ਗੈਂਗਸਟਰ ਬੁੱਢਾ ਮਾਮਲੇ ਦੀ ਪੜਤਾਲ ਤੋਂ ਬਾਅਦ 23 ਗ੍ਰਿਫਤਾਰੀਆਂ, 36 ਹਥਿਆਰ ਬਰਾਮਦ

02/13/2020 7:52:49 PM

ਜਲੰਧਰ,(ਧਵਨ)-ਪੰਜਾਬ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਏ-ਦਰਜੇ ਦੇ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਦੇ ਮਾਮਲੇ ਦੀ ਅੱਗੋਂ ਪੜਤਾਲ ਕਰਨ ਤੋਂ ਬਾਅਦ 23 ਮੁਲਜ਼ਮਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਫ਼ਿਰੋਜ਼ਪੁਰ ਰੇਂਜ 'ਤੇ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਇਲਾਕਿਆਂ 'ਚ ਮਾਰੇ ਗਏ ਛਾਪਿਆਂ ਦੌਰਾਨ 36 ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਅਮਲ 'ਚ ਚਾਰ ਗੰਨ ਡੀਲਰਾਂ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਦੇ ਅਨੁਸਾਰ ਮੁਲਜ਼ਮਾਂ ਨਾਲ ਸੰਪਰਕ ਰੱਖਣ ਵਾਲੇ ਹੋਰਨਾਂ ਮੁਜ਼ਰਮਾਂ ਦੇ ਪਿਛੋਕੜ ਵਾਲੇ ਲੋਕਾਂ ਦੀ ਪਛਾਣ ਕਰਨ ਦਾ ਅਮਲ ਵੀ ਜਾਰੀ ਹੈ ਅਤੇ ਸੰਪਰਕ ਖੇਤਰਾਂ 'ਚ ਛਾਪੇ ਮਾਰੇ ਜਾ ਰਹੇ ਹਨ।

ਦਿਨਕਰ ਗੁਪਤਾ ਨੇ ਦੱਸਿਆ ਕਿ ਨਾਜਾਇਜ਼ ਤੌਰ 'ਤੇ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਡੀਲਰਾਂ ਦੇ ਵੱਖ-ਵੱਖ ਦੋਸ਼ੀਆਂ ਦੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ 30 ਹਥਿਆਰ ਬਰਾਮਦ ਕੀਤੇ ਗਏ ਹਨ, ਜਿਨ੍ਹਾਂ 'ਚ 14 ਡਬਲ ਬੈਰਲ (ਡੀ. ਬੀ. ਬੀ. ਐੱਲ) 12 ਬੋਰ ਦੀਆਂ ਬੰਦੂਕਾਂ, 4 ਐੱਸ. ਬੀ. ਬੀ. ਐੱਲ. ਦੀਆਂ ਬੰਦੂਕਾਂ 12 ਬੋਰ ਦੀਆਂ, 5 ਪਿਸਤੌਲ 32 ਬੋਰ ਦੇ, 1 ਪਿਸਤੌਲ 45 ਬੋਰ ਦਾ, 3 ਪਿਸਤੌਲ 30 ਬੋਰ ਦੇ, 1 ਪਿਸਤੌਲ 25 ਬੋਰ ਦਾ ਅਤੇ ਦੋ ਕਾਰਬਾਈਨ ਸ਼ਾਮਿਲ ਹਨ। ਇਨ੍ਹਾਂ ਗ਼ੈਰ-ਕਾਨੂੰਨੀ ਹਥਿਆਰਾਂ ਨੂੰ ਬਰਾਮਦ ਕਰਨ ਤੋਂ ਬਾਅਦ ਕਈ ਗੰਨ ਡੀਲਰਾਂ ਦੇ ਖ਼ਿਲਾਫ਼ ਮਾਮਲੇ ਦਰਜ ਕੀਤੇ ਗਏ ਹਨ ਅਤੇ ਵਿਆਪਕ ਜਾਂਚ ਦਾ ਕੰਮ ਜਾਰੀ ਹੈ।

