ਮੂਸੇਵਾਲਾ ਕਤਲਕਾਂਡ ’ਤੇ ਬੋਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ, ‘ਗੋਲਡੀ ਬਰਾੜ ਤੇ ਸਚਿਨ ਨੇ ਕਰਵਾਇਆ ਕਤਲ’

03/14/2023 10:29:47 PM

ਚੰਡੀਗੜ੍ਹ (ਰਮਨਜੀਤ ਸਿੰਘ)-ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਖ਼ਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਮੰਗਲਵਾਰ ਨੂੰ ਇਕ ਟੀ. ਵੀ. ਚੈਨਲ ਨੂੰ ਦਿੱਤੇ ਗਏ ਇੰਟਰਵਿਊ ਨੇ ਹਲਚਲ ਮਚਾ ਦਿੱਤੀ ਹੈ। ਇੰਟਰਵਿਊ ’ਚ ਬਿਸ਼ਨੋਈ ਨੇ ਨਾ ਸਿਰਫ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਸਹੀ ਠਹਿਰਾਇਆ, ਸਗੋਂ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਵੀ ਇਕ ਵਾਰ ਫਿਰ ਧਮਕੀ ਦਿੱਤੀ। ਧਿਆਨ ਰਹੇ ਕਿ ਮੌਜੂਦਾ ਸਮੇਂ ’ਚ ਬਿਸ਼ਨੋਈ ਬਠਿੰਡਾ ਜੇਲ੍ਹ ਵਿਚ ਬੰਦ ਹੈ।

ਇਹ ਖ਼ਬਰ ਵੀ ਪੜ੍ਹੋ : ਦਿੱਲੀ ਤੋਂ ਲੁਧਿਆਣੇ ਖਿੱਚ ਲਿਆਈ ਕਿਸਮਤ, ਰਾਤੋ-ਰਾਤ ਬਦਲੇ ਨਸੀਬ, ਬਣਿਆ ਕਰੋੜਪਤੀ (ਵੀਡੀਓ) 

ਇੰਟਰਵਿਊ ’ਚ ਲਾਰੈਂਸ ਬਿਸ਼ਨੋਈ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦੇ ਨਾਲ ਉਨ੍ਹਾਂ ਦੀ ਕੋਈ ਦੁਸ਼ਮਣੀ ਨਹੀਂ ਸੀ ਪਰ ਵਿੱਕੀ ਮਿੱਡੂਖੇੜਾ, ਜਿਸ ਨੂੰ ਉਹ ਆਪਣਾ ਭਰਾ ਮੰਨਦਾ ਸੀ, ਉਸ ਦਾ ਕਤਲ ਕਰਨ ਵਾਲਿਆਂ ਨੂੰ ਮੂਸੇਵਾਲਾ ਨੇ ਸਹਾਇਤਾ ਦਿੱਤੀ ਸੀ। ਉਸ ਦੇ ਮੈਨੇਜਰ ਦੀ ਭੂਮਿਕਾ ਵੀ ਸਾਫ਼ ਤੌਰ ’ਤੇ ਸਾਹਮਣੇ ਆ ਗਈ ਸੀ, ਬਸ ਇਸ ਗੱਲ ਦਾ ਗੁੱਸਾ ਸੀ। ਸਾਡੇ ਵਿਰੋਧੀਆਂ ਨੇ ਹੀ ਗੋਲਡੀ ਬਰਾੜ ਦੇ ਭਰਾ ਗੁਰਲਾਲ ਬਰਾੜ ਦਾ ਕਤਲ ਕਰਵਾਇਆ। ਇਨ੍ਹਾਂ ਕਤਲਾਂ ਤੋਂ ਬਾਅਦ ਸਾਨੂੰ ਭਰੋਸਾ ਹੋ ਗਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸਿੱਧੂ ਮੂਸੇਵਾਲਾ ਸਾਡੇ ਵਿਰੋਧੀ ਗੈਂਗ ਵਾਲਿਆਂ ਨੂੰ ਤਾਕਤਵਰ ਕਰਨ ’ਚ ਲੱਗਾ ਹੋਇਆ ਹੈ। ਮੈਂ ਟ੍ਰਾਈ ਕੀਤਾ ਸੀ ਪਰ ਕੰਮ ਹੋ ਨਹੀਂ ਸਕਿਆ, ਜਿਸ ਤੋਂ ਬਾਅਦ ਮੈਂ ਸਚਿਨ ਬਿਸ਼ਨੋਈ ਅਤੇ ਗੋਲਡੀ ਬਰਾੜ ਨੂੰ ਇਹ ਕੰਮ ਨਿਪਟਾਉਣ ਲਈ ਕਿਹਾ। ਉਨ੍ਹਾਂ ਨੇ ਹੀ ਸਾਰੀ ਪਲਾਨਿੰਗ ਬਣਾਈ ਅਤੇ ਮਈ ’ਚ ਕੰਮ ਨੂੰ ਅੰਜਾਮ ਦੇ ਦਿੱਤਾ ਗਿਆ।

