ਗੈਂਗਸਟਰ ਗੁਗਨੀ ''ਤੇ ਦਰਜ ਕੇਸ ''ਚ ਬੈਕਫੁੱਟ ''ਤੇ ਆਈ ਲੁਧਿਆਣਾ ਪੁਲਸ

03/09/2018 6:13:36 AM

ਲੁਧਿਆਣਾ(ਮਹਿਰਾ)-2012 ਵਿਚ ਹੋਏ ਇਕ ਕਤਲਕਾਂਡ 'ਚ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਧਰਮਿੰਦਰ ਸਿੰਘ ਉਰਫ ਗੁਗਨੀ ਦੇ ਕੇਸ 'ਚ ਪੁਲਸ ਬੈਕਫੁੱਟ 'ਤੇ ਆ ਗਈ ਹੈ। ਗੁਗਨੀ ਦੇ ਵਕੀਲ ਨੇ ਅੱਜ ਅਦਾਲਤ 'ਚ ਗੁਗਨੀ ਨਾਲ ਸਬੰਧਤ ਦਸਤਾਵੇਜ਼ ਪੇਸ਼ ਕਰਦੇ ਹੋਏ ਦਾਅਵਾ ਕੀਤਾ ਕਿ ਪੁਲਸ ਦੇ ਅਧਿਕਾਰੀ ਇੰਸਪੈਕਟਰ ਮੁਹੰਮਦ ਜਮੀਲ 'ਤੇ ਗੁਗਨੀ ਨੂੰ ਕੇਸ ਵਿਚ ਫਸਾਉਣ ਲਈ ਝੂਠੀ ਗਵਾਹੀ ਤਿਆਰ ਕਰਨ ਦਾ ਦੋਸ਼ ਲਾਇਆ ਹੈ। ਨਾਲ ਹੀ ਗੁਗਨੀ ਨੇ ਆਪਣੇ ਵਕੀਲ ਰਾਹੀਂ ਬਾਕਾਇਦਾ ਉਪਰੋਕਤ ਪੁਲਸ ਅਧਿਕਾਰੀ ਖਿਲਾਫ ਅਦਾਲਤ ਵਿਚ ਇਕ ਸ਼ਿਕਾਇਤ ਵੀ ਦਾਖਲ ਕਰ ਦਿੱਤੀ ਹੈ, ਜਿਸ ਵਿਚ ਪੁਲਸ ਅਧਿਕਾਰੀ 'ਤੇ ਉਸ ਨੂੰ ਫਸਾਉਣ ਲਈ ਝੂਠੀ ਗਵਾਹੀ ਤਿਆਰ ਕਰਨ ਦੇ ਦੋਸ਼ ਲਾ ਕੇ ਉਸ 'ਤੇ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। 
ਇਸ ਸਬੰਧੀ ਗੁਗਨੀ ਦੇ ਵਕੀਲ ਅਮਿਤ ਅਗਨੀਹੋਤਰੀ ਨੇ ਬਾਕਾਇਦਾ ਆਪਣਾ ਹਲਫੀਆ ਬਿਆਨ ਵੀ ਅਦਾਲਤ 'ਚ ਸਬਮਿਟ ਕਰ ਦਿੱਤਾ ਹੈ, ਜਿਸ ਨਾਲ ਜਿੱਥੇ ਉਪਰੋਕਤ ਪੁਲਸ ਅਧਿਕਾਰੀ ਲਈ ਮੁਸ਼ਕਲਾਂ ਪੈਦਾ ਹੁੰਦੀਆਂ ਨਜ਼ਰ ਆ ਰਹੀਆਂ ਹਨ, ਉੱਥੇ ਜ਼ਿਲਾ ਪੁਲਸ 'ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ। ਅੱਜ ਪੁਲਸ ਨੇ ਗੁਗਨੀ ਦਾ ਇਕ ਦਿਨ ਦਾ ਪੁਲਸ ਰਿਮਾਂਡ ਖਤਮ ਹੋਣ 'ਤੇ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਅਤੇ ਦਾਅਵਾ ਕੀਤਾ ਕਿ 17 ਅਗਸਤ, 2012 ਨੂੰ ਪੁਲਸ ਥਾਣਾ ਬਸਤੀ ਜੋਧੇਵਾਲ ਵੱਲੋਂ ਕਤਲ ਦੇ ਦੋਸ਼ 'ਚ ਸ਼ਿਕਾਇਤਕਰਤਾ ਬਲਵਿੰਦਰ ਸਿੰਘ ਨਿਵਾਸੀ ਪਿੰਡ ਬਾਜੜਾ ਦੀ ਸ਼ਿਕਾਇਤ 'ਤੇ ਧਾਰਾ 302 ਅਤੇ 392 ਆਈ. ਪੀ. ਸੀ. ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਮੁਤਾਬਕ ਉਸ ਦੇ ਚਾਚੇ ਦਾ ਬੇਟਾ ਸੁਖਵਿੰਦਰ ਸਿੰਘ ਜੋਕਿ ਫਾਇਨਾਂਸ ਦਾ ਕੰਮ ਕਰਦਾ ਸੀ ਅਤੇ ਰੋਜ਼ਾਨਾ ਵਾਂਗ ਜਦੋਂ ਉਹ 17 ਅਗਸਤ ਨੂੰ ਘਰੋਂ ਨਕਦੀ ਲੈ ਕੇ ਆਪਣੀ ਰਾਹੋਂ ਰੋਡ ਸਥਿਤ ਦੁਕਾਨ 'ਤੇ ਆਇਆ ਤਾਂ ਉਸ ਦੇ ਦਫਤਰ 'ਚ ਹੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਉਸ ਦੇ ਗਲੇ 'ਚ ਰੱਸੀ ਪਾ ਕੇ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਅਤੇ ਸਾਰਾ ਕੈਸ਼ ਲੁੱਟ ਕੇ ਲੈ ਗਏ। ਬਾਅਦ ਵਿਚ ਪੁਲਸ ਨੇ ਕਤਲਕਾਂਡ ਨੂੰ ਲੈ ਕੇ ਕੋਈ ਸੁਰਾਗ ਨਾ ਲੱਗਣ ਕਾਰਨ ਅਦਾਲਤ 'ਚ ਕੈਂਸਲੇਸ਼ਨ ਰਿਪੋਰਟ ਦਾਖਲ ਕਰ ਦਿੱਤੀ ਸੀ ਪਰ ਜੋ ਹੁਣ ਅਦਾਲਤ 'ਚ ਬਕਾਇਆ ਹੈ। ਪੁਲਸ ਮੁਤਾਬਕ ਜਾਂਚ ਦੌਰਾਨ ਸੰਤੋਖ ਸਿੰਘ ਨਿਵਾਸੀ ਕੁਲਦੀਪ ਨਗਰ ਨੇ ਪੁਲਸ ਨੂੰ ਦੱਸਿਆ ਕਿ ਦੋਸ਼ੀ ਧਰਮਿੰਦਰ ਉਰਫ ਗੁਗਨੀ ਨੇ ਉਸ ਕੋਲ ਆਪਣਾ ਜੁਰਮ ਕਬੂਲ ਕਰਦੇ ਹੋਏ ਦੱਸਿਆ ਸੀ ਕਿ ਉਸ ਦੇ ਖਿਲਾਫ ਕਾਫੀ ਪਰਚੇ ਦਰਜ ਹੋ ਚੁੱਕੇ ਹਨ ਅਤੇ ਕੁੱਝ ਲੋਕ ਉਸ ਨੂੰ ਜਾਨੋਂ ਮਾਰਨਾ ਚਾਹੁੰਦੇ ਹਨ ਅਤੇ ਇਨ੍ਹਾਂ ਹੀ ਕੇਸਾਂ ਨੂੰ ਲੈ ਕੇ ਉਸ ਨੂੰ ਰੁਪਇਆਂ ਦੀ ਲੋੜ ਸੀ ਅਤੇ ਉਸ ਨੇ ਆਪਣੀ ਜ਼ਰੂਰਤ ਪੂਰੀ ਕਰਨ ਲਈ 17 ਅਗਸਤ, 2012 ਨੂੰ ਸੁਖਵਿੰਦਰ ਸਿੰਘ ਦੀ ਲੁੱਟ ਕਾਰਨ ਕਤਲ ਕਰ ਦਿੱਤਾ ਸੀ, ਜਦੋਂਕਿ ਉਸ ਦੀ ਮ੍ਰਿਤਕ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ। ਪੁਲਸ ਨੇ ਉਪਰੋਕਤ ਬਿਆਨ ਦੇ ਆਧਾਰ 'ਤੇ ਨਾਭਾ ਜੇਲ 'ਚ ਬੰਦ ਦੋਸ਼ੀ ਗੈਂਗਸਟਰ ਧਰਮਿੰਦਰ ਸਿੰਘ ਉਰਫ ਗੁਗਨੀ ਨੂੰ ਪ੍ਰੋਡਕਸ਼ਨ ਵਾਰੰਟ ਰਾਹੀਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਅਤੇ ਉਸ ਦੇ 7 ਦਿਨ ਦੇ ਪੁਲਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਗੁਗਨੀ ਦਾ ਇਕ ਦਿਨ ਦੇ ਪੁਲਸ ਰਿਮਾਂਡ ਦੇ ਦਿੱਤਾ ਸੀ ਅਤੇ ਪੁਲਸ ਨੂੰ ਅੱਜ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। 
