ਗੈਂਗਸਟਰ ਮਨੂੰ ਦੇ 2 ਸਾਥੀ ਮਾਰੂ ਹਥਿਆਰਾਂ ਨਾਲ ਕਾਬੂ

04/18/2018 2:23:02 AM

ਬਟਾਲਾ/ਅਲੀਵਾਲ,   (ਬੇਰੀ, ਸ਼ਰਮਾ)-  ਸੀ. ਆਈ. ਏ. ਸਟਾਫ ਬਟਾਲਾ ਵੱਲੋਂ ਨਾਮਵਰ ਗੈਂਗਸਟਰ ਮਨੂੰ ਦੇ 2 ਸਾਥੀਆਂ ਨੂੰ ਮਾਰੂ ਹਥਿਆਰਾਂ ਨਾਲ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। 
ਜਾਣਕਾਰੀ ਦਿੰਦਿਆਂ ਸੀ. ਆਈ. ਏ. ਇੰਚਾਰਜ ਇੰਸਪੈਕਟਰ ਅਰਵਿੰਦਰ ਸਿੰਘ ਨੇ ਦੱਸਿਆ ਕਿ ਐੱਸ. ਐੱਸ. ਪੀ. ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਦੇ ਨਿਰਦੇਸ਼ਾਂ ਅਨੁਸਾਰ ਡੀ. ਐੱਸ. ਪੀ. ਸਿਟੀ ਸੁੱਚਾ ਸਿੰਘ ਬਲ ਦੀ ਅਗਵਾਈ 'ਚ ਉਨ੍ਹਾਂ ਪੁਲਸ ਪਾਰਟੀ ਸਮੇਤ ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰ ਹਰਵਿੰਦਰ ਸਿੰਘ ਉਰਫ ਮਨੂੰ ਵਾਸੀ ਮਹਿਮੇਚੱਕ ਦੇ ਕਰੀਬੀ ਸਾਥੀ ਭੁਪਿੰਦਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਘਣੀਏ-ਕੇ-ਬਾਂਗਰ ਅਤੇ ਗੁਰਚਰਨ ਸਿੰਘ ਉਰਫ ਚੰਨ ਪੁੱਤਰ ਸੁਖਬੀਰ ਸਿੰਘ ਵਾਸੀ ਪਿੰਡ ਡੋਗਰ ਥਾਣਾ ਫਤਿਹਗੜ੍ਹ ਚੂੜੀਆਂ ਨੂੰ ਪੁਲ ਡਰੇਨ ਲੰਗਰਵਾਲ ਤੋਂ ਕਾਬੂ ਕਰ ਕੇ ਇਨ੍ਹਾਂ ਕੋਲੋਂ ਪਿਸਤੌਲ 32 ਬੋਰ ਸਮੇਤ ਦੋ ਮੈਗਜ਼ੀਨ, 20 ਰੌਂਦ ਜ਼ਿੰਦਾ ਅਤੇ ਐਕਸੇਂਟ ਕਾਰ ਨੰ. ਐੱਚ ਆਰ -51 ਯੂ-0156 ਬਰਾਮਦ ਕੀਤੀ ਹੈ। ਸੀ. ਆਈ. ਏ. ਸਟਾਫ ਇੰਚਾਰਜ ਨੇ ਅੱਗੇ ਦੱਸਿਆ ਕਿ ਉਕਤ ਦੋਵੇਂ ਕਥਿਤ ਦੋਸ਼ੀ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ 'ਚ ਸਨ ਅਤੇ ਉਕਤ ਹਰਵਿੰਦਰ ਸਿੰਘ ਮਨੂੰ ਦੇ ਗੈਂਗ ਦੇ ਮੈਂਬਰ ਸਨ ਅਤੇ ਇਨ੍ਹਾਂ ਵਿਰੁੱਧ ਥਾਣਾ ਘਣੀਏ-ਕੇ-ਬਾਂਗਰ ਵਿਚ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਲਿਆ ਗਿਆ ਹੈ। ਇੰਸਪੈਕਟਰ ਅਰਵਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਨ੍ਹਾਂ ਵਿਰੁੱਧ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਹੇਠ ਕਈ ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਅਜੇ ਜਾਰੀ ਹੈ ਅਤੇ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।