ਗੈਂਗਸਟਰਾਂ ’ਚ ਛਿੜੀ ਜੰਗ ਨੇ ਵਧਾਈ ਸੁਰੱਖਿਆ ਏਜੰਸੀਆਂ ਦੀ ਚਿੰਤਾ, ਇੰਝ ਸ਼ੁਰੂ ਹੋਈ ਖੂਨੀ ਦੁਸ਼ਮਣੀ

03/12/2023 6:30:20 PM

ਫਿਲੌਰ (ਭਾਖੜੀ) : ਗੈਂਗਸਟਰਾਂ ਦੀ ਦੁਸ਼ਮਣੀ ਦਾ ਫਾਇਦਾ ਉਠਾ ਕੇ ਗੁਆਂਢੀ ਮੁਲਕ ਪਾਕਿਸਤਾਨ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਤਾਕ ਵਿਚ ਹੈ, ਜਿਸ ਦੀ ਸ਼ੁਰੂਆਤ ਪਾਕਿਸਤਾਨ ਵਿਚ ਬੈਠੀ ਆਈ. ਐੱਸ. ਆਈ. ਨੇ ਪੰਜਾਬ ਦੇ ਗੋਇੰਦਵਾਲ ਜੇਲ੍ਹ ਤੋਂ ਕੀਤੀ ਹੈ, ਜਿੱਥੇ ਲਾਰੈਂਸ ਬਿਸ਼ਨੋਈ ਗੈਂਗ ਦੇ ਲੋਕਾਂ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੋ ਸ਼ੂਟਰਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਅਪਰਾਧ ਦੀ ਦੁਨੀਆ ਵਿਚ ਆਪਣਾ ਦਬਦਬਾ ਕਾਇਮ ਰੱਖਣ ਲਈ ਕਦੋਂ ਦੋਸਤ ਦੁਸ਼ਮਣ ਬਣ ਜਾਣ ਅਤੇ ਦੁਸ਼ਮਣ ਦੋਸਤ, ਇਸ ਦਾ ਅੰਦਾਜ਼ਾ ਲਾਉਣਾ ਮੁਸ਼ਕਿਲ ਹੈ। ਅਪਰਾਧ ਦੀ ਦੁਨੀਆ ਦੇ ਤਿੰਨ ਵੱਡੇ ਨਾਮ ਜੱਗੂ ਭਗਵਾਨਪੁਰੀਆ, ਲਾਰੈਂਸ ਬਿਸ਼ਨੋਈ ਇਹ ਦੋਵੇਂ ਜੇਲ੍ਹ ਵਿਚ ਬੰਦ ਹਨ ਅਤੇ ਵਿਦੇਸ਼ ਵਿਚ ਬੈਠਾ ਗੋਲਡੀ ਬਰਾੜ ਇਹ ਤਿੰਨੇ ਕਦੇ ਇਕ ਹੋਇਆ ਕਰਦੇ ਸਨ, ਹੁਣ ਇਹ ਇਕ-ਦੂਜੇ ਦੇ ਖੂਨ ਦੇ ਪਿਆਸੇ ਬਣ ਬੈਠੇ ਹਨ। ਜੱਗੂ ਨੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਤੋਂ ਬਦਲਾ ਲੈਣ ਲਈ ਆਪਣੇ ਕੱਟੜ ਦੁਸ਼ਮਣ ਗੈਂਗ ਬੰਬੀਹਾ ਗਰੁੱਪ ਨਾਲ ਹੱਥ ਮਿਲਾ ਲਿਆ, ਜਦਕਿ ਆਪਣਾ ਦਬਦਬਾ ਹੋਰ ਵਧਾਉਣ ਲਈ ਲਾਰੈਂਸ ਅਤੇ ਗੋਲਡੀ ਨੇ ਲੰਡਾ ਹਰੀਕੇ ਨਾਲ ਹੱਥ ਮਿਲਾ ਲਿਆ।

ਇਹ ਵੀ ਪੜ੍ਹੋ : ਕੈਨੇਡਾ ਤੋਂ ਪਰਤੇ ਪਰਿਵਾਰ ਨਾਲ ਵਾਪਰੀ ਵੱਡੀ ਅਣਹੋਣੀ, ਪਿੰਡ ਪਹੁੰਚਣ ਤੋਂ ਪਹਿਲਾਂ ਜੋ ਹੋਇਆ ਸੋਚਿਆ ਨਾ ਸੀ

