ਗੈਂਗਸਟਰ ਵਿੱਕੀ ਗੌਂਡਰ ਨੇ ਫਿਰ ਅਪਡੇਟ ਕੀਤੀ ਫੇਸਬੁੱਕ, ਇਹ ਲਿਖ ਕੇ ਵਿਰੋਧੀਆਂ ਨੂੰ ਦਿੱਤੀ ਵੱਡੀ ਧਮਕੀ

08/23/2017 7:40:22 PM

ਜਲੰਧਰ : ਬੀਤੇ ਸਾਲ ਨਾਭਾ ਜੇਲ ਤੋੜ ਕੇ ਫਰਾਰ ਹੋਣ ਤੋਂ ਬਾਅਦ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦਾਸਪੁਰ 'ਚ ਦਿਨ ਦਿਹਾੜੇ ਤਿੰਨ ਨੌਜਵਾਨਾਂ ਨੂੰ ਕਤਲ ਕਰਨ ਵਾਲੇ ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਨੇ ਇਕ ਵਾਰ ਫਿਰ ਆਪਣੇ ਵਿਰੋਧੀਆਂ ਨੂੰ ਧਮਕੀ ਦਿੱਤੀ ਹੈ। ਵਿੱਕੀ ਗੌਂਡਰ ਨੇ ਆਪਣੇ ਫੇਸਬੁੱਕ ਪੇਜ 'ਤੇ ਵਿਰੋਧੀਆਂ ਨੂੰ ਧਮਕੀ ਦਿੰਦਿਆਂ ਲਿਖਿਆ ਹੈ ਕਿ ਉਹ ਇਹ ਨਾ ਸੋਚਣ ਕਿ ਮੈਂ ਬਾਹਰ ਆ ਗਿਆ ਹਾਂ ਤੁਸੀਂ ਬਸ ਵੇਟ ਕਰੋ ਨਵਾਂ ਸਾਲ ਦੇਖਣ ਨੂੰ ਤੁਹਾਨੂੰ ਜਿਊਂਦਾ ਨਹੀਂ ਛੱਡਣਾ। ਵਿੱਕੀ ਗੌਂਡਰ ਸਰਾਵਾਂ ਬੋਦਲਾਂ ਨਾਂ ਦੇ ਫੇਸਬੁੱਕ ਪੇਜ 'ਤੇ ਗੌਂਡਰ ਨੇ ਲਿਖਿਆ ਹੈ ਕਿ ਵਿਰੋਧੀ ਇਹ ਨਾ ਸੋਚਣ ਕਿ ਉਹ ਸੇਵ ਹਨ, ਮੈਂ ਸਿਰਫ ਤੁਹਾਨੂੰ ਕੁਝ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਗੌਂਡਰ ਨੇ ਗੈਂਗਟਰ ਪ੍ਰੀਤ, ਜੱਗੀ ਰੋਪੜ ਅਤੇ ਅੰਮ੍ਰਿਤ ਬਲ ਨੂੰ ਚਿਤਾਵਨੀ ਦਿੱਤੀ ਹੈ।
ਦੂਜੇ ਪਾਸੇ ਕਾਊਂਟਰ ਇੰਟੈਲੀਜੈਂਸ ਵਿੰਗ ਵਲੋਂ ਲਗਾਤਾਰ ਗੈਂਗਸਟਰਾਂ ਵਲੋਂ ਅਪਲੋਡ ਕੀਤੀਆਂ ਜਾਂਦੀਆਂ ਪੋਸਟਾਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਪੁਲਸ ਦਾ ਕਹਿਣਾ ਹੈ ਕਿ ਇਹ ਪੋਸਟਾਂ ਵਿੱਕੀ ਗੌਂਡਰ ਵਲੋਂ ਨਹੀਂ ਸਗੋਂ ਉਸ ਦੇ ਸਾਥੀਆਂ ਵਲੋਂ ਪੋਸਟ ਕੀਤੀਆਂ ਜਾਂਦੀਆਂ ਹਨ। ਨਾਲ ਹੀ ਪੁਲਸ ਮੁਤਾਬਕ ਫੇਸਬੁਕ 'ਤੇ ਇਸ ਤਰ੍ਹਾਂ ਦੀਆਂ ਬਹੁਤ ਆਈ.ਡੀ. ਅਤੇ ਪੇਜ ਹਨ ਜਿਨ੍ਹਾਂ ਦੀ ਵਰਤੋਂ ਗਲਤ ਸੂਚਨਾ ਫੈਲਾਉਣ ਲਈ ਕੀਤੀ ਜਾਂਦੀ ਹੈ।
ਦੱਸਣਯੋਗ ਹੈ ਕਿ ਗੌਂਡਰ ਗੈਂਗ ਵਲੋਂ ਗੌਂਡਰ ਦੇ ਵਿਦੇਸ਼ ਭੱਜਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਜਦਕਿ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੌਂਡਰ ਵਿਦੇਸ਼ ਨਹੀਂ ਭੱਜਿਆ ਅਤੇ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਜਲਦ ਹੀ ਗੌਂਡਰ ਨੂੰ ਗ੍ਰਿਫਤਾਰ ਕਰਕੇ ਸੀਖਾਂ ਦੇ ਪਿੱਛੇ ਲਿਆਂਦਾ ਜਾਵੇਗਾ।