ਗੈਂਗਸਟਰ ਦਿਲਪ੍ਰੀਤ ਦੀ ਹਾਲਤ ਖਰਾਬ, ਕੱਟਣੀ ਪੈ ਸਕਦੀ ਹੈ ਲੱਤ!

08/24/2018 6:52:19 PM

ਚੰੰਡੀਗੜ੍ਹ (ਮਨਮੋਹਨ) : ਪਿਛਲੇ ਦਿਨੀਂ ਐਨਕਾਊਂਟਰ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਖਤਰਨਾਕ ਗੈਂਗਸਟਰ ਦਿਲਪ੍ਰੀਤ ਬਾਬਾ ਦੀ ਲੱਤ ਕੱਟਣੀ ਪੈ ਸਕਦੀ ਹੈ। ਦਰਅਸਲ ਪੁਲਸ ਐਨਕਾਊਂਟਰ ਦੌਰਾਨ ਦਿਲਪ੍ਰੀਤ ਦੀ ਲੱਤ ਵਿਚ ਗੋਲੀ ਲੱਗੀ ਸੀ। ਸੂਤਰਾਂ ਮੁਤਾਬਕ ਦਿਲਪ੍ਰੀਤ ਦੀ ਲੱਤ ਦਾ ਜ਼ਖਮ ਵੱਧ ਗਿਆ ਹੈ ਜਿਸ ਕਾਰਨ ਡਾਕਟਰਾਂ ਵਲੋਂ ਉਸ ਦੀ ਲੱਤ ਕੱਟੀ ਜਾ ਸਕਦੀ ਹੈ। ਦਿਲਪ੍ਰੀਤ 14 ਦਿਨ ਦੇ ਜੁਡੀਸ਼ੀਅਲ ਰਿਮਾਂਡ 'ਤੇ ਹੈ ਅਤੇ ਸ਼ੁੱਕਰਵਾਰ ਨੂੰ ਉਸਦੀ ਲੱਤ ਦੇ ਜ਼ਖਮ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਮੁੜ ਰੋਪੜ ਤੋਂ ਪੀ. ਜੀ. ਆਈ. ਚੰਡੀਗੜ੍ਹ ਲਿਆਂਦਾ ਗਿਆ।

ਦੱਸਣਯੋਗ ਹੈ ਕਿ ਜਲੰਧਰ ਦਿਹਾਤੀ ਪੁਲਸ ਨੇ ਚੰਡੀਗੜ੍ਹ ਪੁਲਸ ਨਾਲ ਮਿਲ ਕੇ ਦਿਲਪ੍ਰੀਤ ਨੂੰ ਬੀਤੀ 9 ਜੁਲਾਈ ਨੂੰ ਚੰਡੀਗੜ੍ਹ ਦੇ ਸੈਕਟਰ 43 ਦੇ ਬੱਸ ਸਟੈਂਡ ਨੇੜੇ ਸਵਿੱਫਟ ਡਿਜ਼ਾਇਰ ਕਾਰ ਵਿਚੋਂ ਗ੍ਰਿਫਤਾਰ ਕੀਤਾ ਸੀ। ਜਿਸ ਕਾਰ ਵਿਚੋਂ ਦਿਲਪ੍ਰੀਤ ਨੂੰ ਗ੍ਰਿਫਤਾਰ ਕੀਤੇ ਗਿਆ ਉਸ 'ਤੇ ਨੰਬਰ ਪਲੇਟ ਵੀ ਨਕਲੀ ਲਗਾਈ ਸੀ। ਇਸ ਦੌਰਾਨ ਉਸ ਨੇ ਪੁਲਸ ਪਾਰਟੀ 'ਤੇ ਫਾਇਰਿੰਗ ਕੀਤੀ ਅਤੇ ਜਵਾਬੀ ਕਾਰਵਾਈ ਵਿਚ ਉਹ ਜ਼ਖਮੀ ਹੋ ਗਿਆ ਤੇ ਉਸਦੇ ਪੱਟ 'ਚ ਗੋਲੀ ਲੱਗੀ। ਇਸਤੋਂ ਬਾਅਦ ਉਸਦਾ ਇਲਾਜ ਪੀ. ਜੀ. ਆਈ. ਚੰਡੀਗੜ੍ਹ ਵਿਚ ਚੱਲ ਰਿਹਾ ਹੈ। 

ਦਿਲਪ੍ਰੀਤ 'ਤੇ ਬੀਤੀ 13 ਅਪ੍ਰੈਲ ਦੀ ਰਾਤ ਨੂੰ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ 'ਤੇ ਹਮਲੇ ਦੀ ਸ਼ਮੂਲੀਅਤ ਦਾ ਵੀ ਦੋਸ਼ ਹੈ। ਇਸਦੇ ਨਾਲ ਹੀ ਦਿਲਪ੍ਰੀਤ 'ਤੇ ਗਿੱਪੀ ਗਰੇਵਾਲ ਨੂੰ ਫੋਨ 'ਤੇ ਜਬਰਨ ਵਸੂਲੀ ਲਈ ਧਮਕਾਉਣ ਦੇ ਵੀ ਇਲਜ਼ਾਮ ਹਨ, ਜਿਸ ਦੀ ਪੁਲਸ ਵਲੋਂ ਜਾਂਚ ਕੀਤੀ ਜਾ ਰਹੀ ਹੈ।