ਕੁਝ ਦਿਨ ਪਹਿਲਾਂ ਹੀ ਗੋਇੰਦਵਾਲ ਜੇਲ੍ਹ ਵਿਚ ਬੰਦ ਜੱਗੂ ਦੇ ਦੋ ਸ਼ੂਟਰਾਂ ਮਨਪ੍ਰੀਤ ਮੰਨਾ ਅਤੇ ਤੂਫਾਨ ਨੂੰ ਲਾਰੈਂਸ ਗੈਂਗ ਦੇ ਸ਼ੂਟਰ ਸਚਿਨ ਭਵਾਨੀ ਨੇ ਆਪਣੇ ਗੈਂਗ ਦੇ ਸਾਥੀਆਂ ਨਾਲ ਮਿਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਬਕਾਇਦਾ ਜੇਲ੍ਹ ਵਿਚ ਮੋਬਾਇਲ ਫੋਨ ਤੋਂ ਵੀਡੀਓ ਬਣਾ ਕੇ, ਜਿਸ ਵਿਚ ਉਹ ਉਨ੍ਹਾਂ ਨੂੰ ਮਾਰਨ ਦਾ ਜਸ਼ਨ ਮਨਾ ਰਹੇ ਹਨ, ਨਾਲ ਹੀ ਜੱਗੂ ਨੂੰ ਵੀ ਗਾਲਾਂ ਵੀ ਕੱਢ ਰਹੇ ਹਨ। ਇਸ ਦਾ ਜਵਾਬ ਦਿੰਦੇ ਹੋਏ ਜੱਗੂ ਗੈਂਗ ਦੇ ਲੋਕਾਂ ਨੇ ਵੀ ਗੋਲਡੀ ਬਰਾੜ ਅਤੇ ਲਾਰੈਂਸ ਗੈਂਗ ਦੇ ਖਾਤਮੇ ਦੀ ਗੱਲ ਕੀਤੀ। ਇਨ੍ਹਾਂ ਗੈਂਗਸਟਰਾਂ ਨੇ ਇਕ-ਦੂਜੇ ਨੂੰ ਮਾਰਨ ਦੀ ਛਿੜੀ ਲੜਾਈ ਦਾ ਫਾਇਦਾ ਗੁਆਂਢੀ ਦੇਸ਼ ਪਾਕਿਸਤਾਨ ਉਠਾ ਕੇ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਜ਼ਿਆਦਾ ਮਾਹੌਲ ਖਰਾਬ ਕਰਨ ਦੀ ਤਾਕ ਵਿਚ ਹੈ। ਦੇਸ਼ ਅਤੇ ਪੰਜਾਬ ਦਾ ਖੁਫੀਆ ਵਿਭਾਗ ਇਸ ਸਬੰਧੀ ਪਹਿਲਾਂ ਹੀ ਅਲਰਟ ਜਾਰੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ : ਸਹੁਰਿਆਂ ਤੋਂ ਦੁਖੀ ਮੁੰਡੇ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਬਣਾਈ ਵੀਡੀਓ, ਕਿਹਾ ਸਾਲੀ ਨੇ ਬਰਬਾਦ ਕੀਤਾ ਘਰ

ਜੇਲ ਵਿਚ ਬੰਦ ਜੱਗੂ, ਲਾਰੈਂਸ ਤੇ ਵਿਦੇਸ਼ ਵਿਚ ਬੈਠੇ ਗੋਲਡੀ ਦੀ ਦੋਸਤੀ ਟੁੱਟ ਕੇ ਇਸ ਤਰ੍ਹਾਂ ਬਦਲੀ ਦੁਸ਼ਮਣੀ ਵਿਚ

