ਗੈਂਗਸਟਰ ਸ਼ੁਭਮ ਤੋਂ ਮਿਲੀ ''ਸਾਫਿਸਟੀਕੇਟਿਡ ਬੁਲੇਟ ਪਰੂਫ ਜੈਕੇਟ'' ਨੇ ਵਧਾਈ ਪੰਜਾਬ ਪੁਲਸ ਦੀ ਬੇਚੈਨੀ

05/30/2019 1:39:51 PM

ਚੰਡੀਗੜ੍ਹ (ਰਮਨਜੀਤ) : ਬਟਾਲਾ ਪੁਲਸ ਵਲੋਂ ਕਈ ਲੁੱਟ-ਖਸੁੱਟ ਅਤੇ ਹੱਤਿਆਵਾਂ ਦੇ ਮਾਮਲਿਆਂ 'ਚ ਸ਼ਾਮਲ ਰਹੇ ਗੈਂਗਸਟਰ ਸ਼ੁਭਮ ਦੀ ਗ੍ਰਿਫ਼ਤਾਰੀ ਨੇ ਪੰਜਾਬ ਪੁਲਸ 'ਚ ਜਿਥੇ ਸਫ਼ਲਤਾ ਦੀ ਖੁਸ਼ੀ ਦਿੱਤੀ ਹੈ,  ਉਥੇ ਹੀ ਉਸ ਤੋਂ ਬਰਾਮਦ ਹੋਏ ਸਾਮਾਨ ਨੇ ਪੁਲਸ ਅਧਿਕਾਰੀਆਂ ਦੀ ਬੇਚੈਨੀ ਵੀ ਵਧਾ ਦਿੱਤੀ ਹੈ। ਸਭ ਤੋਂ ਬੇਚੈਨੀ ਦਾ ਕਾਰਨ ਬੁਲੇਟ ਪਰੂਫ ਜੈਕੇਟ ਹੈ। ਆਰਗੇਨਾਈਜ਼ਡ ਕ੍ਰਾਈਮ ਕੰਟ੍ਰੋਲ ਯੂਨਿਟ ਵਲੋਂ ਇਸ ਗੱਲ ਦੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਆਖਿਰ ਸ਼ੁਭਮ ਕੋਲ ਉਕਤ ਜੈਕੇਟ ਕਿਸ ਰਾਹੀਂ ਅਤੇ ਕਿਵੇਂ ਪਹੁੰਚੀ। ਪੁਲਸ ਸੂਤਰਾਂ ਮੁਤਾਬਕ ਸ਼ੁਭਮ ਤੋਂ ਬਰਾਮਦ ਹੋਏ ਵਿਦੇਸ਼ੀ ਅਸਲੇ ਤੋਂ ਜ਼ਿਆਦਾ ਖਤਰਨਾਕ ਉਸ ਕੋਲ ਮੌਜੂਦ ਬੁਲੇਟ ਪਰੂਫ ਜੈਕੇਟ ਨੂੰ ਮੰਨਿਆ ਜਾ ਰਿਹਾ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਉਕਤ ਬੁਲੇਟ ਪਰੂਫ ਜੈਕੇਟ ਆਮ ਤੌਰ 'ਤੇ ਦੇਸ਼ 'ਚ ਮਿਲਣ ਵਾਲੀਆਂ ਬੁਲੇਟ ਪਰੂਫ ਵੀਅਰੇਬਲ ਨਹੀਂ ਹੈ ਕਿਉਂਕਿ ਉਹ ਵਜ਼ਨ 'ਚ ਭਾਰੀ ਰਹਿੰਦੀਆਂ ਹਨ ਪਰ ਇਹ ਬਹੁਤ ਹਲਕੀ ਅਤੇ ਆਰਾਮ ਨਾਲ ਪਹਿਨੇ ਜਾਣ ਵਾਲੀ ਸੁਪੀਰੀਅਰ ਕੁਆਲਿਟੀ ਦੀ ਜੈਕੇਟ ਹੈ। ਜਾਣਕਾਰੀ ਮੁਤਾਬਕ ਸ਼ੁਭਮ ਤੋਂ ਬਰਾਮਦ ਹੋਈ ਉਕਤ ਬੁਲੇਟ ਪਰੂਫ ਜੈਕੇਟ, ਉਨ੍ਹਾਂ ਵਿਦੇਸ਼ੀ ਜੈਕੇਟਾਂ ਨਾਲ ਮਿਲਦੀ-ਜੁਲਦੀ ਹੈ, ਜਿਨ੍ਹਾਂ ਨੂੰ ਭਾਰਤੀ ਫੌਜ ਜੰਮੂ-ਕਸ਼ਮੀਰ 'ਚ ਮੁੱਠਭੇੜਾਂ ਤੋਂ ਬਾਅਦ ਕਸ਼ਮੀਰੀ ਅੱਤਵਾਦੀਆਂ ਤੋਂ ਵੀ ਬਰਾਮਦ ਕਰਦੀ ਰਹੀ ਹੈ। ਇਹੀ ਕਾਰਨ ਹੈ ਕਿ ਪੰਜਾਬ ਪੁਲਸ ਬੇਚੈਨ ਹੈ। ਗੈਂਗਸਟਰਾਂ ਕੋਲ ਵਿਦੇਸ਼ੀ ਹਥਿਆਰਾਂ ਤੋਂ ਬਾਅਦ ਬੁਲੇਟ ਪਰੂਫ ਜੈਕੇਟ ਮਿਲਣ ਸਬੰਧੀ ਗੱਲ ਕਰਨ 'ਤੇ ਡੀ. ਜੀ. ਪੀ. ਵੀ. ਕੇ. ਭਾਵੜਾ ਨੇ ਕਿਹਾ ਕਿ ਮਾਮਲਾ ਗੰਭੀਰ ਹੈ ਪਰ ਪੰਜਾਬ ਪੁਲਸ ਅਜਿਹੇ ਹਰ ਅਪਰਾਧੀ ਨੂੰ ਕਾਬੂ ਕਰਨ 'ਚ ਸਮੱਰਥ ਹੈ। ਡੀ. ਜੀ. ਪੀ. ਭਾਵੜਾ ਨੇ ਕਿਹਾ ਕਿ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਦੇ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਛੇਤੀ ਹੀ ਬੁਲੇਟ ਪਰੂਫ ਜੈਕੇਟ ਦੇ ਸੋਰਸ ਦਾ ਪਤਾ ਚੱਲ ਜਾਵੇਗਾ।

Anuradha

This news is Content Editor Anuradha