ਅਦਾਲਤ ਵਿਚ ਅੱਜ ਪੁਲਸ ਨੇ ਮੁੜ ਰਿਮਾਂਡ ਮੰਗਿਆ ਪਰ ਗੁਗਨੀ ਦੇ ਵਕੀਲ ਨੇ ਗੁਗਨੀ ਦਾ ਪਾਸਪੋਰਟ ਦੀ ਫੋਟੋ ਕਾਪੀ ਅਦਾਲਤ ਵਿਚ ਦਿੰਦੇ ਹੋਏ ਦਾਅਵਾ ਕੀਤਾ ਕਿ ਜਿਸ ਸਮੇਂ ਉਪਰੋਕਤ ਵਾਰਦਾਤ ਹੋਈ ਸੀ, ਉਸ ਸਮੇਂ ਗੁਗਨੀ ਇੰਡਲੈਂਡ ਵਿਚ ਸੀ ਅਤੇ ਬਾਅਦ ਵਿਚ ਗੁਗਨੀ 2013 ਤੋਂ ਅੱਜ ਤੱਕ ਜੇਲ ਵਿਚ ਬੰਦ ਹੈ। ਪੁਲਸ ਨੇ ਜਿਸ ਜੁਰਮ ਕਬੂਲਨਾਮੇ ਨੂੰ ਲੈ ਕੇ ਆਪਣੀਆਂ ਤਰੀਕਾਂ ਦੱਸੀਆਂ ਹਨ ਅਤੇ ਕਿਹਾ ਕਿ ਜਨਵਰੀ, ਫਰਵਰੀ 2016 ਨੂੰ ਹੋਈ ਇਕ ਸਿਆਸੀ ਰੈਲੀ ਦੌਰਾਨ ਦੋਸ਼ੀ ਨੇ ਆਪਣਾ ਜੁਰਮ ਕਬੂਲ ਕੀਤਾ ਸੀ, ਬਿਲਕੁਲ ਗਲਤ ਹੈ, ਕਿਉਂਕਿ ਉਸ ਸਮੇਂ ਦੋਸ਼ੀ ਜੇਲ ਵਿਚ ਬੰਦ ਸੀ ਅਤੇ ਰਾਜਨੀਤਕ ਰੈਲੀ ਵਿਚ ਉਸ ਦੇ ਸ਼ਾਮਲ ਹੋਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਉਨ੍ਹਾਂ ਦੋਸ਼ ਲਾਇਆ ਕਿ ਕਿਸੇ ਨਾ ਕਿਸੇ ਕੇਸ ਵਿਚ ਪੁਲਸ ਗੁਗਨੀ ਨੂੰ ਫਸਾਉਂਦੀ ਚਲੀ ਆ ਰਹੀ ਹੈ ਤਾਂਕਿ ਉਹ ਜੇਲ ਤੋਂ ਬਾਹਰ ਨਾ ਆ ਸਕੇ। ਅਦਾਲਤ ਨੇ ਸਰਕਾਰੀ ਵਕੀਲ ਅਤੇ ਦੋਸ਼ੀ ਦੇ ਵਕੀਲ ਦੀਆਂ ਦਲੀਲਾਂ ਅਤੇ ਦਿੱਤੇ ਗਏ ਦਸਤਾਵੇਜ਼ਾਂ ਨੂੰ ਦੇਖਣ ਨੂੰ ਬਾਅਦ ਗੁਗਨੀ ਨੂੰ ਪੁਲਸ ਰਿਮਾਂਡ 'ਤੇ ਭੇਜਣ ਦੀ ਮੰਗ ਨੂੰ ਠੁਕਰਾਉਂਦੇ ਹੋਏ ਉਸ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ। ਨਾਲ ਹੀ ਅਦਾਲਤ ਨੇ ਗੁਗਨੀ ਵੱਲੋਂ ਆਪਣੇ ਵਕੀਲ ਰਾਹੀਂ ਕੀਤੀ ਗਈ ਪੁਲਸ ਅਧਿਕਾਰੀ ਖਿਲਾਫ ਸ਼ਿਕਾਇਤ ਨੂੰ ਵੀ 22 ਮਾਰਚ 'ਤੇ ਰੱਖਦੇ ਹੋਏ ਗੁਗਨੀ ਦੇ ਵਕੀਲ ਨੂੰ ਇਸ ਸਬੰਧੀ ਆਪਣੀਆਂ ਗਵਾਹੀਆਂ ਦੇਣ ਨੂੰ ਕਿਹਾ ਹੈ। ਅਦਾਲਤ 'ਚ ਗੁਗਨੀ ਦੀ ਪੇਸ਼ੀ ਨੂੰ ਲੈ ਕੇ ਪੁਲਸ ਅੱਜ ਆਪਣਾ ਬਚਾਅ ਕਰਦੇ ਹੋਏ ਦਿਖੀ, ਜਦੋਂਕਿ ਗੁਗਨੀ ਦਾ ਵਕੀਲ ਪੁਲਸ 'ਤੇ ਹਾਵੀ ਹੁੰਦਾ ਦਿਖਾਈ ਦਿੱਤਾ।