ਗੈਂਗਸਟਰ ਸੁੱਖਾ ਭਿਖਾਰੀਵਾਲ ਦੇ ਨਾਂ ''ਤੇ ਫਿਰੌਤੀ ਮੰਗਣ ਵਾਲੇ ਗਿਰੋਹ ਦਾ ਸਰਗਣਾ ਵੀ ਗ੍ਰਿਫ਼ਤਾਰ

08/20/2018 7:01:44 AM

ਗੁਰਦਾਸਪੁਰ,   (ਵਿਨੋਦ)-  ਗੈਂਗਸਟਰ ਸੁੱਖਾ ਭਿਖਾਰੀਵਾਲ ਦੇ ਨਾਂ 'ਤੇ ਫਿਰੌਤੀ ਵਸੂਲ ਕਰਨ ਦੀ ਕੋਸ਼ਿਸ਼ ਕਰਨ ਵਾਲੇ ਗਿਰੋਹ ਦੇ ਸਰਗਣਾ ਨੂੰ ਵੀ ਅੱਜ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਗਿਰੋਹ ਦੇ ਸਾਰੇ ਮੈਂਬਰ ਪੁਲਸ ਨੂੰ ਗੁੰਮਰਾਹ ਕਰਦੇ ਰਹੇ ਕਿ ਉਹ ਸੁੱਖਾ ਭਿਖਾਰੀਵਾਲ ਗੈਂਗਸਟਰ ਲਈ ਕੰਮ ਕਰਦੇ ਹਨ ਜਦਕਿ ਸੱਚਾਈ ਇਹ ਹੈ ਕਿ ਗਿਰੋਹ ਦਾ ਸਰਗਣਾ ਹੀ ਸੁੱਖਾ ਭਿਖਾਰੀਵਾਲ ਬਣ ਕੇ ਫੋਨ 'ਤੇ ਫਿਰੌਤੀ ਦੀ ਗੱਲ ਕਰਦਾ ਸੀ। ਦੋਸ਼ੀ ਤੋਂ ਫਾਇਰਿੰਗ ਕਰਨ ਲਈ ਵਰਤੀ ਗਈ ਰਿਵਾਲਵਰ ਵੀ ਬਰਾਮਦ ਕਰ ਲਈ ਹੈ।
ਤਿੱਬੜ ਪੁਲਸ ਸਟੇਸ਼ਨ ਦੇ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ 'ਤੇ ਅੱਜ ਪੁਲਸ ਨੇ ਪਿੰਡ ਮਾਨਕੌਰ ਸਿੰਘ ਦੇ ਪੁਲ 'ਤੇ ਨਾਕਾ ਲਾ ਕੇ ਇਸ ਗਿਰੋਹ ਦੇ ਸਰਗਣਾ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜੋ ਇਕ 16 ਸਾਲਾ ਨੌਜਵਾਨ ਨਿਕਲਿਆ। ਉਸ ਤੋਂ ਰਣਜੀਤ ਸਿੰਘ ਦੇ ਮਕਾਨ ਦੇ ਗੇਟ 'ਤੇ ਫਾਇਰਿੰਗ ਕਰਨ ਲਈ ਪ੍ਰਯੋਗ ਕੀਤਾ ਗਿਆ ਰਿਵਾਲਵਰ ਵੀ ਬਰਾਮਦ ਕਰ ਲਿਆ ਹੈ, ਜੋ ਦੋ ਨੰਬਰ ਦਾ ਹੈ। ਉਸ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਵੀਕਾਰ ਕੀਤਾ ਕਿ ਉਸ ਨੇ ਹੀ ਸੁੱਖਾ ਭਿਖਾਰੀਵਾਲ ਦੇ ਨਾਂ ਨਾਲ ਰਣਜੀਤ ਸਿੰਘ ਵਾਸੀ ਗੋਤ ਪੋਕਰ ਨੂੰ ਫੋਨ ਕੀਤਾ ਸੀ ਅਤੇ ਉਹ ਨਾ ਤਾਂ ਗੈਂਗਸਟਰ ਸੁੱਖਾ ਭਿਖਾਰੀਵਾਲ ਨੂੰ ਕਦੇ ਮਿਲਿਆ ਹੈ ਅਤੇ ਨਾ ਹੀ ਜਾਣਦਾ ਹੈ। ਉਹ ਤਾਂ ਕੇਵਲ ਉਸ ਦੇ ਨਾਂ ਦੀ ਹੀ ਵਰਤੋਂ ਕਰਦਾ ਸੀ। ਅੱਜ ਪੁਲਸ ਨੇ ਸਾਰੇ 6 ਦੋਸ਼ੀਆਂ ਨੂੰ ਜੁਵੇਨਾਈਲ ਅਦਾਲਤ ਦੇ ਜੱਜ ਅਮਨਦੀਪ ਸਿੰਘ ਦੇ ਸਾਹਮਣੇ ਪੇਸ਼ ਕੀਤਾ। ਸਾਰੇ ਮੁਲਜ਼ਮਾਂ ਨੂੰ ਅਦਾਲਤ ਨੇ ਹੁਸ਼ਿਆਰਪੁਰ ਜੁਵੇਨਾਈਲ ਜੇਲ ਵਿਚ ਭੇਜਣ ਦਾ ਆਦੇਸ਼ ਦਿੱਤਾ ਅਤੇ ਅਗਲੀ ਪੇਸ਼ੀ 29 ਅਗਸਤ ਪਾ ਦਿੱਤੀ ਹੈ। ਪੁਲਸ ਇਨ੍ਹਾਂ ਸਾਰੇ ਮੁਲਜ਼ਮਾਂ ਨੂੰ ਲੈ ਕੇ ਹੁਸ਼ਿਆਰਪੁਰ ਜੇਲ ਵਿਚ ਛੱਡਣ ਲਈ ਚਲੀ ਗਈ।