ਗੈਂਗਸਟਰਾਂ ਨੂੰ ਪਨਾਹ ਦੇਣ ਵਾਲਾ ਤੇ ਸੀਨੀਅਰ ਭਾਜਪਾ ਨੇਤਾ ਦਾ ਕਰੀਬੀ ਨਿਤਿਨ ਧਵਨ ਗ੍ਰਿਫਤਾਰ

04/12/2018 6:45:21 AM

ਜਲੰਧਰ(ਮ੍ਰਿਦੁਲ)-ਗੈਂਗਸਟਰ ਵਿੱਕੀ ਗੌਂਡਰ ਦੇ ਹੱਕ ਵਿਚ ਪੋਸਟ ਕਰਨ ਵਾਲੇ ਮੋਗਾ ਦੇ ਬੇਅੰਤ ਸਿੰਘ ਬਰਾੜ ਨੂੰ 2 ਕਿਡਨੈਪ ਦੇ ਮਾਮਲਿਆਂ 'ਚ ਇਕ ਨਵਾਂ ਮੋੜ ਉਸ ਸਮੇਂ ਆ ਗਿਆ, ਜਦ ਗੈਂਗਸਟਰ ਪ੍ਰੀਤ ਫਗਵਾੜਾ, ਪੰਚਮ, ਰਾਜਾ ਪਹਾੜੀਆ ਅਤੇ ਸਚਿਨ ਦਾ ਸਾਥੀ ਨਿਤਿਨ ਧਵਨ ਫੜਿਆ ਗਿਆ। ਪੁਲਸ ਨੇ ਦੱਸਿਆ ਕਿ ਨਿਤਿਨ ਨੇ ਬੇਅੰਤ ਦਾ ਕਿਡਨੈਪ ਤੇ ਕੁੱਟ-ਮਾਰ ਕਰਨ ਤੋਂ ਬਾਅਦ ਪ੍ਰੀਤ, ਪੰਚਮ, ਰਾਜਾ ਪਹਾੜੀਆ ਅਤੇ ਸਾਥੀਆਂ ਨੂੰ ਆਪਣੇ ਘਰ ਠਹਿਰਾਇਆ ਸੀ। ਪੁਲਸ ਨੇ ਨਿਤਿਨ ਨੂੰ ਅਦਾਲਤ ਵਿਚ ਪੇਸ਼ ਕਰ ਕੇ ਦੋ ਦਿਨ ਦਾ ਰਿਮਾਂਡ ਲਿਆ ਹੈ। ਹਾਲਾਂਕਿ ਜਾਂਚ ਵਿਚ ਇਹ ਵੀ ਪਤਾ ਲੱਗਾ ਹੈ ਕਿ ਦੋਸ਼ੀ ਨਿਤਿਨ ਭਾਜਪਾ ਦੇ ਇਕ ਸੀਨੀਅਰ ਨੇਤਾ ਜੋ ਕਿ ਸਟੇਟ ਟੀਮ ਵਿਚ ਹਨ, ਦਾ ਚੇਲਾ ਹੈ। ਏ. ਸੀ. ਪੀ. ਸਮੀਰ ਵਰਮਾ ਨੇ ਦੱਸਿਆ ਕਿ ਪਿਛਲੀ ਵਾਰ ਇਸੇ ਕੇਸ ਵਿਚ ਭਗੌੜਾ ਹੋਏ ਸ਼ਹਿਰ ਦੇ ਨਾਮੀ ਬਦਮਾਸ਼ ਪੰਚਮ ਦੇ ਫੜੇ ਜਾਣ ਤੋਂ ਬਾਅਦ ਨਿਤਿਨ ਬਾਰੇ ਕਾਫੀ ਖੁਲਾਸੇ ਹੋਏ ਸਨ। ਪੁਲਸ ਨਿਤਿਨ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੀ ਸੀ। ਪਹਿਲਾਂ ਤਾਂ ਉਹ ਕਾਫੀ ਦੇਰ ਤੱਕ ਸ਼ਹਿਰ ਤੋਂ ਬਾਹਰ ਵੀ ਰਿਹਾ ਸੀ ਪਰ ਜਿਵੇਂ ਹੀ ਪੁਲਸ ਨੂੰ ਜਾਣਕਾਰੀ ਮਿਲੀ ਕਿ ਨਿਤਿਨ ਆਪਣੇ ਬੈਂਕ ਇਨਕਲੇਵ ਸਥਿਤ ਘਰ ਆਇਆ ਹੈ ਤਾਂ ਤੁਰੰਤ ਰੇਡ ਕਰ ਕੇ ਉਸ ਨੂੰ ਫੜ ਲਿਆ।
ਸਿਰਫ ਮੁਹੱਲੇ ਦਾ ਬਦਮਾਸ਼ ਹੈ ਨਿਤਿਨ : ਐੱਸ. ਐੱਚ. ਓ.
