ਬਨੂੜ ''ਚ ਕਾਂਗਰਸੀ ਆਗੂ ਦੇ ਕਤਲ ਮਾਮਲੇ ''ਚ ਆਇਆ ਨਵਾਂ ਮੋੜ, ਇਸ ਗੈਂਗਸਟਰ ਨੇ ਫੇਸਬੁਕ ''ਤੇ ਲਈ ਜ਼ਿੰਮੇਵਾਰੀ (ਤਸਵੀਰਾਂ)

09/17/2017 12:19:47 AM

ਬਨੂੜ (ਗੁਰਪਾਲ) : ਬਨੂੜ ਦੇ ਵਾਰਡ ਨੰ. 7 ਦੀ ਕਾਂਗਰਸੀ ਕੌਂਸਲਰ ਪ੍ਰੀਤੀ ਵਾਲੀਆ ਦੇ ਪਤੀ ਦਲਜੀਤ ਸਿੰਘ ਪਿੰਛੀ ਦੀ 6 ਸਤੰਬਰ ਦੀ ਰਾਤ ਨੂੰ ਸੈਰ ਕਰਨ ਗਏ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੇ ਮਾਮਲੇ ਵਿਚ ਉਦੋਂ ਨਵਾਂ ਮੋੜ ਆ ਗਿਆ ਜਦੋਂ ਕਤਲ ਦੇ ਮਾਮਲੇ ਵਿਚ ਪੁਲਸ ਵਲੋਂ ਨਾਮਜ਼ਦ ਕੀਤੇ ਗਏ ਮੁੱਖ ਦੋਸ਼ੀ ਦੀਪੂ ਕਟਾਰੀਆ ਤੇ ਸੰਪਤ ਨਹਿਰਾਂ ਵਲੋਂ ਫੇਸਬੁਕ 'ਤੇ ਪੋਸਟ ਪਾ ਕੇ ਕਾਂਗਰਸੀ ਆਗੂ ਦੇ ਕਤਲ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਗਰੁੱਪ ਤੇ ਵਾਈ. ਐਫ. ਆਈ² ਨੇ ਲਈ ਹੈ।
ਉੁਨ੍ਹਾਂ ਇਸ ਪੋਸਟ ਰਾਹੀਂ ਪੁਲਸ ਵਿਭਾਗ ਤੋਂ ਮੰਗ ਕੀਤੀ ਹੈ ਕਿ ਕਿਸੇ ਵੀ ਉਸ ਦੇ ਨੇੜਲੇ ਜਾਂ ਪਰਿਵਾਰਕ ਮੈਂਬਰ ਨੂੰ ਨਜਾਇਜ਼ ਤੌਰ 'ਤੇ ਤੰਗ ਪ੍ਰੇਸ਼ਾਨ ਨਾ ਕੀਤਾ ਜਾਵੇ। ਉਸ ਨੇ ਅੱਗੇ ਕਿਹਾ ਕਿ ਜਿਵੇਂ ਉਹ ਗੈਂਗਸਟਰ ਬਣਿਆ ਹੈ ਹੋਰ ਕੋਈ ਨੌਜਵਾਨ ਨਾ ਬਣੇ। ਇਸ ਪੋਸਟ ਰਾਹੀਂ ਉੁਨ੍ਹਾਂ ਕਿਹਾ ਕਿ ਜਿਸ ਇਨਸਾਨ ਦਾ ਅਸੀਂ ਕਤਲ ਕੀਤਾ ਹੈ, ਉਹ ਚੰਗਾ ਬੰਦਾ ਨਹੀਂ ਸੀ। ਉਸ ਨੇ ਵਿਦਿਆਰਥੀਆਂ ਨੂੰ ਨਸ਼ੇ ਦੀ ਲੱਤ ਲਾ ਕੇ ਉੁਨ੍ਹਾਂ ਦੀ ਜ਼ਿੰਦਗੀ ਤਬਾਹ ਕੀਤੀ ਹੈ ਤੇ ਜੇ ਕਿਸੇ ਨੂੰ ਕਾਂਗਰਸੀ ਆਗੂ ਦੇ ਕਤਲ ਦਾ ਜ਼ਿਆਦਾ ਦੁੱਖ ਹੈ ਤਾਂ ਉਸ ਨੂੰ ਵੀ ਜਲਦੀ ਮਿਲ ਲੈਣਗੇ।
ਇਸ ਮਾਮਲੇ ਸੰਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਸ਼ਮਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉੁਨ੍ਹਾਂ ਕਿਹਾ ਕਿ ਉਹ ਇਸ ਮਾਮਲੇ ਦੀ ਖੁਦ ਜਾਂਚ ਕਰ ਰਹੇ ਹਨ। ਹੋ ਸਕਦਾ ਹੈ ਕਿ ਇਹ ਪੋਸਟ ਕਿਸੇ ਸ਼ਰਾਰਤੀ ਅਨਸਰ ਨੇ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਪਾਈ ਹੋਵੇ। ਪੁਲਸ ਮਾਮਲੇ ਦੀ ਜਾਂਚ ਆਪਣੇ ਪੱਧਰ 'ਤੇ ਕਰੇਗੀ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।