''ਬੁੱਢਾ ਮਾਮਲੇ ''ਚ ਦੋਸ਼ੀਆਂ ਦੇ ਪਾਕਿਸਤਾਨ ਨਾਲ ਸਬੰਧਾਂ ਦਾ ਹੋਇਆ ਖੁਲਾਸਾ

02/17/2020 9:30:48 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਵਲੋਂ ਖ਼ਤਰਨਾਕ ਗੈਂਗਸਟਰ ਬੁੱਢਾ ਕੇਸ 'ਚ ਅਗਲੇਰੀ ਜਾਂਚ ਨਾਲ ਤਿੰਨ ਦਿਨ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਜਗਦੀਪ ਸਿੰਘ ਉਰਫ਼ ਜੱਗਾ (ਬਿੱਲਾ) ਅਤੇ ਗੁਰਵਿੰਦਰ ਸਿੰਘ (ਪਹਿਲਵਾਨ) ਦੇ ਪਾਕਿਸਤਾਨ ਨਾਲ ਸਬੰਧ ਸਾਹਮਣੇ ਆਏ ਹਨ। ਪੁਲਸ ਦੇ ਇਕ ਬੁਲਾਰੇ ਅਨੁਸਾਰ ਦੋਵਾਂ ਪਾਸੋਂ ਪਾਕਿਸਤਾਨ ਦੇ ਸਿਮ ਕਾਰਡ ਬਰਾਮਦ ਕੀਤੇ ਗਏ ਹਨ ਅਤੇ ਦੋਵੇਂ ਦੋਸ਼ੀ ਪਿੰਡ ਕੋਟ ਧਰਮ ਚੰਦ ਕਲਾਂ ਪੁਲਸ ਥਾਣਾ ਝਬਾਲ, ਜ਼ਿਲਾ ਤਰਨਤਾਰਨ ਦੇ ਵਸਨੀਕ ਹਨ। ਬੁਲਾਰੇ ਅਨੁਸਾਰ ਮੁਲਜ਼ਮਾਂ ਨੂੰ ਸੰਗਠਿਤ ਅਪਰਾਧ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਅਤੇ ਐਸ. ਏ. ਐਸ. ਨਗਰ ਪੁਲਸ ਦੇ ਸਾਂਝੇ ਆਪਰੇਸ਼ਨ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਇਨ੍ਹਾਂ ਦੋਸ਼ੀਆਂ ਖਿਲਾਫ਼ ਐਨ. ਡੀ. ਪੀ. ਐਸ. ਐਕਟ ਦੀ ਧਾਰਾ-21 ਤਹਿਤ ਪੁਲਸ ਥਾਣਾ ਸਿਟੀ ਖਰੜ ਵਿਖੇ ਐਫ. ਆਈ. ਆਰ. ਨੰਬਰ-61 ਦਰਜ ਕੀਤੀ ਗਈ ਹੈ। ਏ. ਆਈ. ਜੀ. ਐਸ. ਐਸ. ਓ. ਸੀ. ਗੁਰਮੀਤ ਚੌਹਾਨ ਅਤੇ ਏ. ਡੀ. ਜੀ. ਪੀ. ਆਈ. ਐਸ., ਆਰ. ਐਨ. ਢੋਕੇ ਦੀ ਨਿਗਰਾਨੀ ਹੇਠ ਡੀ. ਐਸ. ਪੀ. ਬਿਕਰਮ ਬਰਾੜ ਦੀ ਅਗਵਾਈ ਵਾਲੀ ਟੀਮ ਵਲੋਂ ਇਸ ਰੈਕੇਟ ਦੀ ਜਾਂਚ 'ਚ ਹੁਣ ਤੱਕ ਕਰੀਬ ਦੋ ਦਰਜਨ ਵੱਡੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੁਣ ਤੱਕ ਦੀ ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਦੋਸ਼ੀ ਜੋ 2014-15 ਤੋਂ ਫਰਾਰ ਸੀ, ਨੂੰ ਵੱਖ-ਵੱਖ ਤਰੀਕਿਆਂ ਰਾਹੀਂ ਅਤੇ ਵੱਖ-ਵੱਖ ਮਾਰਗਾਂ ਰਾਹੀਂ ਪਾਕਿਸਤਾਨ ਤੋਂ ਭਾਰੀ ਮਾਤਰਾ 'ਚ ਹੈਰੋਇਨ ਅਤੇ ਜਾਅਲੀ ਭਾਰਤੀ ਕਰੰਸੀ ਪ੍ਰਾਪਤ ਹੋਈ ਸੀ। ਡਾਇਰੈਕਟੋਰੇਟ ਰੈਵੀਨਿਊ ਇੰਟੈਲੀਜੈਂਸ (ਡੀ. ਆਰ. ਆਈ.), ਰਾਜਸਥਾਨ ਪੁਲਸ ਅਤੇ ਪੰਜਾਬ ਪੁਲਸ ਨੂੰ ਪਾਕਿਸਤਾਨ ਤੋਂ ਭਾਰੀ ਮਾਤਰਾ 'ਚ ਹੈਰੋਇਨ ਲੈਣ ਦੇ ਮਾਮਲੇ 'ਚ ਇਨ੍ਹਾਂ ਦੋਸ਼ੀਆਂ ਦੀ ਭਾਲ ਸੀ।

ਜੱਗਾ ਅਤੇ ਪਹਿਲਵਾਨ ਦੋਹਾਂ ਨੇ ਆਪਣੀ ਖੁਦ ਦੀ ਢਿੱਲੋਂ ਟਰਾਂਸਪੋਰਟ ਕੰਪਨੀ 'ਚ ਟਰਾਂਸਪੋਰਟਰਾਂ ਵਜੋਂ ਕੰਮ ਕੀਤਾ ਅਤੇ ਇਸ ਤਰ੍ਹਾਂ ਪਿਛਲੇ 5 ਸਾਲਾਂ ਦੌਰਾਨ ਗ੍ਰਿਫ਼ਤਾਰੀ ਤੋਂ ਬਚਦੇ ਰਹੇ। ਉਨ੍ਹਾਂ ਨੇ ਕਥਿਤ ਤੌਰ 'ਤੇ ਡਰੱਗ ਮਨੀ ਨਾਲ ਆਪਣਾ ਸਾਮਰਾਜ ਕਾਇਮ ਕੀਤਾ ਸੀ, ਅਤੇ ਫਿਰੋਜ਼ਪੁਰ ਦੇ ਮੱਖੂ ਜ਼ਿਲੇ 'ਚ ਇਕ ਨਵਾਂ ਮਕਾਨ ਖਰੀਦਣ ਦੇ ਨਾਲ-ਨਾਲ ਨਵੀਂ ਦਿੱਲੀ ਤੋਂ ਪੰਜ ਨਵੇਂ ਟਰੱਕ ਵੀ ਖਰੀਦੇ ਸਨ। ਉਨ੍ਹਾਂ ਨੇ ਕੋਟ ਧਰਮ ਚੰਦ, ਜ਼ਿਲਾ ਤਰਨਤਾਰਨ ਵਿਖੇ ਕਰੀਬ 4 ਏਕੜ ਖੇਤੀ ਵਾਲੀ ਜ਼ਮੀਨ ਵੀ ਖਰੀਦੀ ਸੀ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਉਨ੍ਹਾਂ ਦੇ ਬੈਂਕ ਖਾਤਿਆਂ 'ਚ ਕਾਫ਼ੀ ਪੈਸਿਆਂ ਦੇ ਲੈਣ-ਦੇਣ ਦਾ ਖੁਲਾਸਾ ਹੋਇਆ ਹੈ। ਉਨ੍ਹਾਂ ਅੱਗੇ ਦੱÎਸਿਆ ਕਿ ਮੁੱਢਲੀ ਪੁੱਛਗਿੱਛ 'ਚ ਪਤਾ ਲੱਗਿਆ ਹੈ ਕਿ ਉਨ੍ਹਾਂ ਨੂੰ ਹਵਾਲਾ ਰਾਹੀਂ ਪਾਕਿਸਤਾਨ ਦੇ ਡੀਲਰਾਂ ਵਲੋਂ ਡਰੱਗ ਮਨੀ ਪ੍ਰਾਪਤ ਹੋਈ ਸੀ। ਜਗਦੀਪ ਸਿੰਘ ਉਰਫ ਜੱਗਾ 2008 ਤੋਂ ਹੀ ਸਰਹੱਦ ਪਾਰੋਂ ਹੈਰੋਇਨ ਦੀ ਤਸਕਰੀ ਵਿਚ ਸ਼ਾਮਲ ਸੀ ਅਤੇ ਉਦੋਂ ਹੀ ਉਸਨੇ ਪਹਿਲੀ ਵਾਰ ਪਾਕਿਸਤਾਨੀ ਸਿਮ ਕਾਰਡਾਂ ਦੀ ਵਰਤੋਂ ਕਰਨੀ ਵੀ ਸ਼ੁਰੂ ਕੀਤੀ ਸੀ। ਉਹ ਉਸੇ ਸਾਲ ਗੁਰਵਿੰਦਰ ਸਿੰਘ ਉਰਫ਼ ਪਹਿਲਵਾਨ ਦੇ ਸੰਪਰਕ 'ਚ ਆਇਆ ਸੀ ਅਤੇ ਇਸ ਤੋਂ ਬਾਅਦ ਉਸਦਾ ਉਹ ਪਾਕਿਸਤਾਨ ਦੇ ਅਬਦ ਅਲੀ ਉਰਫ਼ ਬਦੀ ਉਰਫ਼ ਬਦਲੀ ਦੇ ਸੰਪਰਕ 'ਚ ਆਇਆ।

