ਖਤਰਨਾਕ ਗੈਂਗਸਟਰ ਗੋਰੂ ਬੱਚਾ ਦੇ ਕੇਸ ਦੀ ਸੁਣਵਾਈ 16 ਤੱਕ ਟਲੀ

03/09/2018 7:27:06 PM

ਲੁਧਿਆਣਾ (ਮਹਿਰਾ) : ਸਥਾਨਕ ਦੁੱਗਰੀ ਕਤਲਕਾਂਡ 'ਚ ਨਾਮਜ਼ਦ ਖਤਰਨਾਕ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਕੇਸ ਦੀ ਸੁਣਵਾਈ ਵੀਰਵਾਰ ਨੂੰ ਵਧੀਕ ਸੈਸ਼ਨ ਜੱਜ ਵਰਿੰਦਰ ਅਗਰਵਾਲ ਦੀ ਅਦਾਲਤ 'ਚ ਹੋਈ। ਅਦਾਲਤ ਵਿਚ ਪੁਲਸ ਵੱਲੋਂ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਨੂੰ ਭਾਰੀ ਸੁਰੱਖਿਆ ਤਹਿਤ ਅਦਾਲਤ ਵਿਚ ਪੇਸ਼ ਕੀਤਾ ਗਿਆ ਪਰ ਹੋਰਨਾਂ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਨਾ ਕੀਤੇ ਜਾਣ ਕਾਰਨ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 16 ਮਾਰਚ ਤੱਕ ਲਈ ਟਾਲ ਦਿੱਤੀ ਹੈ।
ਵਰਣਨਯੋਗ ਹੈ ਕਿ ਇਸੇ ਕੇਸ 'ਚ ਪੁਲਸ ਨੇ ਇਕ ਹੋਰ ਦੋਸ਼ੀ ਅਰਜਨ ਸਿੰਘ ਖਿਲਾਫ ਵੀ ਚਲਾਨ ਪੇਸ਼ ਕੀਤਾ ਸੀ, ਜਿਸ ਨੂੰ ਮੁੱਖ ਦੋਸ਼ੀਆਂ ਦੇ ਚੱਲ ਰਹੇ ਮੁਕੱਦਮੇ ਨਾਲ ਨੱਥੀ ਕਰ ਦਿੱਤਾ ਗਿਆ ਹੈ ਪਰ ਅੱਜ ਅਦਾਲਤ 'ਚ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਤੋਂ ਇਲਾਵਾ ਦੋਸ਼ੀਆਂ ਗੁਰਮੀਤ ਸਿੰਘ, ਜਤਿੰਦਰ ਕੁਮਾਰ ਉਰਫ ਸੋਨੂ ਅਤੇ ਹੋਰਨਾਂ ਨੂੰ ਜੇਲ 'ਚੋਂ ਪੇਸ਼ ਨਹੀਂ ਕੀਤਾ ਗਿਆ ਅਤੇ ਅਦਾਲਤ ਨੇ ਉਪਰੋਕਤ ਸਾਰੇ ਦੋਸ਼ੀਆਂ ਨੂੰ 16 ਮਾਰਚ ਲਈ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੰਦੇ ਹੋਏ ਜੇਲ ਪ੍ਰਸ਼ਾਸਨ ਨੂੰ ਪ੍ਰੋਡਕਸ਼ਨ ਵਾਰੰਟ ਜਾਰੀ ਕਰ ਦਿੱਤੇ।
ਪੁਲਸ ਮੁਤਾਬਕ 7 ਅਪ੍ਰੈਲ, 2016 ਨੂੰ ਦਿਨ-ਦਿਹਾੜੇ ਦੋਸ਼ੀ ਗੋਰੂ ਬੱਚਾ ਨੇ ਆਪਣੇ ਸਾਥੀ ਦੇ ਨਾਲ ਮਿਲ ਕੇ ਦੁੱਗਰੀ ਇਲਾਕੇ 'ਚ ਗੱਡੀ ਪਾਰਕਿੰਗ ਕਰਨ ਨੂੰ ਲੈ ਕੇ ਹੋਏ ਝਗੜੇ 'ਚ ਵਿਕਰਾਂਤ ਕੁਮਾਰ ਦਾ ਕਤਲ ਕਰ ਦਿੱਤਾ ਸੀ ਅਤੇ ਮੌਕੇ ਤੋਂ ਫਰਾਰ ਹੋ ਗਏ ਸਨ ਪਰ ਬਾਅਦ 'ਚ ਪੁਲਸ ਨੇ ਉਸ ਨੂੰ ਅੰਮ੍ਰਿਤਸਰ ਵਿਚ ਗ੍ਰਿਫਤਾਰ ਕਰ ਲਿਆ। ਵਰਣਨਯੋਗ ਹੈ ਕਿ ਪੁਲਸ ਦੇ ਮੁਤਾਬਕ ਗੈਂਗਸਟਰ ਗੌਰਵ ਸ਼ਰਮਾ ਉਰਫ ਗੋਰੂ ਬੱਚਾ ਅਗਵਾ ਕਰਨ ਅਤੇ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਵਿਚ ਸ਼ਾਮਲ ਹੈ।