ਪੰਜਾਬ 'ਚ ਮਸ਼ਹੂਰ ਗਾਇਕ ਜਰਨੈਲ ਸਿੰਘ ਜੈਲੀ 'ਤੇ ਗੈਂਗਰੇਪ ਦੇ ਇਲਜ਼ਾਮ ਲਾਉਣ ਵਾਲੀ ਮਾਡਲ ਤੇ ਅਦਾਕਾਰ ਨੂੰ ਗੈਂਗਸਟਰ ਵਿੱਕੀ ਗੌਂਡਰ ਦੇ ਨਾਂ 'ਤੇ ਫੋਨ 'ਤੇ ਮਿਲ ਰਹੀਆਂ ਧਮਕੀਆਂ ਦੇ ਮਾਮਲੇ 'ਚ ਟਵੀਟ ਆ ਗਿਆ ਹੈ। ਵਿੱਕੀ ਗੌਂਡਰ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਪੋਸਟ ਕੀਤਾ ਹੈ, ਜਿਸ 'ਚ ਉਸ ਨੇ ਕਿਹਾ ਕਿ ਮਾਡਲ ਨੇ ਜੋ ਇਲਜ਼ਾਮ ਲਾਏ ਹਨ, ਉਹ ਉਨ੍ਹਾਂ ਬਾਰੇ ਵਿਚ ਕੁਝ ਨਹੀਂ ਜਾਣਦਾ। ਉਥੇ ਹੀ ਉਸ ਨੇ ਇੰਕਸਾਫ ਕੀਤਾ ਹੈ ਕਿ ਉਨ੍ਹਾਂ ਦੇ ਗਰੁੱਪ ਵਲੋਂ ਕੋਈ ਧਮਕੀ ਨਹੀਂ ਦਿੱਤੀ ਗਈ।
ਉਸ ਨੇ ਆਪਣੇ ਪੋਸਟ 'ਚ ਲਿਖਿਆ ਹੈ ਕਿ ਜਿਹੜੇ ਲੋਕ ਉਸਦੇ ਨਾਂ ਦੀ ਗਲਤ ਵਰਤੋਂ ਕਰ ਰਹੇ ਹਨ, ਉਹ ਉਨ੍ਹਾਂ ਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਉਸ ਨੂੰ ਇਕ-ਦੋ ਕਤਲ ਕਰਨ ਨਾਲ ਕੋਈ ਫਰਕ ਨਹੀਂ ਪੈਂਦਾ। ਉਸ ਨੇ ਲਿਖਿਆ ਹੈ ਕਿ ਲੋਕਾਂ ਨੇ ਮੇਰਾ ਨਾਂ ਗਲਤ ਵਰਤ ਕੇ ਆਪਣੀ ਜਾਨ ਗੁਆ ਲੈਣੀ ਹੈ। ਇੰਨਾ ਹੀ ਨਹੀਂ, ਉਸ ਨੇ ਅਖੀਰ 'ਚ ਸਮਾਜ ਦੇ ਲੋਕਾਂ ਨੂੰ ਨਸੀਹਤ ਦਿੱਤੀ ਕਿ ਗਰੀਬਾਂ ਦੀ ਸਹਾਇਤਾ ਕਰੋ, ਔਰਤਾਂ ਦਾ ਸਨਮਾਨ ਕਰੋ। ਉਸਨੇ ਕੰਨਿਆ ਬਚਾਅ ਦਾ ਸੁਨੇਹਾ ਵੀ ਦਿੱਤਾ।
ਕੈਬਨਿਟ ਮੰਤਰੀ ਰਾਣਾ ਦੇ ਪ੍ਰੋਗਰਾਮ 'ਚ ਲਿਆ ਸੀ ਗੌਂਡਰ ਦਾ ਨਾਂ 
ਫੇਜ਼-6 ਸਥਿਤ ਸ਼ਿਵਾਲਿਕ ਪਬਲਿਕ ਸਕੂਲ 'ਚ ਵੀਰਵਾਰ ਨੂੰ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪ੍ਰੋਗਰਾਮ 'ਚ ਉਸ ਸਮੇਂ ਮਾਹੌਲ ਭਖ ਗਿਆ ਸੀ, ਜਦੋਂ ਰੇਪ ਪੀੜਤ ਪੰਜਾਬੀ ਮਾਡਲ ਤੇ ਅਦਾਕਾਰਾ ਪ੍ਰੋਗਰਾਮ 'ਚ ਪਹੁੰਚ ਗਈ ਤੇ ਪ੍ਰੋਗਰਾਮ 'ਚ ਖੜ੍ਹੀ ਹੋ ਕੇ ਇਨਸਾਫ ਦੀ ਗੁਹਾਰ ਲਾਉਣ ਲੱਗੀ। ਇਸ ਦੌਰਾਨ ਮਾਡਲ ਮੰਤਰੀ ਤਕ ਨਾ ਪਹੁੰਚ ਜਾਵੇ, ਜਿਸ ਕਾਰਨ ਪੁਲਸ ਮੁਲਾਜ਼ਮਾਂ ਨੇ ਉਸ ਨੂੰ ਰੋਕ ਲਿਆ। ਇਸ ਦੌਰਾਨ ਔਰਤ ਚੀਕਣ ਲੱਗੀ। ਇਸੇ ਦੌਰਾਨ ਮੰਤਰੀ ਦੀ ਨਜ਼ਰ ਔਰਤ 'ਤੇ ਪੈ ਗਈ। ਮੰਤਰੀ ਨੇ ਔਰਤ ਨੂੰ ਕਿਹਾ ਕਿ ਉਹ ਉਸ ਨੂੰ ਮਿਲ ਕੇ ਜਾਣਗੇ, ਨਾਲ ਹੀ ਪੁਲਸ ਨੂੰ ਉਸ ਨੂੰ ਕਮਰੇ 'ਚ ਬਿਠਾਉਣ ਲਈ ਕਿਹਾ। ਮੰਤਰੀ ਨੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਔਰਤ ਦਾ ਸਾਰਾ ਦਰਦ ਸੁਣਿਆ। ਔਰਤ ਦਾ ਇਲਜ਼ਾਮ ਸੀ ਕਿ ਰੇਪ ਕੇਸ ਤੋਂ ਬਾਅਦ ਉਸਦਾ ਜੀਵਨ ਪੂਰੀ ਤਰ੍ਹਾਂ ਖਰਾਬ ਹੋ ਗਿਆ ਹੈ। ਉਸ ਨੂੰ ਗੈਂਗਸਟਰ ਵਿੱਕੀ ਗੌਂਡਰ ਦੇ ਨਾਂ ਦੀਆਂ ਧਮਕੀਆਂ ਮਿਲ ਰਹੀਆਂ ਹਨ, ਉਸ ਨੂੰ ਮੈਸੇਜ ਤੇ ਵਟਸਐਪ 'ਤੇ ਕਾਲ ਆ ਰਹੀ ਹੈ।