ਗੈਂਗਸਟਰਾਂ ਵੱਲੋਂ ਧਮਕੀਆਂ ਨੂੰ ਲੈ ਕੇ ਪੁਲਸ ਨੇ ਸ਼ੁਰੂ ਕੀਤੀ ਸੋਸ਼ਲ ਮੀਡੀਆ ''ਤੇ ਮੁਹਿੰਮ

02/13/2018 7:08:14 AM

ਜਲੰਧਰ(ਧਵਨ)-ਪੰਜਾਬ ਪੁਲਸ ਨੇ ਡੀ. ਜੀ. ਪੀ. ਸੁਰੇਸ਼ ਅਰੋੜਾ ਦੀ ਅਗਵਾਈ 'ਚ ਗੈਂਗਸਟਰਜ਼ ਅਤੇ ਅਪਰਾਧੀਆਂ ਦੀਆਂ ਆਨਲਾਈਨ ਧਮਕੀਆਂ ਦਾ ਮੁਕਾਬਲਾ ਕਰਨ ਲਈ ਸੋਸ਼ਲ ਮੀਡੀਆ 'ਤੇ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ ਜਿਸ ਦਾ ਸ਼ੁਭ ਆਰੰਭ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤਾ ਗਿਆ। ਹੁਣ ਪੰਜਾਬ ਪੁਲਸ ਦਾ ਫੇਸਬੁੱਕ ਪੇਜ, ਟਵਿਟਰ ਅਕਾਊਂਟ ਅਤੇ ਯੂ-ਟਿਊਬ ਚੈਨਲ ਲਾਈਵ ਹੋ ਗਿਆ ਹੈ। ਸੋਸ਼ਲ ਮੀਡੀਆ 'ਤੇ ਪੰਜਾਬ ਪੁਲਸ ਦੀ ਸਰਗਰਮੀ ਨਾਲ ਹੁਣ ਪੁਲਸ ਅਤੇ ਜਨਤਾ ਦਰਮਿਆਨ ਦੂਰੀ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਪੰਜਾਬ ਪੁਲਸ ਗੈਂਗਸਟਰਜ਼ ਅਤੇ ਅਪਰਾਧੀਆਂ ਵਲੋਂ ਸੂਬੇ 'ਚ ਫੈਲਾਏ ਜਾਣ ਵਾਲੇ ਡਰ ਦੀ ਭਾਵਨਾ ਨੂੰ ਦੂਰ ਕਰਨ'ਚ ਵੀ ਸਫਲ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਡੀ. ਜੀ. ਪੀ. ਦੀ ਹਾਜ਼ਰੀ 'ਚ ਕਿਹਾ ਕਿ ਸੋਸ਼ਲ ਮੀਡੀਆ ਕਾਰਨ ਪੁਲਸ ਨੂੰ ਜਨਤਾ ਤੋਂ ਅਹਿਮ ਫੀਡ ਬੈਕ ਵੀ ਮਿਲੇਗਾ ਅਤੇ ਉਸ ਦੀ ਕਾਰਜਪ੍ਰਣਾਲੀ 'ਚ ਹੋਰ ਸੁਧਾਰ ਹੋਵੇਗਾ। ਉਨ੍ਹਾਂ ਨੇ ਪੁਲਸ ਨੂੰ ਸੋਸ਼ਲ ਮੀਡੀਆ ਦੀ ਤਾਕਤ ਦਾ ਪ੍ਰਭਾਵੀ ਢੰਗ ਨਾਲ ਇਸਤੇਮਾਲ ਕਰਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜਨਤਾ ਆਪਣੀਆਂ ਸ਼ਿਕਾਇਤਾਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਡੀ. ਜੀ. ਪੀ. ਤਕ ਪਹੁੰਚਾ ਸਕੇਗੀ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਸੋਸ਼ਲ  ਮੀਡੀਆ ਦੀ ਅਹਿਮੀਅਤ ਕਾਫੀ ਵਧ ਚੁੱਕੀ ਹੈ ਅਤੇ ਨੌਜਵਾਨ ਵਰਗ ਤਾਂ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਪੁਲਸ ਨੂੰ ਕਿਹਾ ਕਿ ਸੋਸ਼ਲ ਮੀਡੀਆ ਰਾਹੀਂ ਉਸ ਨੂੰ ਸਮਾਜ ਦੇ ਵੱਖ-ਵੱਖ ਵਰਗਾਂ ਤਕ ਆਪਣੀ ਪਹੁੰਚ ਬਣਾਉਣੀ ਹੋਵੇਗੀ। ਸੂਬੇ 'ਚ ਨੌਜਵਾਨਾਂ ਨਾਲ ਵੀ ਪੁਲਸ ਨੂੰ ਸੋਸ਼ਲ ਮੀਡੀਆ ਰਾਹੀਂ ਜੋੜਨਾ ਹੋਵੇਗਾ। ਇਸ ਨਾਲ ਪੁਲਸ ਜਵਾਬਦੇਹ ਬਣੇਗੀ ਅਤੇ ਨਾਲ ਹੀ ਉਹ ਪ੍ਰਭਾਵੀ ਢੰਗ ਨਾਲ ਆਪਣਾ ਕੰਮ ਕਰ ਸਕੇਗੀ। ਕਾਨੂੰਨ ਵਿਵਸਥਾ ਦੀ ਸਥਿਤੀ 'ਤੇ ਕਾਬੂ ਪਾਉਣ, ਅਪਰਾਧੀਆਂ ਤਕ ਪਹੁੰਚ ਬਣਾਉਣ 'ਚ ਵੀ ਸੋਸ਼ਲ ਮੀਡੀਆ ਇਕ ਮਹੱਤਵਪੂਰਨ ਸਾਧਨ ਸਿੱਧ ਹੋਵੇਗਾ।  ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਵੀ ਕਿਹਾ ਕਿ ਸੂਬੇ ਪੁਲਸ ਵਲੋਂ ਫੇਸਬੁਕ, ਟਵਿਟਰ ਅਤੇ ਯੂ-ਟਿਊਬ ਮਾਰਫਤ ਜਨਤਾ ਨੇੜੇ ਆਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਏਗੀ।