ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਵੀ ਪੁਲਸ ਨਹੀਂ ਹੋਈ ਸੁਰਖਰੂ, ਸੁਰੱਖਿਆ ਨੂੰ ਲੈ ਕੇ ਕੀਤਾ ਅਲਰਟ ਜਾਰੀ

02/05/2018 12:40:28 PM

ਬਠਿੰਡਾ — ਗੈਂਗਸਟਰ ਵਿੱਕੀ ਗੌਂਡਰ ਦੇ ਐਨਕਾਊਂਟਰ ਤੋਂ ਬਾਅਦ ਗੌਂਡਰ ਗੈਂਗ ਵਲੋਂ ਪੁਲਸ ਅਧਿਕਾਰੀਆਂ ਸਮੇਤ ਸੂਬੇ ਦੇ ਮੁੱਖ ਮੰਤਰੀ ਨੂੰ ਦਿੱਤੀ ਧਮਕੀ ਤੋਂ ਬਾਅਦ ਕ੍ਰਾਈਮ ਕੰਟਰੋਲ ਯੂਨਿਟ ਐੱਸ. ਏ.ਐੱਸ. ਨਗਰ ਵਲੋਂ ਪੰਜਾਬ ਪੁਲਸ ਦੀ ਵਿਸ਼ੇਸ਼ ਟੀਮ ਆਰਗਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਦੇ ਮੈਂਬਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਅਲਰਟ ਜਾਰੀ ਕੀਤਾ ਗਿਆ ਹੈ। 29 ਜਨਵਰੀ ਨੂੰ ਯੂਨਿਟ ਵਲੋਂ ਪੰਜਾਬ ਦੇ ਸਾਰੇ ਸੀ. ਐੱਸ. ਪੀ. ਤੇ ਐੱਸ. ਐੱਸ. ਪੀ. ਨੂੰ ਪੱਤਰ ਜਾਰੀ ਕਰਕੇ ਸੁਰੱਖਿਆ ਦੇ ਸਖਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ। 
ਇੰਸਪੈਕਟਰ ਜਰਨਲ ਆਫ ਪੁਲਸ ਓਕੂ, ਐੱਸ. ਏ. ਐੱਸ. ਨਗਰ ਪੰਜਾਬ ਵਲੋਂ ਜਾਰੀ ਕੀਤੇ ਗਏ ਇਸ ਪੱਤਰ 'ਚ ਦੱਸਿਆ ਗਿਆ ਕਿ ਗੌਂਡਰ ਗੈਂਗ ਦੇ ਮੈਂਬਰ ਪੰਜਾਬ ਪੁਲਸ ਦੇ ਅਫਸਰਾਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸੂਚਨਾ ਦੇ ਸੰਬੰਧ 'ਚ ਜ਼ਰੂਰੀ ਕਦਮ ਚੁੱਕੇ ਜਾਣ ਤੇ ਕਿਸੇ ਵੀ ਤਰ੍ਹਾਂ ਦੀ ਮੰਦਭਾਗੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾਵੇ। ਇਸ ਪੱਤਰ ਦੀਆਂ ਕਾਪੀਆਂ ਪੰਜਾਬ ਦੇ ਡੀ. ਜੀ. ਪੀ. ਲਾਅ ਐਂਡ ਆਰਡਰ, ਡੀ. ਜੀ. ਪੀ. ਇੰਟੈਲੀਜੈਂਸ, ਏ. ਡੀ. ਜੀ.ਪੀ. ਸਮੇਤ ਹੋਰ ਅਫਸਰਾਂ ਨੂੰ ਭੇਜੀਆਂ ਗਈਆਂ ਹਨ। 
ਜ਼ਿਕਰਯੋਗ ਹੈ ਕਿ 26 ਜਨਵਰੀ ਨੂੰ ਪੰਜਾਬ ਬਾਰਡਰ 'ਤੇ ਸਥਿਤ ਰਾਜਸਥਾਨ ਦੇ ਪਿੰਡ ਹਿੰਦੂਮਲ ਕੋਟ 'ਚ ਗੈਂਗਸਟਰ ਵਿੱਕੀ ਗੌਂਡਰ, ਪ੍ਰੇਮਾ ਲਾਹੌਰੀਆ, ਸ਼ਵਿੰਦਰ ਸਿੰਘ ਦਾ ਓਕੂ ਟੀਮ ਨੇ ਐਨਕਾਊਂਟਰ ਕਰ ਦਿੱਤਾ ਸੀ, ਜਿਸ ਤੋਂ ਬਾਅਦ ਗੌਂਡਰ ਗੈਂਗ ਨੇ ਫੇਸਬੁੱਕ 'ਤੇ ਐਨਕਾਊਂਟਰ ਕਰਨ ਵਾਲੇ ਪੁਲਸ ਅਧਿਕਾਰੀਆਂ ਸਮੇਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਧਮਕੀ ਦਿੱਤੀ ਗਈ ਸੀ। ਹਾਲਾਕਿ ਪੰਜਾਬ ਪੁਲਸ ਨੇ ਸੋਸ਼ਲ ਮੀਡੀਆ 'ਤੇ ਧਮਕੀ ਦੇਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਦੇ ਬਾਵਜੂਦ ਇਹ ਅਲਰਟ ਜਾਰੀ ਕੀਤਾ ਗਿਆ ਹੈ।