ਜੱਗਾ ਨੇ ਪਾਕਿਸਤਾਨ ਦੇ ਸਿਮ ਕਾਰਡਾਂ ਦੀ ਵਰਤੋਂ ਕਰਕੇ ਅਟਾਰੀ ਸਰਹੱਦ ਨੇੜੇ ਪੈਂਦੇ ਪਿੰਡ ਰਾਜੇਤਲ ਅਤੇ ਮਹਾਵਾ ਡਰੇਨ ਦੇ ਖੇਤਰ 'ਚ ਜੈਕਾ ਪਹਿਲਵਾਨ ਅਤੇ ਅਬਦ ਅਲੀ (ਦੋਵੇਂ ਪਾਕਿਸਤਾਨੀ) ਕੋਲੋਂ ਨਸ਼ਿਆਂ ਦੀ ਖੇਪ ਪ੍ਰਾਪਤ ਕੀਤੀ। ਉਹ ਫਾਜ਼ਿਲਕਾ-ਫਿਰੋਜ਼ਪੁਰ ਸਰਹੱਦ ਨੇੜੇ ਬੋਦੀ ਲਾਂਮਾ (ਪਾਕਿਸਤਾਨ) ਤੋਂ ਨਸ਼ੇ ਦੀ ਖੇਪ ਵੀ ਖਰੀਦਦਾ ਸੀ। ਬੁਲਾਰੇ ਅਨੁਸਾਰ ਜੱਗਾ ਸਾਲ 2015 ਵਿਚ ਪਾਕਿਸਤਾਨ ਦੇ ਪਿੰਡ ਨਰਵਾਡ ਦੇ ਵਾਸੀ ਮਲਿਕ ਦੇ ਸੰਪਰਕ 'ਚ ਆਇਆ ਸੀ ਅਤੇ ਉਸ ਸਮੇਂ ਤੋਂ ਬਾਅਦ 'ਚ ਉਸ ਨੂੰ ਪਾਕਿਸਤਾਨ ਤੋਂ ਨਸ਼ਿਆਂ ਦੀ ਭਾਰੀ ਖੇਪ ਮਿਲ ਰਹੀ ਸੀ। ਉਸਨੇ ਪਾਕਿਸਤਾਨ ਤੋਂ ਜ਼ਿਆਦਾਤਰ ਨਸ਼ੇ ਦੀਆਂ ਖੇਪਾਂ ਰਾਵੀ ਨਦੀ ਰਾਹੀਂ ਅਤੇ ਪਲਾਸਟਿਕ ਦੀਆਂ ਟਿਊਬਾਂ 'ਚ ਪ੍ਰਾਪਤ ਕੀਤੀਆਂ ਸਨ। ਉਸਨੇ ਨਸ਼ਿਆਂ ਦੀ ਢੋਆ-ਢੁਆਈ ਲਈ ਲਈ ਆਪਣੇ ਸਾਥੀ ਮਹਿੰਦਰ ਸਿੰਘ ਉਰਫ ਮਿੰਦਾ ਦੀਆਂ ਆਲਟੋ, ਲੈਂਸਰ, ਸਵਿਫਟ, ਟਰੱਕ ਅਤੇ ਟਾਟਾ ਸੁਮੋ ਵਾਹਨਾਂ ਦੀ ਵਰਤੋਂ ਕੀਤੀ। ਟਾਟਾ ਸੁਮੋ 'ਚ, ਉਸਨੇ ਨਸ਼ਿਆਂ ਨੂੰ ਲੁਕਾਉਣ ਲਈ ਪਿਛਲੀ ਸੀਟ ਦੇ ਹੇਠਾਂ ਲੁਕਵੇਂ ਬਕਸੇ ਬਣਾਏ ਸਨ।

Babita

This news is Content Editor Babita