ਗੈਂਗਸਟਰ ਤੋਂ ਕੁਝ ਵੀ ਹਾਸਲ ਨਹੀਂ ਕਰ ਸਕੀ ਪੁਲਸ

Friday, Jan 12, 2018 - 03:49 AM (IST)

ਬਠਿੰਡਾ(ਵਰਮਾ)- ਬਠਿੰਡਾ-ਗੋਨਿਆਣਾ ਹਾਈਵੇ 'ਤੇ ਪਿੰਡ ਨੇਹੀਆਂਵਾਲਾ ਨਜ਼ਦੀਕ ਪਿਸਤੌਲ ਦੀ ਨੌਕ 'ਤੇ ਕਾਰ ਲੁੱਟਣ ਦੇ ਮਾਮਲੇ 'ਚ ਸੀ. ਆਈ. ਏ.-2 ਪੁਲਸ ਗੈਂਗਸਟਰ ਨਵਦੀਪ ਚੱਠਾ ਨੂੰ ਬਠਿੰਡਾ ਜੇਲ ਤੋਂ ਦੋ ਦਿਨ ਦੇ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਸੀ ਪਰ ਪੁੱਛਗਿੱਛ 'ਚ ਕੁਝ ਵੀ ਹਾਸਲ ਨਹੀਂ ਕਰ ਸਕੀ। ਥਾਣਾ ਸੀ. ਆਈ. ਏ.-2 ਦੇ ਮੁਖੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ੱਕ ਸੀ ਕਿ 11 ਨਵੰਬਰ ਨੂੰ ਪਿੰਡ ਨੇਹੀਆਂਵਾਲਾ ਤੋਂ ਪਾਵਰਕਾਮ ਦੇ ਐੱਸ. ਡੀ. ਓ. ਕੋਲੋਂ ਪਿਸਤੌਲ ਦੀ ਨੋਕ 'ਤੇ ਖੋਹੀ ਗਈ ਕਾਰ ਦੇ ਮਾਮਲੇ 'ਚ ਜੇਲ 'ਚ ਬੰਦ ਗੁਰਪ੍ਰੀਤ ਸਿੰਘ ਸੇਖੋ ਗੈਂਗ ਦੇ ਮੈਂਬਰ ਨਵਦੀਪ ਚੱਠਾ ਦਾ ਹੱਥ ਹੋ ਸਕਦਾ ਹੈ, ਜਿਸ ਨੂੰ ਲੈ ਕੇ ਪੁਲਸ ਨੇ ਸਥਾਨਕ ਅਦਾਲਤ ਤੋਂ ਚੱਠਾ ਦਾ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਪਰ ਪੁੱਛਗਿੱਛ ਦੌਰਾਨ ਉਸ ਨੇ ਇਸ ਮਾਮਲੇ 'ਚ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ। ਜ਼ਿਕਰਯੋਗ ਹੈ ਕਿ ਡਬਵਾਲੀ ਦੇ ਰਹਿਣ ਵਾਲੇ ਨਵਦੀਪ ਚੱਠਾ ਨੂੰ ਸੀ. ਆਈ. ਏ. ਟੀਮ ਨੇ 2016 'ਚ ਇਕ ਐਨਕਾਊਂਟਰ ਦੌਰਾਨ ਗ੍ਰਿਫਤਾਰ ਕੀਤਾ ਸੀ। ਚੱਠਾ ਨੇ 28 ਜੁਲਾਈ 2016 ਨੂੰ ਅਜੀਤ ਰੋਡ ਵਾਸੀ ਇਕ ਵਿਅਕਤੀ ਦੀ ਹੱਤਿਆ ਕਰ ਦਿੱਤੀ ਸੀ ਜਦਕਿ 2 ਲੋਕ ਜ਼ਖਮੀ ਹੋਏ ਸਨ। ਪੁਲਸ ਨੇ ਇਸ ਮਾਮਲੇ 'ਚ ਗੈਂਗਸਟਰ ਨਵਦੀਪ ਚੱਠਾ ਨੂੰ ਘੇਰ ਲਿਆ, ਜਿਥੇ ਦੋਵਾਂ ਪਾਸਿਓਂ ਗੋਲੀਬਾਰੀ ਹੋਈ ਪਰ ਪੁਲਸ ਚੱਠਾ ਨੂੰ ਗ੍ਰਿਫਤਾਰ ਕਰਨ 'ਚ ਸਫਲ ਹੋਈ। ਉਦੋਂ ਤੋਂ ਹੀ ਉਹ ਜੇਲ 'ਚ ਬੰਦ ਹੈ। ਥਾਣਾ ਮੁਖੀ ਨੇ ਦੱਸਿਆ ਕਿ 12 ਜਨਵਰੀ ਨੂੰ ਉਕਤ ਗੈਂਗਸਟਰ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕਰ ਕੇ ਜੇਲ ਭੇਜ ਦਿੱਤਾ ਜਾਵੇਗਾ।


Related News