ਅਪਰਾਧ ਦੀ ਦੁਨੀਆ 'ਚ ਵੱਖਰੀ ਪਛਾਣ ਬਣਾਉਣ ਵਾਲਾ ਖਤਰਨਾਕ ਗੈਂਗਸਟਰ ਆਖਿਰ ਹੋਇਆ ਗ੍ਰਿਫਤਾਰ (ਵੀਡੀਓ)

06/24/2017 5:56:33 AM

ਲੁਧਿਆਣਾ (ਰਿਸ਼ੀ) : ਅਪਰਾਧ ਦੀ ਦੁਨੀਆਂ 'ਚ ਇਕ ਵੱਖਰੀ ਪਛਾਣ ਬਣਾ ਚੁੱਕੇ ਗੈਂਗਸਟਰ ਸੁੱਖਾ ਬਾੜੇਵਾਲੀਆ (ਸੁਖਪ੍ਰੀਤ ਸਿੰਘ) ਨੂੰ ਕਮਿਸ਼ਨਰੇਟ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਫੜਨ ਲਈ ਇਕ ਸਪੈਸ਼ਲ ਫੋਰਸ ਨਾਲ ਮਿਲ ਕੇ 14 ਦਿਨਾਂ ਦਾ ਆਪ੍ਰੇਸ਼ਨ ਚਲਾਇਆ ਗਿਆ ਅਤੇ ਆਖਿਰ 'ਚ ਦਬੋਚ ਕੇ ਥਾਣਾ ਪੀ. ਏ. ਯੂ 'ਚ ਕੇਸ ਦਰਜ ਕੀਤਾ ਗਿਆ ਹੈ। ਉਪਰੋਕਤ ਜਾਣਕਾਰੀ ਪੁਲਸ ਕਮਿਸ਼ਨਰ ਆਰ. ਐਨ. ਢੋਕੇ, ਡੀ. ਸੀ. ਪੀ ਕ੍ਰਾਈਮ ਗਗਨਅਜੀਤ ਸਿੰਘ ਨੇ ਸ਼ੁੱਕਰਵਾਰ ਨੂੰ ਪੱਤਰਕਾਰ ਸੰਮੇਲਨ ਦੌਰਾਨ ਦਿਤੀ। ਜਾਣਕਾਰੀ ਦਿੰਦੇ ਉਨ੍ਹਾਂ ਦੱਸਿਆ ਕਿ ਸੀ. ਆਈ. ਏ ਅਤੇ ਐਸ. ਟੀ. ਐਫ ਦੀ ਸਪੈਸ਼ਲ ਫੋਰਸ ਵਲੋਂ ਇਸ ਆਪ੍ਰੇਸ਼ਨ 'ਤੇ ਕੰਮ ਕੀਤਾ ਜਾ ਰਿਹਾ ਸੀ ਅਤੇ ਉਸਨੂੰ ਹੰਬੜਾਂ ਰੋਡ 'ਤੇ ਉਸ ਸਮੇਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਆਪਣੀ ਸਵਿਫਟ ਕਾਰ 'ਚ ਜਾ ਰਿਹਾ ਸੀ। ਪੁਲਸ ਨੂੰ ਸੁੱਖੇ ਪਾਸੋਂ 1 ਨਜਾਇਜ਼ ਰਿਵਾਲਵਰ ਅਤੇ 4 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ।
