ਗੈਂਗਸਟਰ ਬਾਕਸਰ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਹਾਸਲ ਕੀਤਾ 5 ਦਿਨ ਦਾ ਪੁਲਸ ਰਿਮਾਂਡ

08/10/2018 2:58:37 AM

ਲੁਧਿਆਣਾ,   (ਅਨਿਲ)-  ਬੀਤੇ ਦਿਨ ਢਾਈ ਕਰੋਡ਼ ਦੀ ਹੈਰੋਇਨ ਸਮੇਤ ਇਕ ਨਸ਼ਾ ਸਮੱਗਲਰ ਫਤਿਹਜੀਤ ਸਿੰਘ ਨੂੰ ਗ੍ਰਿਫਤਾਰ ਕਰ  ਕੇ ਐੱਸ. ਟੀ. ਐੱਫ. ਨੇ ਉਸ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਸੀ। ਦੋਸ਼ੀ ਨੇ ਪੁਲਸ ਰਿਮਾਂਡ ਦੌਰਾਨ ਦੱਸਿਆ ਕਿ ਨਸ਼ਿਅਾਂ ਦਾ ਸਾਰਾ ਨੈੱਟਵਰਕ ਕਪੂਰਥਲਾ ਜੇਲ ’ਚ ਕਤਲ ਦੇ ਕੇਸ ’ਚ ਸਜ਼ਾ ਕੱਟ ਰਿਹਾ ਗੈਂਗਸਟਰ ਰਾਕੇਸ਼ ਬਾਕਸਰ ਚਲਾ ਰਿਹਾ ਹੈ, ਜਿਸ ਤੋਂ ਬਾਅਦ ਐੱਸ. ਟੀ. ਐੱਫ. ਨੇ ਗੈਂਗਸਟਰ ਬਾਕਸਰ ਨੂੰ ਉਕਤ ਕੇਸ ’ਚ ਨਾਮਜ਼ਦ ਕਰ ਕੇ ਅੱਜ ਕਪੂਰਥਲਾ ਜੇਲ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੁਧਿਆਣਾ ਲਿਆਂਦਾ।
 ਇਸ ਸਬੰਧੀ ਐੱਸ. ਟੀ. ਐੱਫ. ਦੇ ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਗੈਂਗਸਟਰ ਬਾਕਸਰ ਨੂੰ ਜਦੋਂ ਕਪੂਰਥਲਾ ਜੇਲ ਤੋਂ ਲੈਣ ਗਏ ਤਾਂ ਉਸ ਦੀ ਬੈਰਕ ’ਚ ਉਸ ਕੋਲੋਂ 2 ਮੋਬਾਇਲ ਫੋਨ ਜੇਲ ਪੁਲਸ ਨੇ ਬਰਾਮਦ ਕੀਤੇ, ਜਿਸ ਸਬੰਧੀ ਕਪੂਰਥਲਾ ’ਚ ਕੋਤਵਾਲੀ ਪੁਲਸ  ਨੇ ਬਾਕਸਰ ਖਿਲਾਫ ਪਰਚਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਬਾਕਸਰ ਨੂੰ ਲੁਧਿਆਣਾ ਲਿਆ ਕੇ ਮਾਣਯੋਗ ਅਦਾਲਤ ’ਚ ਪੇਸ਼ ਕਰ ਕੇ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ, ਜਿਸ  ਤਹਿਤ ਦੋਸ਼ੀ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।  ਹਰਬੰਸ ਸਿੰਘ ਨੇ ਦੱਸਿਅਾ ਕਿ ਗੈਂਗਸਟਰ ਦੇ ਸਾਰੇ ਨੈੱਟਵਰਕ ਸਬੰਧੀ ਪੁੱਛਗਿੱਛ ਕੀਤੀ ਜਾਵੇਗੀ ਤੇ ਜੇਲ ’ਚ ਉਸ ਨੂੰ ਮੋਬਾਇਲ ਫੋਨ ਕਿਵੇਂ ਮਿਲੇ, ਇਸ ਸਬੰਧੀ ਵੀ ਜਾਂਚ ਹੋਵੇਗੀ।  ਉਨ੍ਹਾਂ ਦੱਸਿਆ ਕਿ ਇਸ ਕਾਰੋਬਾਰ ’ਚ ਹੋਰ ਕਿਹਡ਼ੇ ਵਿਅਕਤੀ ਜੁਡ਼ੇ ਹੋਏ ਹਨ ਤੇ ਨਸ਼ਾ ਕਿੱਥੋਂ ਆਉਂਦਾ ਸੀ, ਇਸ ਸਬੰਧੀ ਵੀ ਪੁਲਸ ਆਉਣ ਵਾਲੇ ਦਿਨਾਂ ’ਚ ਵੱਡਾ ਖੁਲਾਸਾ ਕਰੇਗੀ।