ਇਹ ਵੀ ਪਤਾ ਲੱਗਾ ਹੈ ਕਿ ਨਿਤਿਨ ਸਿਰਫ ਪ੍ਰੀਤ ਫਗਵਾੜਾ ਅਤੇ ਰਾਜਾ ਪਹਾੜੀਆ ਅਤੇ ਬਸਤੀਆਤ ਇਲਾਕੇ ਦੇ ਸਵੀਟੀ ਦਾ ਇਕ ਗੁਰਗਾ ਹੈ। ਐੱਸ. ਐੱਚ. ਓ. ਬਿਮਲ ਕਾਂਤ ਨੇ ਦੱਸਿਆ ਕਿ ਨਿਤਿਨ ਖੁਦ ਨੂੰ ਗੈਂਗਸਟਰ ਕਹਿੰਦਾ ਹੈ ਪਰ ਪੁਲਸ ਦੀ ਲਿਸਟ ਵਿਚ ਉਹ ਇਕ ਮੁਹੱਲੇ ਦਾ ਬਦਮਾਸ਼ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨਿਤਿਨ ਦੇ ਪਿਤਾ ਖੁਦ ਦੀ ਜਮਸ਼ੇਰ ਵਿਚ ਦੁੱਧ ਦੀ ਡੇਅਰੀ ਚਲਾਉਂਦੇ ਹਨ।
ਪੁਲਸ ਦਾ ਅਗਲਾ ਨਿਸ਼ਾਨਾ ਪ੍ਰੀਤ ਫਗਵਾੜਾ, ਨਿਤਿਨ ਤੋਂ ਕਢਵਾਏਗੀ ਰਾਜ਼
ਇਕ ਸੀਨੀਅਰ ਅਫਸਰ ਦੀ ਮੰਨੀਏ ਤਾਂ ਪੁਲਸ ਪ੍ਰੀਤ ਫਗਵਾੜਾ ਦੀ ਹਰ ਹਰਕਤ 'ਤੇ ਨਜ਼ਰ ਰੱਖ ਰਹੀ ਹੈ, ਜਿਸ ਕਾਰਨ ਉਸ ਨੂੰ ਫੜਨ ਲਈ ਉਸ ਦੇ ਸਾਥੀ ਨਿਤਿਨ ਤੋਂ ਜਾਂਚ ਵਿਚ ਪ੍ਰੀਤ ਫਗਵਾੜਾ ਬਾਰੇ ਜਾਣਕਾਰੀ ਇਕੱਠੀ ਕਰੇਗੀ, ਹਾਲਾਂਕਿ ਪੁਲਸ ਦੇ ਸੂਤਰਾਂ ਮੁਤਾਬਕ ਪ੍ਰੀਤ ਨੂੰ ਫੜਨ ਲਈ ਇਕ ਸਪੈਸ਼ਲ ਟੀਮ ਕੰਮ ਕਰ ਰਹੀ ਹੈ, ਜੋ ਕਿ ਉਸ ਦੇ ਫੇਸਬੁੱਕ 'ਤੇ ਚੱਲ ਰਹੇ 3 ਪੇਜਾਂ ਜ਼ਰੀਏ ਉਸ ਦੀ ਮੂਵਮੈਂਟ 'ਤੇ ਨਜ਼ਰ ਰੱਖ ਰਹੀ ਹੈ।
ਭਾਜਪਾ ਨੇਤਾਵਾਂ ਵੱਲੋਂ ਛੁਡਵਾਉਣ ਲਈ ਬਣਾਇਆ ਜਾ ਰਿਹੈ ਦਬਾਅ
ਸੂਤਰਾਂ ਦੀ ਮੰਨੀਏ ਤਾਂ ਪੁਲਸ ਵੱਲੋਂ ਫੜਿਆ ਗਿਆ ਨਿਤਿਨ ਧਵਨ ਗੈਂਗਸਟਰ ਰਾਜਾ ਪਹਾੜੀਆ ਅਤੇ ਪ੍ਰੀਤ ਫਗਵਾੜਾ ਦਾ ਖਾਸ-ਮ-ਖਾਸ ਹੋਣ ਦੇ ਨਾਲ-ਨਾਲ ਇਕ ਸੀਨੀਅਰ ਭਾਜਪਾ ਨੇਤਾ ਦਾ ਨਜ਼ਦੀਕੀ ਵੀ ਹੈ, ਜੋ ਕਿ ਭਾਜਪਾ ਦੀ ਸਟੇਟ ਟੀਮ ਵਿਚ ਤਾਇਨਾਤ ਹੈ ਕਿਉਂਕਿ ਪੁਲਸ ਨੇ ਜਦ ਨਿਤਿਨ ਦੀ ਫੇਸਬੁੱਕ ਪ੍ਰੋਫਾਈਲ ਵਿਚ ਉਸ ਦੀ ਨਾਮੀ ਬਦਮਾਸ਼ਾਂ ਅਤੇ ਗੈਂਗਸਟਰਾਂ ਨਾਲ ਫੋਟੋ ਚੈੱਕ ਕੀਤੀ ਤਾਂ ਨਿਤਿਨ ਦੀਆਂ ਉਕਤ ਭਾਜਪਾ ਨੇਤਾ ਨਾਲ ਕਾਫੀ ਤਸਵੀਰਾਂ ਮਿਲੀਆਂ, ਜਿਨ੍ਹਾਂ ਵਿਚ ਭਾਜਪਾ ਦੀਆਂ ਰੈਲੀਆਂ ਤੋਂ ਲੈ ਕੇ ਫੈਮਿਲੀ ਫੰਕਸ਼ਨ ਵਿਚ ਤਸਵੀਰਾਂ ਸ਼ਾਮਲ ਹਨ। ਇਸੇ ਕਾਰਨ ਹੁਣ ਉਸ ਦੀ ਗ੍ਰਿਫਤਾਰੀ ਹੋਣ ਕਾਰਨ ਪੁਲਸ 'ਤੇ ਭਾਜਪਾ ਦੇ ਵੱਡੇ ਨੇਤਾਵਾਂ ਵੱਲੋਂ ਉਸ ਨੂੰ ਛੁਡਾਉਣ ਲਈ ਦਬਾਅ ਬਣਾਇਆ ਜਾ ਰਿਹਾ ਹੈ।