ਅਪਰਾਧ ਦੀ ਦੁਨੀਆ ਵਿਚ ਜੱਗੂ ਭਗਵਾਨਪੁਰੀਆ ਨਾਮੀ ਗੈਂਗਸਟਰ ਹੈ, ਜਿਸ ’ਤੇ ਕਤਲ, ਇਰਾਦਾ ਕਤਲ, ਅਗਵਾ, ਫਿਰੌਤੀ ਅਤੇ ਗੁਆਂਢੀ ਦੇਸ਼ ਪਾਕਿਸਤਾਨ ਤੋਂ ਡਰੱਗ ਮੰਗਵਾ ਕੇ ਸਮੱਗਲਿੰਗ ਕਰਨ ਵਰਗੇ 70 ਮੁਕੱਦਮੇ ਦਰਜ ਹਨ। ਜੱਗੂ ਨੂੰ ਪੰਜਾਬ ਵਿਚ ਰਾਜਨੀਤਿਕ ਸ਼ਰਨ ਵੀ ਮਿਲਦੀ ਰਹੀ ਸੀ। ਇਸ ਦਾ ਖੁਲਾਸਾ ਖੁਦ ਉਸ ਸਮੇਂ ਆਈ. ਜੀ. ਰਹੇ ਇਕ ਅਧਿਕਾਰੀ ਨੇ ਆਪਣੀ ਰਿਪੋਰਟ ਵਿਚ ਕੀਤਾ। ਜੱਗੂ ਗੈਂਗ ਦਾ ਜ਼ਿਆਦਾ ਦਬਦਬਾ ਪੰਜਾਬ ਦੇ ਮਾਝਾ ਜ਼ਿਲ੍ਹੇ ਵਿਚ ਰਿਹਾ ਹੈ। ਗੋਲਡੀ ਬਰਾੜ ਅਤੇ ਲਾਰੈਂਸ ਦੋਵੇਂ ਇਕ ਹੀ ਯੂਨੀਵਰਸਿਟੀ ਵਿਚ ਪੜ੍ਹਦੇ ਸਨ। ਦੋਵਾਂ ਨੇ ਇਕੱਠੇ ਅਪਰਾਧ ਦੀ ਦੁਨੀਆ ਵਿਚ ਕਦਮ ਰੱਖਿਆ ਅਤੇ ਅੱਗੇ ਵਧਣ ਲਈ ਦੋਵਾਂ ਨੂੰ ਗੈਂਗਸਟਰ ਜੱਗੂ ਦਾ ਸਾਥ ਮਿਲਿਆ। ਜੱਗੂ ਦੀ ਦਵਿੰਦਰ ਬੰਬੀਹਾ ਗੈਂਗ ਨਾਲ ਦੁਸ਼ਮਣੀ ਸੀ ਤਾਂ ਲਾਰੈਂਸ ਵੀ ਬੰਬੀਹਾ ਗੈਂਗ ਦਾ ਦੁਸ਼ਮਣ ਬਣ ਗਿਆ। ਗੋਲਡੀ ਨੇ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਵਿਚ ਲਿਖਿਆ, ‘ਜੋ ਜੱਗੂ ਦਾ ਖਾਸ ਬਣਿਆ ਹੋਇਆ ਸੀ, ਅਸਲ ਵਿਚ ਉਹੀ ਸਭ ਤੋਂ ਵੱਡਾ ਗੱਦਾਰ ਸੀ। ਆਪਣਾ ਦਬਦਬਾ ਕਾਇਮ ਰੱਖਣ ਲਈ ਉਹ ਪੁਲਸ ਦਾ ਮੁਖਬਰ ਬਣਿਆ ਹੋਇਆ ਸੀ ਅਤੇ ਉਸੇ ਨੇ ਹੀ ਮੁਖਬਰੀ ਕਰ ਕੇ ਉਨ੍ਹਾਂ ਦੇ ਦੋ ਖਾਸਮਖਾਸ ਮਨਪ੍ਰੀਤ ਮੰਨੋ, ਜਗਰੂਪ ਰੂਪਾ ਦਾ ਪੁਲਸ ਨੂੰ ਸਮਾਂ ਚੁਕਵਾ ਕੇ ਉਨ੍ਹਾਂ ਦਾ ਐਨਕਾਊਂਟਰ ਕਰਵਾਇਆ।’ ਜੇਲ੍ਹ ਵਿਚ ਬੰਦ ਲਾਰੈਂਸ ਨੂੰ ਭਿਣਕ ਲਗ ਚੁੱਕੀ ਸੀ ਕਿ ਜੱਗੂ ਨੇ ਆਪਣੇ ਦੁਸ਼ਮਣ ਬੰਬੀਹਾ ਗੈਂਗ ਨਾਲ ਹੱਥ ਮਿਲਾ ਲਿਆ ਹੈ। ਗੋਲਡੀ ਨੇ ਆਪਣੀ ਪੋਸਟ ਵਿਚ ਇਹ ਵੀ ਲਿਖਿਆ ਕਿ ਜੇਲ੍ਹ ਵਿਚ ਬੰਦ ਲਾਰੈਂਸ ਬਿਸ਼ਨੋਈ ਨੂੰ ਇਸ ਗੱਲ ਦਾ ਪਤਾ ਲਗ ਗਿਆ ਸੀ ਕਿ ਜੱਗੂ ਨੇ ਆਪਣੇ ਦੁਸ਼ਮਣ ਬੰਬੀਹਾ ਗਰੁੱਪ ਨਾਲ ਹੱਥ ਮਿਲਾ ਲਿਆ ਹੈ। ਖੁਫ਼ੀਆ ਵਿਭਾਗ ਦੀ ਇਕ ਰਿਪੋਰਟ ਮੁਤਾਬਕ ਜੱਗੂ ਨੇ ਆਪਣੇ ਦੋਸਤ ਰਹੇ ਗੋਲਡੀ ਅਤੇ ਲਾਰੈਂਸ ਤੋਂ ਇਸ ਲਈ ਕਿਨਾਰਾ ਕਰ ਲਿਆ ਸੀ ਕਿਉਂਕਿ ਉਸ ਨੂੰ ਵੀ ਪਤਾ ਲੱਗ ਗਿਆ ਸੀ ਕਿ ਇਨ੍ਹਾਂ ਦੋਵਾਂ ਨੇ ਖਾਲਿਸਤਾਨੀ ਅੱਤਵਾਦੀ ਪਾਕਿਸਤਾਨ ਵਿਚ ਬੈਠੇ ਰਿੰਦਾ ਅਤੇ ਵਿਦੇਸ਼ ਵਿਚ ਬੈਠੇ ਲੰਡਾ ਹਰੀਕੇ ਨਾਲ ਹੱਥ ਮਿਲਾ ਲਿਆ ਹੈ।