 ਇਹ ਖ਼ਬਰ ਵੀ ਪੜ੍ਹੋ : ਟੈੱਟ ਪੇਪਰ ਮਾਮਲੇ ’ਚ CM ਮਾਨ ਦੇ ਹੁਕਮਾਂ ਤੋਂ ਬਾਅਦ ਵੱਡੀ ਕਾਰਵਾਈ

ਬਿਸ਼ਨੋਈ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਸ ਪੱਖਪਾਤ ਕਰਦੇ ਹੋਏ ਕਾਰਵਾਈ ਕਰਦੀ ਹੈ ਕਿਉਂਕਿ ਵਿੱਕੀ ਮਿੱਡੂਖੇੜਾ ਦੇ ਕਤਲ ਮਾਮਲੇ ’ਚ ਇਕ ਵਾਰ ਵੀ ਮੂਸੇਵਾਲਾ ਤੋਂ ਪੁੱਛਗਿਛ ਨਹੀਂ ਕੀਤੀ ਗਈ ਅਤੇ ਨਾ ਹੀ ਉਸ ਦੇ ਮੈਨੇਜਰ ਨੂੰ ਬੁਲਾਇਆ ਗਿਆ ਕਿਉਂਕਿ ਸਿੱਧੂ ਮੂਸੇਵਾਲਾ ਦੀ ਕਈ ਕਾਂਗਰਸ ਨੇਤਾਵਾਂ ਨਾਲ ਬਣਦੀ ਸੀ ਅਤੇ ਉਸ ਸਮੇਂ ਕਾਂਗਰਸ ਦੀ ਹੀ ਪੰਜਾਬ ’ਚ ਸਰਕਾਰ ਸੀ। ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਹੁਣ ਵੀ ਮੂਸੇਵਾਲਾ ਦਾ ਕਤਲ ਹੋਣ ਤੋਂ ਬਾਅਦ ਬੇਵਜ੍ਹਾ 50 ਲੋਕਾਂ ਨੂੰ ਉਸ ਦੇ ਕੇਸ ਕਾਰਨ ਅੰਦਰ ਕੀਤਾ ਹੋਇਆ ਹੈ, ਜਦਕਿ ਕਈਆਂ ਨੇ ਤਾਂ ਸਿਰਫ ਚਾਹ-ਪਾਣੀ ਹੀ ਪਿਲਾਇਆ ਸੀ ਕੰਮ ਕਰਨ ਵਾਲਿਆਂ ਨੂੰ।ਇਸੇ ਤਰ੍ਹਾਂ ਬਿਸ਼ਨੋਈ ਨੇ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਇਕ ਵਾਰ ਫਿਰ ਧਮਕੀ ਦੇਣ ਦੇ ਲਹਿਜੇ ’ਚ ਕਿਹਾ ਕਿ ਜਾਂ ਤਾਂ ਸਲਮਾਨ ਖਾਨ ਨੂੰ ਮੁਆਫ਼ੀ ਮੰਗਣੀ ਪਵੇਗੀ ਜਾਂ ਫਿਰ ਉਸ ਨੂੰ ਅਸੀਂ ਆਪਣੇ ਤਰੀਕੇ ਨਾਲ ਸਮਝਾਵਾਂਗੇ।

ਉਧਰ, ਇਸ ਇੰਟਰਵਿਊ ਦੇ ਚੱਲਣ ਤੋਂ ਬਾਅਦ ਬਠਿੰਡਾ ਜੇਲ੍ਹ ਦੇ ਸੁਪਰਡੈਂਟ ਐੱਨ. ਡੀ. ਨੇਗੀ ਨੇ ਸਪੱਸ਼ਟੀਕਰਨ ਦਿੰਦੇ ਹੋਏ ਕਿਹਾ ਹੈ ਕਿ ਬਿਸ਼ਨੋਈ ਬਠਿੰਡਾ ਜੇਲ੍ਹ ਵਿਚ ਬੰਦ ਹੈ ਅਤੇ ਇਹ ਇੰਟਰਵਿਊ ਬਠਿੰਡਾ ਜੇਲ੍ਹ ਦੇ ਅੰਦਰ ਨਹੀਂ ਹੋਈ ਹੈ। ਨੇਗੀ ਦਾ ਕਹਿਣਾ ਹੈ ਕਿ ਬਠਿੰਡਾ ਜੇਲ ਪੂਰੀ ਤਰ੍ਹਾਂ ਜੈਮਰ ਨਾਲ ਲੈਸ ਹੈ ਅਤੇ ਮੋਬਾਇਲ ਇਸਤੇਮਾਲ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬਿਸ਼ਨੋਈ ਅਕਸਰ ਹੀ ਦੂਜੇ ਸੂਬਿਆਂ ਵਿਚ ਪੇਸ਼ੀਆਂ ’ਤੇ ਜਾਂਦਾ ਰਹਿੰਦਾ ਹੈ, ਸੰਭਾਵਨਾ ਹੈ ਕਿ ਉੱਥੇ ਇਹ ਰਿਕਾਰਡ ਹੋਈ ਹੋਵੇਗੀ। 

 


 

Manoj

This news is Content Editor Manoj