ਪੁਲਸ ਅਨੁਸਾਰ ਜਦੋਂ ਤੋਂ ਪੁਲਸ ਨੂੰ ਸੁੱਖੇ ਦੀ ਤਲਾਸ਼ ਸੀ ਉਦੋਂ ਤੋਂ ਹੁਣ ਤਕ ਉਸਦੀ ਕਿਸੇ ਵੀ ਪ੍ਰਕਾਰ ਦੀ ਮੱਦਦ ਕਰਨ ਜਾਂ ਪਨਾਹ ਦੇਣ ਵਾਲਿਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ। ਜਾਂਚ 'ਚ ਜਿਸ ਦਾ ਨਾਮ ਸਾਹਮਣੇ ਆਵੇਗਾ ਉਸ ਖਿਲਾਫ ਐਫ. ਆਈ. ਆਰ ਦਰਜ ਕੀਤੀ ਜਾਵੇਗੀ। ਪੁਲਸ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ 'ਤੇ ਲੈ ਕੇ ਗੰਭੀਰਤਾ ਨਾਲ ਪੁੱਛਗਿਛ ਕਰੇਗੀ।
ਗੈਂਗਸਟਰ ਤੋਂ ਹੋਵੇਗੀ ਸਪੈਸ਼ਲ ਪੁੱਛਗਿਛ
ਸੀ. ਪੀ  ਦੇ ਅਨੁਸਾਰ ਗੈਂਗਸਟਰ ਸੁੱਖਾ ਤੋਂ ਸਪੈਸ਼ਲ ਪੁੱਛਗਿਛ ਕੀਤੀ ਜਾਵੇਗੀ ਅਤੇ ਪਤਾ ਲਗਾਇਆ ਜਾਵੇਗਾ ਕਿ ਆਖਿਰ ਕਿਸ ਮਾਹੌਲ ਦੇ ਚੱਲਦੇ ਨੌਜਵਾਨ ਪੀੜੀ ਕ੍ਰਾਈਮ ਦੀ ਦੁਨੀਆਂ 'ਚ ਪੈਰ ਪਿਸਾਰ ਰਹੀ ਹੈ। ਕਈ ਵਾਰ ਕੁਝ ਲੋਕ ਆਪਣੇ ਨਿੱਜੀ ਫਾਇਦੇ ਲਈ ਇਸ ਤਰ੍ਹਾਂ ਨੌਜਵਾਨਾਂ ਨੂੰ ਘਰਾਂ ਦੇ ਕਬਜ਼ੇ, ਨਜਾਇਜ਼ ਵਸੂਲੀ ਦੇ ਇਸਤੇਮਾਲ ਕਰਦੇ ਹਨ ਅਤੇ ਬਾਅਦ ਵਿਚ ਗੈਂਗਸਟਰ ਬਣ ਜਾਂਦੇ ਹਨ ਪੁਲਸ ਇਸ ਪਾਸੇ ਵੀ ਵਿਸ਼ੇਸ ਧਿਆਨ ਦੇ ਰਹੀ ਹੈ।
ਸਾਥੀ ਆਵੇਗਾ ਪ੍ਰੋਡਕਸ਼ਨ ਵਾਰੰਟ 'ਤੇ
ਪੁਲਸ ਵਲੋਂ ਸੁੱਖੇ ਦੇ ਨਾਲ ਤੀਰਥ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾਵੇਗਾ, ਜੋ ਇਸ ਸਮੇਂ ਸੈਂਟਰਲ ਜੇਲ 'ਚ ਬੰਦ ਹੈ। ਪੁਲਸ ਦੇ ਅਨੁਸਾਰ ਉਸ ਤੋਂ ਵੀ ਪੁਛਗਿਛ ਦੌਰਾਨ ਕਈ ਅਹਿਮ ਖੁਲਾਸੇ ਹੋ ਸਕਦੇ ਹਨ।
ਗੈਂਗਸਟਰ 'ਤੇ ਹੱਤਿਆ, ਇਰਾਦਾ ਕਤਲ ਸਮੇਤ 18 ਮਾਮਲੇ ਦਰਜ
ਫੜੇ ਗਏ ਗੈਂਗਸਟਰ ਸੁਖਪ੍ਰੀਤ ਸਿੰਘ 'ਤੇ ਹੱਤਿਆ ਦੇ, ਇਰਾਦਾ ਕਤਲ ਦੇ 9 ਲੁੱਟਖੋਹ ਦੇ 5 ਸਮੇਤ ਕੁਲ 18 ਮਾਮਲੇ ਦਰਜ ਹਨ। ਕਈ ਮਾਮਲਿਆਂ 'ਚ ਅਦਾਲਤ ਵਲੋਂ ਭਗੌੜਾ ਕਰਾਰ ਦਿਤਾ ਜਾ ਚੁਕਿਆ ਹੈ।