ਇਹ ਵੀ ਪੜ੍ਹੋ : ਸ੍ਰੀ ਅਨੰਦਪੁਰ ਸਾਹਿਬ ’ਚ ਹੋਏ ਨਿਹੰਗ ਪ੍ਰਦੀਪ ਸਿੰਘ ਕਤਲ ਕਾਂਡ ’ਤੇ ਬਿਕਰਮ ਮਜੀਠੀਆ ਦਾ ਵੱਡਾ ਬਿਆਨ

ਗੈਂਗਸਟਰਾਂ ਵਿਚ ਇਕ-ਦੂਜੇ ਦੇ ਸ਼ੂਟਰਾਂ ਨੂੰ ਮਾਰਨ ਦਾ ਸਿਲਸਿਲਾ ਜੇਲ੍ਹ ਤੋਂ ਹੋਇਆ ਸ਼ੁਰੂ 

ਦੁਸ਼ਮਣ ਬਣ ਚੁੱਕੇ ਹੁਣ ਇਨ੍ਹਾਂ ਗੈਂਗਸਟਰਾਂ ਵਿਚ ਇਕ-ਦੂਜੇ ਦੇ ਸ਼ੂਟਰਾਂ ਨੂੰ ਮਾਰਨ ਦਾ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਖੂਨ ਖਰਾਬੇ ਦੇ ਇਕ ਨਵੇਂ ਦੌਰ ਦੀ ਸ਼ੁਰੂਆਤ ਪੰਜਾਬ ਦੀ ਜੇਲ੍ਹ ਤੋਂ ਹੋਈ ਹੈ। ਪੰਜਾਬ ਦੀਆਂ ਜੇਲ੍ਹਾਂ ਵਿਚ ਵੀ ਗੈਂਗਸਟਰਾਂ ਦਾ ਇੰਨਾ ਦਬਦਬਾ ਬਣ ਗਿਆ ਕਿ ਆਪਣੇ ਦਬਦਬੇ ਨੂੰ ਕਾਇਮ ਰੱਖਣ ਦੀ ਲੜਾਈ ਉਨ੍ਹਾਂ ਨੇ ਜੇਲ੍ਹਾਂ ਵਿਚ ਵੀ ਸ਼ੁਰੂ ਕਰ ਦਿੱਤੀ ਹੈ। ਲਾਰੈਂਸ ਨੇ ਜੇਲ੍ਹ ਵਿਚ ਬੈਠੇ ਹੀ ਪੰਜਾਬ ਦੀ ਜੇਲ੍ਹ ਵਿਚ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿਵਾ ਦਿੱਤਾ ਜਿਸ ਤੋਂ ਬਾਅਦ ਪੰਜਾਬ ਪੁਲਸ ਦੀ ਕਾਰਜਪ੍ਰਣਾਲੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਆਖਿਰ ਜੇਲ੍ਹ ਵਿਚ ਬੰਦ ਇਨ੍ਹਾਂ ਗੈਂਗਸਟਰਾਂ ਦੇ ਕੋਲ ਮੋਬਾਇਲ ਫੋਨ ਅਤੇ ਹਥਿਆਰ ਕਿੱਥੋਂ ਤੇ ਕਿਵੇਂ ਆਏ, ਉਸੇ ਮੋਬਾਇਲ ਫੋਨ ਤੋਂ ਸ਼ੂਟਰ ਸਚਿਨ ਭਿਵਾਨੀ ਨੇ ਉਨ੍ਹਾਂ ਨੂੰ ਮਾਰਨ ਤੋਂ ਬਾਅਦ ਜਸ਼ਨ ਮਨਾਉਣ ਦੀ ਵੀਡੀਓ ਬਣਾਈ ਅਤੇ ਵਿਦੇਸ਼ ਵਿਚ ਬੈਠੇ ਗੋਲਡੀ ਬਰਾੜ ਨੂੰ ਬਾਕਾਇਦਾ ਫੋਨ ਕਰਕੇ ਵੀ ਦੱਸਿਆ। ਲਾਰੈਂਸ ਦਾ ਇਹ ਕਾਰਨਾਮਾ ਪੰਜਾਬ ਦੀਆਂ ਸੁਰੱਖਿਆ ਏਜੰਸੀਆਂ ’ਤੇ ਵੀ ਵੱਡਾ ਸਵਾਲ ਖੜ੍ਹਾ ਕਰਦਾ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ

