ਗੈਂਗਸਟਰ ਕਾਲਾ ਸੇਖੋਂ ਸਮੇਤ 3 ਨੂੰ ਹੱਥਕੜੀ ਲਾਉਣ ਦਾ ਮਾਮਲਾ ਪਹੁੰਚਿਆ ਹਾਈ ਕੋਰਟ

11/14/2017 8:52:13 AM

ਚੰਡੀਗੜ੍ਹ (ਬਰਜਿੰਦਰ)-ਹਾਲ ਹੀ ਵਿਚ ਪੰਜਾਬ ਪੁਲਸ ਦੀ ਗ੍ਰਿਫ਼ਤ ਵਿਚ ਆਏ ਗੈਂਗਸਟਰ ਮਨਜਿੰਦਰ ਸਿੰਘ ਉਰਫ਼ ਕਾਲਾ ਸੇਖੋਂ ਸਮੇਤ 3 ਮੁਲਜ਼ਮਾਂ ਨੂੰ ਫਰੀਦਕੋਟ ਪੁਲਸ ਵਲੋਂ ਹੱਥਕੜੀ ਲਾਉਣ ਦੀ ਘਟਨਾ ਨੂੰ ਹਾਈ ਕੋਰਟ ਦੇ ਸਾਲ 2008 ਵਿਚ ਜਾਰੀ ਹੁਕਮਾਂ ਦੀ ਉਲੰਘਣਾ ਦੱਸਦਿਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਇਕ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ਵਿਚ ਡੀ. ਜੀ. ਪੀ. ਪੰਜਾਬ ਸੁਰੇਸ਼ ਅਰੋੜਾ, ਐੱਸ. ਐੱਸ. ਪੀ. ਫਰੀਦਕੋਟ ਦਰਸ਼ਨ ਸਿੰਘ ਮਾਨ ਤੇ ਐੱਸ. ਪੀ. (ਇਨਵੈਸਟੀਗੇਸ਼ਨ), ਫਰੀਦਕੋਟ ਸੇਵਾ ਸਿੰਘ ਨੂੰ ਪਾਰਟੀ ਬਣਾਉਂਦਿਆਂ ਕਾਰਵਾਈ ਦੀ ਮੰਗ ਕੀਤੀ ਗਈ ਹੈ। ਇਸ ਮਾਣਹਾਨੀ ਪਟੀਸ਼ਨ 'ਤੇ ਜਲਦੀ ਹੀ ਸੁਣਵਾਈ ਹੋਣ ਦੀ ਸੰਭਾਵਨਾ ਹੈ।
ਵਰਲਡ ਹਿਊਮਨ ਰਾਈਟਸ ਕੌਂਸਲ ਵਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਰ ਵਲੋਂ ਅੰਗਰੇਜ਼ੀ ਅਖ਼ਬਾਰ ਵਿਚ 28 ਅਕਤੂਬਰ, 2017 ਨੂੰ ਗੈਂਗਸਟਰ ਕਾਲਾ ਸੇਖੋਂ ਨਾਲ ਜੁੜੀ ਖਬਰ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਵਿਚ ਇਕ ਤਸਵੀਰ ਛਾਪੀ ਸੀ, ਜਿਸ ਵਿਚ 3 ਮੁਲਜ਼ਮਾਂ ਨੂੰ ਹੱਥਕੜੀ ਲਾਈ ਹੋਈ ਸੀ।