ਖਤਰਨਾਕ ਗੈਂਗਸਟਰ ਬਿਸ਼ਨੋਈ ਦਾ ਸਾਥੀ ਗ੍ਰਿਫਤਾਰ

Saturday, Jan 20, 2018 - 10:32 AM (IST)

ਅੰਮ੍ਰਿਤਸਰ (ਸੰਜੀਵ)- ਖਤਰਨਾਕ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਸਾਥੀ ਗੈਂਗਸਟਰ ਵਰੁਣ ਕੁਮਾਰ ਨੂੰ ਜ਼ਿਲਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸ ਦੇ ਡੱਬ 'ਚ ਦਿੱਤਾ ਇਕ ਪਿਸਤੌਲ ਵੀ ਬਰਾਮਦ ਕੀਤਾ ਗਿਆ। ਵਰੁਣ ਸ਼ਹਿਰ ਵਿਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਸੀ, ਜਦੋਂ ਕਿ ਪੁਲਸ ਨੂੰ ਇਸ ਦੀ ਭਿਣਕ ਲੱਗਦੇ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੀ. ਆਈ. ਏ. ਸਟਾਫ ਵਰੁਣ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਿਹਾ ਹੈ ਤਾਂ ਕਿ ਉਸ ਦੇ ਹੋਰ ਸਾਥੀਆਂ ਵਿਚ ਸ਼ਾਮਲ ਖਤਰਨਾਕ ਗੈਂਗਸਟਰ ਸ਼ੁਭਮ ਤੇ ਸਾਰਜ ਮਿੰਟੂ ਨੂੰ ਗ੍ਰਿਫਤਾਰ ਕੀਤਾ ਜਾ ਸਕੇ। ਵਰੁਣ ਲਾਰੈਂਸ ਬਿਸ਼ਨੋਈ ਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸਬੰਧ ਰੱਖਦਾ ਸੀ, ਅਜੇ ਤੱਕ ਇਸ ਦੀ ਅਧਿਕਾਰਕ ਤੌਰ 'ਤੇ ਪੁਸ਼ਟੀ ਨਹੀਂ ਹੋ ਸਕੀ, ਜਦੋਂ ਕਿ ਪੁਲਸ ਵਰੁਣ ਦੀ ਗ੍ਰਿਫਤਾਰੀ ਦਾ ਖੁਲਾਸਾ ਇਕ ਪੱਤਰਕਾਰ ਸੰਮੇਲਨ ਦੌਰਾਨ ਕਰ ਸਕਦੀ ਹੈ। 
ਪਿਛਲੇ ਲੰਬੇ ਸਮੇਂ ਤੋਂ ਜ਼ਿਲਾ ਪੁਲਸ ਗੈਂਗਸਟਰ ਸ਼ੁਭਮ ਅਤੇ ਸਾਰਜ ਮਿੰਟੂ ਦੀ ਤਲਾਸ਼ ਵਿਚ ਲੱਗੀ ਹੋਈ ਹੈ ਪਰ ਹਿੰਦੂ ਨੇਤਾ ਵਿਪਨ ਸ਼ਰਮਾ ਹੱਤਿਆ ਕਾਂਡ ਤੋਂ ਬਾਅਦ ਤੋਂ ਹੀ ਦੋਵੇਂ ਪੁਲਸ ਦੀ ਗ੍ਰਿਫਤ ਤੋਂ ਦੂਰ ਚੱਲ ਰਹੇ ਹਨ। ਵਰਣਨਯੋਗ ਇਹ ਹੈ ਕਿ ਪੁਲਸ ਪਿਛਲੇ ਸਮੇਂ ਤੋਂ ਗੈਂਗਸਟਰ ਸ਼ੁਭਮ ਅਤੇ ਮਿੰਟੂ ਦੇ ਸਾਥੀਆਂ ਨੂੰ ਤਾਂ ਗ੍ਰਿਫਤਾਰ ਕਰਨ ਵਿਚ ਸਫਲ ਹੋ ਜਾਂਦੀ ਹੈ ਪਰ ਸ਼ਹਿਰ ਵਿਚ ਰਹਿਣ ਦੇ ਬਾਵਜੂਦ ਸ਼ੁਭਮ ਪੁਲਸ ਦੇ ਹੱਥ ਕਿਉਂ ਨਹੀਂ ਲੱਗਦਾ, ਇਹ ਇਕ ਵੱਡਾ ਸਵਾਲ ਹੈ। ਹਾਲ ਹੀ 'ਚ ਸ਼ੁਭਮ ਨੇ ਆਪਣੇ ਇਕ ਸਾਥੀ ਨਾਲ ਮਿਲ ਕੇ ਮਜੀਠਾ ਰੋਡ 'ਤੇ ਗੋਲੀਆਂ ਵੀ ਚਲਾਈਆਂ ਸਨ, ਜਿਸ ਵਿਚ ਜ਼ਿਲਾ ਪੁਲਸ ਉਸ ਨੂੰ ਛੇਤੀ ਗ੍ਰਿਫਤਾਰ
ਕਰਨ ਦਾ ਦਾਅਵਾ ਤਾਂ ਕਰ ਰਹੀ ਸੀ ਪਰ ਅੱਜ ਕਈ ਮਹੀਨਿਆਂ ਤੋਂ ਪੁਲਸ ਦੇ ਹੱਥ ਖਾਲੀ ਚੱਲ ਰਹੇ ਹਨ।
ਗੈਂਗਸਟਰ ਸ਼ੁਭਮ ਜਦੋਂ ਵੀ ਚਾਹੁੰਦਾ ਹੈ ਸਰੇਬਾਜ਼ਾਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਹੈ ਪਰ ਪੁਲਸ ਨੂੰ ਉਸ ਦੀ ਭਿਣਕ ਤੱਕ ਨਹੀਂ ਲੱਗਦੀ। ਕੁਝ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਗੈਂਗਸਟਰ ਵਰੁਣ ਵੀ ਅੱਜ ਕਿਸੇ ਹੱਤਿਆ ਦੀ ਯੋਜਨਾ ਵਿਚ ਸੀ ਪਰ ਪੁਲਸ ਇਸ ਬਾਰੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ। ਪੁਲਸ ਵੱਲੋਂ ਵਰੁਣ ਦੇ ਕਬਜ਼ੇ 'ਚੋਂ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ ਅਤੇ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਚੱਲ ਰਹੀ ਹੈ।


Related News