ਗੈਂਗਸਟਰ ਗੋਪੀ ਘਣਸ਼ਿਆਮਪੁਰੀਆ ਦਾ ਸਾਥੀ ਗੁਰਜੀਤ ਗ੍ਰਿਫਤਾਰ

04/23/2018 12:47:04 AM

ਅੰਮ੍ਰਿਤਸਰ (ਅਰੁਣ) - ਅਜਨਾਲਾ ਦੇ ਡਾ. ਮੁਨੀਸ਼ ਸ਼ਰਮਾ ਨੂੰ ਅਗਵਾ ਕਰਦਿਆਂ ਸਾਢੇ 7 ਲੱਖ ਰੁਪਏ ਦੀ ਫਿਰੌਤੀ ਵਸੂਲਣ ਵਾਲੇ ਗੈਂਗਸਟਰ ਗੋਪੀ ਘਣਸ਼ਿਆਮਪੁਰੀਆ ਤੇ ਹੈਰੀ ਚੱਠਾ ਦੇ ਸਾਥੀ ਗੁਰਜੀਤ ਸਿੰਘ ਸੈਂਸਰਾ ਨੂੰ ਬੀਤੀ ਸ਼ਾਮ ਸਾਈਬਰ ਕ੍ਰਾਈਮ ਐਂਡ ਟੈਕਨੀਕਲ ਸਟਾਫ ਦੀ ਪੁਲਸ ਨੇ ਰਣਜੀਤ ਐਵੀਨਿਊ ਪਾਰਕ ਨੇੜਿਓਂ ਗ੍ਰਿਫਤਾਰ ਕਰ ਲਿਆ। ਪ੍ਰੈੱਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਸਾਈਬਰ ਕ੍ਰਾਈਮ ਐਂਡ ਟੈਕਨੀਕਲ ਸਟਾਫ ਮੁਖੀ ਇੰਸਪੈਕਟਰ ਵਵਿੰਦਰ ਮਹਾਜਨ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਡਾ. ਮੁਨੀਸ਼ ਕੋਲੋਂ ਫਿਰੌਤੀ ਦੀ ਰਕਮ ਲੈਣ ਵਾਲੇ ਗਿਰੋਹ ਦਾ ਮੈਂਬਰ ਗੁਰਜੀਤ ਸਿੰਘ ਸੈਂਸਰਾ ਪੁੱਤਰ ਕੇਵਲ ਸਿੰਘ ਜੋ ਰਣਜੀਤ ਐਵੀਨਿਊ ਸਥਿਤ ਆਨੰਦ ਪਾਰਕ ਨੇੜੇ ਕਿਸੇ ਆਪਣੇ ਸਾਥੀ ਨੂੰ ਮਿਲਣ ਲਈ ਆ ਰਿਹਾ ਹੈ, ਪੁਲਸ ਪਾਰਟੀ ਵੱਲੋਂ ਰੇਡ ਕਰਦਿਆਂ ਇਸ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਸ਼ਰਾਬ ਦੇ ਠੇਕੇਦਾਰ ਨਾਲ ਮਿਲ ਕੇ ਯੂ. ਪੀ. ਤੋਂ ਘਣਸ਼ਿਆਮਪੁਰੀਆ ਨੂੰ ਛੁਡਵਾਉਣ ਦੀ ਕੀਤੀ ਕੋਸ਼ਿਸ਼
ਇੰਸਪੈਕਟਰ ਵਵਿੰਦਰ ਮਹਾਜਨ ਨੇ ਦੱਸਿਆ ਕਿ ਯੂ. ਪੀ. ਪੁਲਸ ਵੱਲੋਂ ਗੈਂਗਸਟਰ ਗੋਪੀ ਘਣਸ਼ਿਆਮਪੁਰੀਆ ਨੂੰ ਗ੍ਰਿਫਤਾਰ ਕਰਨ ਦੀ ਭਿਣਕ ਪੈਂਦਿਆਂ ਹੀ ਸ਼ਰਾਬ ਦੇ ਠੇਕੇਦਾਰ ਰਿੰਪਲ ਨਾਲ ਮਿਲ ਕੇ ਗਿਰੋਹ ਦੇ ਇਨ੍ਹਾਂ ਮੈਂਬਰਾਂ ਨੇ ਪੈਸੇ ਦੇ ਜ਼ੋਰ 'ਤੇ ਘਣਸ਼ਿਆਮਪੁਰੀਆ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਸੀ। ਮੁਲਜ਼ਮ ਕੋਲੋਂ ਬਰਾਮਦ ਕੀਤੇ ਦੇਸੀ ਪਿਸਤੌਲ ਬਾਰੇ ਇੰਸਪੈਕਟਰ ਵਵਿੰੰਦਰ ਮਹਾਜਨ ਨੇ ਦੱਸਿਆ ਕਿ ਬਰਾਮਦ ਕੀਤਾ ਗਿਆ ਇਹ ਪਿਸਤੌਲ ਜੋ ਉਸ ਨੂੰ ਲਾਡਾ ਵੱਲੋਂ ਮੁਹੱਈਆ ਕਰਵਾਇਆ ਗਿਆ ਸੀ, ਅਦਾਲਤ 'ਚ ਪੇਸ਼ ਕਰ ਕੇ ਮਿਲੇ ਰਿਮਾਂਡ ਦੌਰਾਨ ਡੂੰਘਾਈ ਨਾਲ ਪੁੱਛਗਿੱਛ ਕਰਨ ਮਗਰੋਂ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਨੂੰ ਯਕੀਨੀ ਬਣਾਇਆ ਜਾਵੇਗਾ।