ਬੰਬੀਹਾ ਗੈਂਗ ਵੀ ਲਾਰੈਂਸ ਨਾਲ ਪੁਰਾਣੀ ਦੁਸ਼ਮਣੀ ਦਾ ਬਦਲਾ ਲੈਣ ਲਈ ਹੋਇਆ ਐਕਟਿਵ

ਖੁਫ਼ੀਆ ਵਿਭਾਗ ਦੀ ਰਿਪੋਰਟ ਮੁਤਾਬਕ ਬੰਬੀਹਾ ਗੈਂਗ ਵੀ ਲਾਰੈਂਸ ਗੈਂਗ ਤੋਂ ਬਦਲਾ ਲੈਣ ਲਈ ਅਤੇ ਇਨ੍ਹਾਂ ਗੈਂਗਸਟਰਾਂ ਵਿਚ ਆਪਸ ਵਿਚ ਸ਼ੁਰੂ ਹੋਈ ਦੁਸ਼ਮਣੀ ਦਾ ਫਾਇਦਾ ਉਠਾ ਕੇ ਸਰਗਰਮ ਹੋਣਾ ਸ਼ੁਰੂ ਹੋ ਗਿਆ ਹੈ। ਬੰਬੀਹਾ ਗੈਂਗ ਦਾ ਮੁੱਖ ਸਰਗਣਾ ਕਬੱਡੀ ਖਿਡਾਰੀ ਦਵਿੰਦਰ ਸਿੰਘ ਸਿੱਧੂ ਸੀ, ਜੋ ਮੋਗਾ ਜ਼ਿਲ੍ਹੇ ਦੇ ਬੰਬੀਹਾ ਪਿੰਡ ਦਾ ਰਹਿਣ ਵਾਲਾ ਸੀ। ਅਪਰਾਧ ਦੀ ਦੁਨੀਆਂ ਵਿਚ ਕਦਮ ਰੱਖਣ ਤੋਂ ਬਾਅਦ ਉਸ ਨੇ ਖੁਦ ਦਾ ਬੰਬੀਹਾ ਗੈਂਗ ਬਣਾ ਲਿਆ। ਇਕ ਪੁਲਸ ਐਨਕਾਊਂਟਰ ਵਿਚ ਦਵਿੰਦਰ ਬੰਬੀਹਾ ਮਾਰਿਆ ਗਿਆ। ਉਸ ਦੇ ਮਾਰੇ ਜਾਣ ਤੋਂ ਬਾਅਦ ਗੈਂਗਸਟਰ ਲੱਕੀ ਪਟਿਆਲਾ, ਜੋ ਵਿਦੇਸ਼ ਅਰਮੀਨੀਆ ਵਿਚ ਰਹਿੰਦਾ ਹੈ, ਉਥੋਂ ਹੀ ਬੈਠਾ ਇਸ ਗੈਂਗ ਨੂੰ ਚਲਾ ਰਿਹਾ ਹੈ। ਲਾਰੈਂਸ ਅਤੇ ਬੰਬੀਹਾ ਗੈਂਗ ਵਿਚ ਬਦਲੇ ਦੀ ਕਹਾਣੀ ਦਿਓੜਾ ਦੇ ਕਤਲ ਤੋਂ ਸ਼ੁਰੂ ਹੋਈ ਸੀ। ਦਿਓੜਾ ਦਾ ਕਤਲ ਲਾਰੈਂਸ ਦੇ ਸ਼ੂਟਰ ਨਹਿਰਾ ਨੇ ਕੀਤਾ ਸੀ, ਜਿਸ ਤੋਂ ਬਾਅਦ ਬੰਬੀਹਾ ਗੈਂਗ ਦੇ ਸੰਚਾਲਕ ਲੱਕੀ ਪਟਿਆਲਾ ਨੇ ਉਸ ਦਾ ਬਦਲਾ ਲੈਣ ਲਈ ਗੁਰਲਾਲ ਬਰਾੜ ਦਾ ਕਤਲ ਕਰਵਾ ਦਿੱਤਾ। ਗੁਰਲਾਲ ਬਰਾੜ ਗੋਲਡੀ ਬਰਾੜ ਦਾ ਰਿਸ਼ਤੇ ਵਿਚ ਭਰਾ ਸੀ। ਗੋਲਡੀ ਨੇ ਭਰਾ ਦੀ ਮੌਤ ਦਾ ਬਦਲਾ ਬੰਬੀਹਾ ਗੈਂਗ ਦੇ ਰਣਜੀਤ ਸਿੰਘ ਰਾਣਾ ਦਾ ਕਤਲ ਕਰਵਾ ਕੇ ਲਿਆ। ਹੁਣ ਜੱਗੂ ਅਤੇ ਬੰਬੀਹਾ ਗੈਂਗ ਦੇ ਇਕੱਠੇ ਆ ਜਾਣ ਨਾਲ ਬੰਬੀਹਾ ਗੈਂਗ ਵੀ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ, ਜੋ ਲਾਰੈਂਸ ਅਤੇ ਬਰਾੜ ਦੇ ਸ਼ੂਟਰਾਂ ਦੇ ਖਾਤਮੇ ਦੀ ਤਿਆਰੀ ਵਿਚ ਲੱਗ ਚੁੱਕਾ ਹੈ।

ਇਹ ਵੀ ਪੜ੍ਹੋ : ਲੁਧਿਆਣਾ ’ਚ ਕ੍ਰਿਕਟ ਮੈਚ ਦੌਰਾਨ ਹੋਏ ਖੂਨੀ ਕਾਂਡ ਦੀ ਵੀਡੀਓ ਆਈ ਸਾਹਮਣੇ, ਕੋਮਾ ’ਚ ਗਿਆ ਖਿਡਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh