ਗੁਰਦਾਸਪੁਰ ''ਚ ਲੱਗੇ ਗੈਂਗਸਟਰ ਵਿੱਕੀ ਗੌਂਡਰ ਤੇ ਸਾਥੀਆਂ ਦੇ ਪੋਸਟਰ, ਪੁਲਸ ਨੇ ਕੀਤਾ ਵੱਡਾ ਐਲਾਨ (ਤਸਵੀਰਾਂ)

05/11/2017 2:21:51 PM

ਗੁਰਦਾਸਪੁਰ (ਦੀਪਕ) : ਬੁੱਧਵਾਰ ਨੂੰ ਗੁਰਦਾਸਪੁਰ ਸ਼ਹਿਰ ਅੰਦਰ ਪੁਲਸ ਪ੍ਰਸ਼ਾਸਨ ਵੱਲੋਂ ਜਗ੍ਹਾ-ਜਗ੍ਹਾ ਤੇ ਵਿੱਕੀ ਗੌਂਡਰ ਅਤੇ ਸਾਥੀਆਂ ਦੇ ਪੋਸਟ ਲਗਾ ਦਿੱਤੇ ਗਏ। ਗੈਂਗਸਟਰ ਵਿੱਕੀ ਗੌਂਡਰ ਅਤੇ ਸਾਥੀਆਂ ਵਲੋਂ 20 ਅਪ੍ਰੈਲ ਨੂੰ ਦਿਨ ਦਿਹਾੜੇ 2 ਵਜੇ ਪਿੰਡ ਕੋਠੇ ਨਜ਼ਦੀਕ ਕਾਹਨੂੰਵਾਨ ਚੌਂਕ ਬਾਈਪਾਸ ਤੇ ਤਿੰਨ ਗੈਂਗਸਟਰਾਂ ਨੂੰ ਸ਼ਰੇਆਮ ਗੋਲੀਆਂ ਮਾਰ ਕੇ ਭੁੰਨ ਸੁੱਟਿਆ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ। 20 ਦਿਨ ਬੀਤਣ ਦੇ ਬਾਵਜੂਦ ਵੀ ਪੁਲਸ ਦੇ ਹੱਥ ਉਕਤ ਦੋਸ਼ੀ ਨਹੀਂ ਚੜ੍ਹੇ। ਪੁਲਸ ਵੱਲੋਂ ਬੁੱਧਵਾਰ ਨੂੰ ਗੈਂਗਸਟਰ ਵਿੱਕੀ ਗੌਂਡਰ ਅਤੇ ਉਸ ਦੇ ਸਾਥੀ ਗੈਂਗਸਟਰ ਹੈਪੀ ਮਜੀਠੀਆ, ਗੈਂਗਸਟਰ ਗਿਆਨ ਖਰਲ, ਗੈਂਗਸਟਰ ਸੁੱਖ ਭਿਖਾਰੀਵਾਲ ਆਦਿ ਦੇ ਪੋਸਟਰ ਜਾਰੀ ਕੀਤੇ ਗਏ ਹਨ ਅਤੇ ਪੂਰੇ ਇਲਾਕੇ ''ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲੇ ਦੇ ਐੱਸ.ਐੱਸ.ਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਨੂੰ ਫੜਨ ਲਈ ਪੁਲਸ ਦੇ ਸੀਨੀਅਰ ਅਧਿਕਾਰੀਆਂ ਵਲੋਂ ਗੈਂਗਸਟਰਾਂ ਦੇ ਪੋਸਟਰ ਲਗਾਉਣ ਦੇ ਆਦੇਸ਼ ਦਿੱਤੇ ਗਏ ਸਨ। ਜਿਸ ਤੋਂ ਬਾਅਦ ਇਨ੍ਹਾਂ ਦੇ ਪੋਸਟਰ ਜਾਰੀ ਕਰਕੇ ਸ਼ਹਿਰ ਅੰਦਰ ਲਗਾ ਦਿੱਤੇ ਗਏ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਂਗਸਟਰਾਂ ਦੀ ਇਤਲਾਹ ਦੇਣ ਵਾਲੇ ਨੂੰ ਪੁਲਸ ਵੱਲੋਂ ਢੁੱਕਵਾਂ ਇਨਾਮ ਦਿੱਤਾ ਜਾਵੇਗਾ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।  
ਜ਼ਿਕਰਯੋਗ ਹੈ ਕਿ ਗੁਰਦਾਸਪੁਰ ਸ਼ਹਿਰ ਦੇ ਕਾਹਨੂੰਵਾਨ ਰੋਡ ਬਾਈਪਾਸ ਤੇ 20 ਅਪ੍ਰੈਲ ਨੂੰ ਪੰਜ ਨੌਜਵਾਨ ਆਪਣੀ ਕਾਰ ''ਤੇ ਸਵਾਰ ਹੋ ਕੇ ਜਾ ਰਹੇ ਸੀ, ਜਿਨ੍ਹਾਂ ਵਿਚ ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਸੂਬੇਦਾਰ, ਸੁਖਚੈਨ ਸਿੰਘ ਉਰਫ ਲਾਡੀ, ਦਮਨ ਮਹਾਜਨ, ਹੈਪੀ ਅਤੇ ਪ੍ਰਿੰਸ ਵਾਸੀ ਪਿੰਡ ਝਾਵਰ ਆਪਣੀ ਕਾਰ ''ਤੇ ਗੁਰਦਾਸਪੁਰ ਅਦਾਲਤ ਤੋਂ ਪੇਸ਼ੀ ਭੁਗਤ ਕੇ ਵਾਪਸ ਆ ਰਹੇ ਸੀ ਕਿ ਕਾਹਨੂੰਵਾਨ ਰੋਡ ਬਾਈਪਾਸ ਨੇੜੇ ਪੰਜੇ ਗੈਂਗਸਟਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ ਤਿੰਨ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਦੱਸ ਦਈਏ ਕਿ ਗੈਂਗਸਟਰ ਵਿੱਕੀ ਗੌਂਡਰ ਪਟਿਆਲਾ ਦੀ ਨਾਭਾ ਜੇਲ ਵਿਚੋਂ ਫਰਾਰ ਹੋ ਗਿਆ ਸੀ, ਜੋ ਅਜੇ ਤੱਕ ਪੁਲਸ ਦੇ ਹੱਥ ਨਹੀਂ ਆਇਆ ਹੈ ਅਤੇ ਗੁਰਦਾਸਪੁਰ ਕਾਂਡ ਵਿਚ ਪਹਿਲੀ ਵਾਰ ਸਾਹਮਣੇ ਆਇਆ ਸੀ। ਘਟਨਾ ਨੂੰ ਅੰਜਾਮ ਦੇ ਕੇ ਵਿੱਕੀ ਗੌਂਡਰ ਫਿਰ ਲੁਕ ਗਿਆ ਹੈ ਜਿਸ ਨੂੰ ਦਬੋਚਣ ਲਈ ਪੁਲਸ ਕੋਸ਼ਿਸ਼ਾਂ ਕਰ ਰਹੀ ਹੈ।

Gurminder Singh

This news is Content Editor Gurminder Singh