ਗੰਨ ਡੀਲਰਾਂ ਕੋਲ ਮੌਜੂਦਾ ਸਟਾਕ ਬਾਰੇ ਵੱਡੇ ਪੈਮਾਨੇ 'ਤੇ ਬੇਕਾਇਦਗੀਆਂ ਦਾ ਪਤਾ ਲੱਗਣ ਅਤੇ ਹਥਿਆਰ ਡੀਲਰਾਂ ਵੱਲੋਂ ਹਥਿਆਰ ਦੀ ਖ਼ਰੀਦ-ਓ-ਫ਼ਰੋਖ਼ਤ ਦੌਰਾਨ ਅੰਤਰ ਮਿਲਣ ਤੋਂ ਬਾਅਦ ਰਾਜ ਪੁਲਸ ਨੇ ਸੂਬਾਈ ਪੱਧਰ 'ਤੇ ਹਥਿਆਰ ਡੀਲਰਾਂ ਦੇ ਕੰਮ-ਢੰਗ ਅਤੇ ਲਾਇਸੈਂਸਿੰਗ ਸ਼ਾਖਾਵਾਂ ਦੀ ਆਡਿਟਿੰਗ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਪੁਲਸ ਦੀਆਂ ਲਗਾਤਾਰ ਕੋਸ਼ਿਸ਼ਾਂ ਦੀ ਬਦੌਲਤ ਸੁਖਪ੍ਰੀਤ ਸਿੰਘ ਉਰਫ਼ ਬੁੱਢਾ ਨੂੰ ਅਰਮੀਨੀਆ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਨਵੰਬਰ 2019 ਨੂੰ ਉਸ ਨੂੰ ਦਿੱਲੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਤਫ਼ਤੀਸ਼ ਦੌਰਾਨ ਕਈ ਹੋਰ ਮੁਜ਼ਰਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਬੁੱਢੇ ਵੱਲੋਂ ਕੀਤੇ ਗਏ ਰਾਜ਼ ਫ਼ਾਸ਼ ਤੋਂ ਬਾਅਦ ਪੰਜਾਬ ਪੁਲਸ ਨੇ ਉੱਤਰ ਪ੍ਰਦੇਸ਼ 'ਚ ਏ.ਟੀ. ਐੱਸ. ਨਾਲ ਸਾਂਝੀ ਮੁਹਿੰਮ ਚਲਾਉਂਦੇ ਹੋਏ ਆਸ਼ੀਸ਼ ਕੁਮਾਰ ਪੁੱਤਰ ਰਾਮਬੀਰ ਨਿਵਾਸੀ ਪਿੰਡ ਟਿੱਕਰੀ ਜ਼ਿਲਾ ਮੇਰਠ ਨੂੰ ਚਾਲੂ ਸਾਲ ਦੀ 30 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ। ਆਸ਼ੀਸ਼ ਗ਼ੈਰ-ਕਾਨੂੰਨੀ ਸਵੈ-ਚਾਲਕ ਹਥਿਆਰ ਸਪਲਾਈ ਕਰਨ ਵਾਲਾ ਮੁੱਖ ਸਰਗ਼ਣਾ ਸੀ ਅਤੇ ਇਨ੍ਹਾਂ ਹਥਿਆਰਾਂ ਦੀ ਵਰਤੋਂ ਮੁਜ਼ਰਮਾਂ ਵੱਲੋਂ ਕਤਲ, ਲੋਕਾਂ ਨੂੰ ਤੰਗ-ਪ੍ਰੇਸ਼ਾਨ ਕਰਨ, ਫ਼ਿਰੌਤੀਆਂ ਅਤੇ ਅਗ਼ਵਾ ਅਤੇ ਹੋਰ ਜ਼ੁਰਮਾਂ ਲਈ ਕੀਤੀ ਜਾਂਦੀ ਸੀ। ਇਸ ਸਮੇਂ ਆਸ਼ੀਸ਼ ਤੋਂ ਏ. ਡੀ. ਜੀ. ਪੀ. (ਅੰਦਰੂਨੀ ਸੁਰੱਖਿਆ) ਦੀ ਨਿਗਰਾਨੀ ਹੇਠ ਤਫ਼ਤੀਸ਼ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਆਸ਼ੀਸ਼ ਨੂੰ ਬੁੱਢੇ ਨਾਲ ਧਰਮਿੰਦਰ ਉਰਫ਼ ਜੁਗਨੀ ਨੇ ਮਿਲਾਇਆ ਸੀ, ਜਿਹੜਾ ਕਿ ਆਰ. ਐੱਸ. ਐੱਸ. ਆਗੂ ਬ੍ਰਿਗੇਡੀਅਰ ਗਗਨੇਜਾ ਅਤੇ ਹੋਰਨਾਂ ਹਿੰਦੂ ਆਗੂਆਂ ਦੇ ਟਾਰਗੈੱਟ ਕਤਲਾਂ ਦੇ ਮਾਮਲਿਆਂ 'ਚ ਮੁੱਖ ਮੁਜ਼ਰਮ ਸੀ। ਆਸ਼ੀਸ਼ ਟਾਰਗੈੱਟ ਕਤਲਾਂ ਦੇ ਮਾਮਲਿਆਂ 'ਚ ਐੱਨ. ਆਈ. ਏ. ਦੀ ਜਾਂਚ ਲਈ ਵੀ ਲੋੜੀਂਦਾ ਸੀ ਕਿਉਂਕਿ ਉਹ ਵੱਖ-ਵੱਖ ਜ਼ੁਰਮਾਂ ਲਈ ਹਥਿਆਰਾਂ ਦੀ ਸਪਲਾਈ ਵੀ ਕਰਿਆ ਕਰਦਾ ਸੀ। ਡੀ. ਜੀ. ਪੀ. ਨੇ ਇਹ ਵੀ ਦੱਸਿਆ ਕਿ ਆਸ਼ੀਸ਼ ਨੂੰ ਪਹਿਲੀ ਵਾਰ ਨਾਜਾਇਜ਼ ਸ਼ਰਾਬ ਦੀਆਂ 120 ਪੇਟੀਆਂ ਦੀ ਸਮੱਗਲਿੰਗ 'ਚ ਸ਼ਮੂਲੀਅਤ ਲਈ ਗ੍ਰਿਫ਼ਤਾਰ ਕੀਤਾ ਗਿਆ ਸੀ। ਬਾਅਦ 'ਚ ਪੰਜਾਬ ਪੁਲਸ ਨੇ ਹੋਰ ਮਾਮਲਿਆਂ 'ਚ ਵੀ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਵਿਰੁੱਧ ਐੱਨ.ਡੀ.ਪੀ.ਐੱਸ. ਕਾਨੂੰਨ ਅਧੀਨ ਵੀ ਮਾਮਲਾ ਦਰਜ ਕੀਤਾ ਗਿਆ। ਉਸ ਨੂੰ 2012 'ਚ 10 ਸਾਲ ਕੈਦ ਦੀ ਸਜ਼ਾ ਹੋਈ ਸੀ ਅਤੇ ਉਸ ਨੂੰ ਨਾਭਾ ਜੇਲ ਭੇਜਿਆ ਗਿਆ, ਜਿੱਥੇ ਉਸ ਦੀ ਦੋਸਤੀ ਜੁਗਨੀ, ਸੁੱਖਾ ਕਾਹਲਵਾਂ ਅਤੇ ਹੋਰਨਾਂ ਮੁਜਰਮਾਂ ਨਾਲ ਹੋਈ, ਜਿਹੜੇ ਉਸ ਸਮੇਂ ਉਸ ਜੇਲ 'ਚ ਬੰਦ ਸਨ।

