ਸਰੈਂਡਰ ਨਾ ਕਰਨ 'ਤੇ ਗੌਂਡਰ ਵਾਂਗ ਮਾਰਿਆ ਜਾਵੇਗਾ ਬੁੱਢਾ : ਐੱਸ. ਐੱਸ. ਪੀ.

02/10/2018 1:15:30 PM

ਮੋਗਾ - 26 ਜਨਵਰੀ ਨੂੰ ਰਾਜਸਥਾਨ ਦੇ ਹਿੰਦੂਮਲਕੋਟ ਥਾਣੇ ਦੇ ਹਲਕੇ ਅਧੀਨ ਪੈਂਦੇ ਇਲਾਕੇ 'ਚ ਪੁਲਸ ਨੇ ਗੈਂਗਸਟਰ ਵਿੱਕੀ ਗੌਂਡਰ ਦਾ ਉਸ ਦੇ ਸਾਥੀਆਂ ਪ੍ਰੇਮਾ ਲਾਹੋਰੀਆ ਅਤੇ ਸੁਖਪ੍ਰੀਤ ਸਿੰਘ ਸੁੱਖਾ ਸਮੇਤ ਐਨਕਾਉਂਟਰ ਕਰ ਦਿੱਤਾ ਸੀ। ਇਨ੍ਹਾਂ ਦੇ ਐਨਕਾਊਂਟਰ ਤੋਂ ਬਾਅਦ ਪੁਲਸ ਨੇ ਬਾਕੀ ਗੈਂਗਸਟਰਾਂ 'ਤੇ ਸਰੈਂਡਰ ਕਰਨ ਦਾ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ। ਅਜਿਹੇ ਮਾਮਲੇ 'ਚ ਮੋਗਾ ਦੇ ਐੱਸ. ਐੱਸ. ਪੀ. ਰਾਜਜੀਤ ਸਿੰਘ ਪੁਲਸ ਬੱਲ ਨਾਲ ਪਿੰਡ ਕੁੱਸਾ 'ਚ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਦੇ ਘਰ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਬੁੱਢਾ ਦੇ ਪਰਿਵਾਰਕ ਮੈਂਬਰਾਂ 'ਤੇ ਦਬਾਅ ਪਾਉਦਿਆਂ ਕਿਹਾ ਕਿ ਉਹ ਆਪਣੇ ਪੁੱਤਰ ਨੂੰ ਕਹਿਣ ਕਿ ਉਹ ਗੁਨਾਹਾ ਦਾ ਰਾਹ ਛੱਡ ਕੇ ਆਪਣੇ ਆਪ ਨੂੰ ਸਰੈਂਡਰ ਕਰ ਦੇਵੇ। ਜੇਕਰ ਉਸ ਨੇ ਅਜਿਹਾ ਨਾ ਕੀਤਾ ਤਾਂ ਉਹ ਵੀ ਗੈਂਗਸਟਰ ਵਿੱਕੀ ਗੌਂਡਰ ਦੀ ਤਰ੍ਹਾਂ ਮਾਰਿਆ ਜਾਵੇਗਾ। ਗੈਂਗਸਟਰ ਬੁੱਢਾ ਦੇ ਘਰ ਐੱਸ. ਐੱਸ. ਪੀ. ਦੇ ਨਾਲ ਐੱਸ. ਪੀ. ਡੀ. ਵਜੀਰ ਸਿੰਘ ਖਹਿਰਾ, ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਸੁਬੇਗ ਸਿੰਘ, ਥਾਣਾ ਬੰਧਨੀ ਕਲਾ ਦੀ ਐੱਸ. ਐੱਚ. ਓ. ਭੂਪਿੰਦਰ ਕੌਰ ਅਤੇ ਥਾਣਾ ਨਿਹਾਲ ਸਿੰਘ ਵਾਲਾ ਦੇ ਐੱਸ. ਐੱਚ. ਓ. ਨਿਹਾਲ ਸਿੰਘ ਜਸਵੰਤ ਸਿੰਘ ਵੀ ਬੁੱਢਾ ਦੇ ਘਰ ਗਏ। ਐੱਸ. ਐੱਸ. ਪੀ. ਨੇ ਬੁੱਢਾ ਦੇ ਪਿਤਾ ਮੇਜਰ ਸਿੰਘ, ਚਾਚਾ ਚਰਣ ਸਿੰਘ ਤੋਂ ਇਲਾਵਾ ਪਰਿਵਾਰ ਦੇ ਬਾਕੀ ਮੈਂਬਰਾਂ ਨਾਲ ਇਕ ਘੰਟਾ ਗੱਲਬਾਤ ਕੀਤੀ।

ਬੁੱਢਾ ਦੇ ਪਰਿਵਾਰ ਵਾਲਿਆਂ ਨੇ ਵੀ ਦਿੱਤਾ ਸਹਿਯੋਗ ਦਾ ਭਰੋਸਾ
ਐੱਸ. ਪੀ. ਡੀ. ਵਜੀਰ ਸਿੰਘ ਨੇ ਕਿਹਾ ਕਿ ਬੁੱਢਾ ਦੇ ਪਰਿਵਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰਨਗੇ ਕਿ ਸੁਖਪ੍ਰੀਤ ਅਪਰਾਧ ਦਾ ਰਾਹ ਛੱਡ ਦੇਵੇ।

ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਜਾਰੀ ਕੀਤੇ ਆਦੇਸ਼
ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਜ਼ਿਲੇ ਦੇ ਪੁਲਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਆਪਣੇ-ਆਪਣੇ ਇਲਾਕੇ ਦੇ ਗੈਂਗਸਟਰਾਂ ਦੇ ਪਰਿਵਾਰ ਵਾਲਿਆਂ ਨੂੰ ਸਮਝਾਉਣ ਕਿ ਉਹ ਆਪਣੇ ਬੱਚਿਆਂ ਨੂੰ ਸਰੈਂਡਰ ਹੋਣ ਲਈ ਕਹਿਣ। ਸਰੈਂਡਰ ਕਰਨ 'ਤੇ ਸਰਕਾਰ ਅਤੇ ਪੁਲਸ ਉਨ੍ਹਾਂ ਨਾਲ ਨਰਮੀ ਵਾਲਾ ਵਿਵਹਾਰ ਵਰਤੇਗੀ। ਜੇਕਰ ਉਨ੍ਹਾਂ ਨੇ ਕਿਸੇ ਦੀ ਗੱਲ ਨਾ ਸੁਣੀ ਤਾਂ ਉਹ ਕਿਸੇ ਨਾ ਕਿਸੇ ਦਿਨ ਪੁਲਸ ਐਨਕਾਊਂਟਰ 'ਚ ਮਾਰੇ ਜਾਣਗੇ।