ਮਾਮਲਾ ਗੈਂਗਸਟਰ ਵਿੱਕੀ ਗੌਂਡਰ ਦੀ ਫੋਨ ਲੋਕੇਸ਼ਨ ਟ੍ਰੇਸ ਹੋਣ ਦਾ : ਤਲਾਸ਼ੀ ਮੁਹਿੰਮ ਚਲਾਉਣ ਤੋਂ ਬਾਅਦ ਵੀ ਪੁਲਸ ਦੇ ਹੱਥ ਖਾਲੀ

11/25/2017 2:18:45 PM

ਗੁਰਦਾਸਪੁਰ (ਦੀਪਕ)–ਬੀਤੀ ਰਾਤ ਕਰੀਬ 7 ਵਜੇ ਪੰਡੋਰੀ ਮਹੰਤਾਂ ਤੇ ਤਾਲਿਬਪੁਰ ਪੰਡੋਰੀ ਪਿੰਡ ਵਿਚ ਗੈਂਗਸਟਰ ਵਿੱਕੀ ਗੌਂਡਰ ਦੀ ਫੋਨ ਲੋਕੇਸ਼ਨ ਟ੍ਰੇਸ ਹੋਣ 'ਤੇ ਪੁਲਸ ਵੱਲੋਂ ਗੁਰਦਾਸਪੁਰ ਜ਼ਿਲੇ ਵਿਚ ਹਾਈ-ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਐੱਸ. ਐੱਸ. ਪੀ. ਗੁਰਦਾਸਪੁਰ ਨੇ ਖੁਦ ਮੌਕੇ 'ਤੇ ਪਹੁੰਚ ਕੇ ਕਮਾਨ ਸੰਭਾਲ ਲਈ ਸੀ ਅਤੇ ਇਲਾਕੇ ਵਿਚ ਪੈਂਦੇ ਥਾਣਿਆਂ ਦੇ ਮੁਖੀਆਂ ਨੂੰ 300 ਜਵਾਨਾਂ ਦੇ ਨਾਲ ਦੋਵਾਂ ਪਿੰਡਾਂ ਦੀ ਘੇਰਾਬੰਦੀ ਕਰ ਕੇ ਤਾਇਨਾਤ ਕਰ ਦਿੱਤਾ ਗਿਆ ਸੀ। ਪੁਲਸ ਵੱਲੋਂ ਸਾਰੀ ਰਾਤ ਦੋਵਾਂ ਪਿੰਡਾਂ ਦੀ ਗੰਭੀਰਤਾ ਨਾਲ ਛਾਣਬੀਣ ਕੀਤੀ ਗਈ ਅਤੇ ਉਥੋਂ ਲੰਘਣ ਵਾਲੇ ਹਰ ਵਿਅਕਤੀ ਦੀ ਤਲਾਸ਼ੀ ਲਈ ਗਈ ਪਰ ਛਾਣਬੀਣ ਕਰਨ ਤੋਂ ਬਾਅਦ ਅਜੇ ਤੱਕ ਪੁਲਸ ਦੇ ਹੱਥ ਕੁੱਝ ਨਹੀਂ ਲੱਗਾ।


ਜ਼ਿਕਰਯੋਗ ਹੈ ਕਿ ਵਿੱਕੀ ਗੌਂਡਰ ਨਾਭਾ ਜੇਲ ਬ੍ਰੇਕ ਕਾਂਡ ਦਾ ਮੁੱਖ ਦੋਸ਼ੀ ਹੈ, ਜੋ ਅਜੇ ਤੱਕ ਫਰਾਰ ਚੱਲ ਰਿਹਾ ਹੈ, ਜਿਸ ਨੁੰ ਫੜਨ ਲਈ ਪੂਰੇ ਪੰਜਾਬ ਦੀ ਪੁਲਸ ਚੌਕਸ ਹੋਈ ਪਈ ਹੈ। ਦੱਸ ਦੇਈਏ ਕਿ 20 ਅਪ੍ਰੈਲ ਨੂੰ ਵਿੱਕੀ ਗੌਂਡਰ ਗੈਂਗ ਵੱਲੋਂ ਗੁਰਦਾਸਪੁਰ ਦੇ ਔਜਲਾ ਬਾਈਪਾਸ 'ਤੇ ਤਿੰਨ ਨੌਜਵਾਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੁਰਦਾਸਪੁਰ ਦੀ ਪੁਲਸ ਵੱਲੋਂ ਬੀਤੀ ਰਾਤ ਤੇ ਅੱਜ ਪੂਰਾ ਦਿਨ ਉਕਤ ਦੋਵਾਂ ਪਿੰਡਾਂ (ਪੰਡੋਰੀ ਮਹੰਤਾਂ/ਤਾਲਿਬਪੁਰ ਪੰਡੋਰੀ) ਵਿਚ ਪੈਂਦੇ ਡੇਰਿਆਂ ਦੀ ਸਖ਼ਤੀ ਨਾਲ ਤਲਾਸ਼ੀ ਲਈ ਗਈ ਤੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਗਈ। 
ਕੀ ਕਹਿਣੈ ਪੁਲਸ ਅਧਿਕਾਰੀਆਂ ਦਾ 
ਇਸ ਸਬੰਧੀ ਜਦ ਪੁਲਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।