ਜੇਲ ਤੋਂ ਰਿਹਾਅ ਹੋਣ ਤੋਂ ਬਾਅਦ 2014 'ਚ ਉਸ ਨੂੰ ਜ਼ਮਾਨਤ ਮਿਲੀ ਪਰ ਉਹ ਧਰਮਿੰਦਰ ਜੁਗਨੀ ਦੇ ਸੰਪਰਕ 'ਚ ਰਿਹਾ ਅਤੇ ਜੁਗਨੀ, ਜੱਗੂ ਭਗਵਾਨਪੁਰੀਆ, ਦਵਿੰਦਰ ਭਾਂਬੀਆ ਅਤੇ ਸੁੱਖਾ ਕਾਹਲਵਾਂ ਵਰਗੇ ਮੁਜਰਮਾਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਹਥਿਆਰਾਂ ਦੀ ਸਪਲਾਈ ਸ਼ੁਰੂ ਕਰ ਦਿੱਤੀ । ਇਨ੍ਹਾਂ ਮੁਜਰਮਾਂ ਵੱਲੋਂ ਹਥਿਆਰਾਂ ਦੀ ਵਰਤੋਂ ਗਿਰੋਹਾਂ ਦੀਆਂ 2015 'ਚ ਤਰਨਤਾਰਨ 'ਚ ਆਪਸੀ ਜੰਗਾਂ 'ਚ ਕੀਤੀ ਗਈ। ਨਵੰਬਰ 2019 'ਚ ਅਬਦੁੱਲ ਰਸ਼ੀਦ ਉਰਫ਼ ਗੁੱਡੂ ਦੇ ਮਲੇਰਕੋਟਲਾ 'ਚ ਹੋਏ ਕਤਲ 'ਚ ਵੀ ਇਨ੍ਹਾਂ ਹਥਿਆਰਾਂ ਦੀ ਵਰਤੋਂ ਕੀਤੀ ਗਈ। ਸੁਖਪ੍ਰੀਤ ਬੁੱਢਾ ਅਤੇ ਉਸ ਦੇ ਜੁੰਡੀਦਾਰਾਂ ਨੂੰ ਦਿੱਤੇ ਗਏ ਹਥਿਆਰਾਂ ਦੀ ਵਰਤੋਂ ਪੰਜਾਬੀ ਗਾਇਕ ਪਰਮੀਸ਼ ਵਰਮਾ ਅਤੇ ਹੋਰਨਾਂ 'ਤੇ ਕੀਤੇ ਗਏ ਹਮਲਿਆਂ 'ਚ ਵੀ ਕੀਤੀ ਗਈ।