ਗੈਂਗਸਟਰ ਵਿੱਕੀ ਗੌਂਡਰ ਦਾ ਨਾਮ ਲੈ ਕੇ ਡਾਕਟਰ ਦੇ ਮੱਥੇ ''ਤੇ ਰੱਖ ਦਿੱਤੀ ਪਿਸਤੌਲ, ਫਿਰ ਜੋ ਹੋਇਆ... (ਤਸਵੀਰਾਂ)

07/10/2017 4:04:57 PM

ਮੱਖੂ (ਵਾਹੀ) : ਮੱਖੂ ਸ਼ਹਿਰ ਵਿਚ ਸੋਮਵਾਰ ਨੂੰ ਦਿਨ-ਦਿਹਾੜੇ ਗੈਂਗਸਟਰਾਂ ਵੱਲੋਂ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਲਈ ਸ਼ਹਿਰ ਦੇ ਇਕ ਬੀ.ਏ.ਐੱਮ.ਐੱਸ ਡਾਕਟਰ ਦੇ ਹਸਪਤਾਲ 'ਚ ਪਹੁੰਚ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਦੁਪਿਹਰ ਦੇ ਕਰੀਬ ਸਵਾ ਇਕ ਵਜੇ ਤਿੰਨ ਗੈਂਗਸਟਰ ਹਥਿਆਰਾਂ ਸਮੇਤ ਡਾਕਟਰ ਵਿਮਲ ਸ਼ਰਮਾ ਪੁੱਤਰ ਚਮਨਲਾਲ ਸ਼ਰਮਾ ਦੇ ਹਸਪਤਾਲ ਵਿਚ ਦਾਖ਼ਲ ਹੋਏ ਅਤੇ ਇਕ ਗੈਂਗਸਟਰ ਬਲੱਡ ਪ੍ਰੈਸ਼ਰ ਚੈੱਕ ਕਰਾਉਣ ਦੇ ਬਹਾਨੇ ਡਾਕਟਰ ਦੇ ਕੈਬਿਨ ਵਿਚ ਗਿਆ ਅਤੇ ਡਾਕਟਰ ਨੂੰ ਕਿਹਾ ਕਿ ਉਸਨੇ ਵਿੱਕੀ ਗੌਂਡਰ ਦਾ ਨਾਮ ਸੁਣਿਆ ਹੈ ਕਿ ਨਹੀਂ? ਗੈਂਗਸਟਰ ਨੇ ਪਿਸਤੌਲ ਦੀ ਨੋਕ 'ਤੇ ਡਾਕਟਰ ਦੇ ਮੂੰਹ 'ਤੇ ਟੇਪ ਲਗਾਉਣ ਦੀ ਕੋਸ਼ਿਸ਼ ਕੀਤੀ, ਜਿਸਦਾ ਡਾਕਟਰ ਨੇ ਡਟਵਾਂ ਵਿਰੋਧ ਕੀਤਾ।
ਇਸ ਦੌਰਾਨ ਦੂਸਰੇ ਗੈਂਗਸਟਰ ਵੀ ਕੈਬਿਨ ਵਿਚ ਆ ਗਏ ਅਤੇ ਡਾਕਟਰ 'ਤੇ ਹਮਲਾ ਕਰ ਦਿੱਤਾ। ਇਕ ਗੈਂਗਸਟਰ ਨੇ ਪਿਸਤੌਲ ਨਾਲ ਡਾਕਟਰ 'ਤੇ ਗੋਲੀ ਚਲਾਉਣੀ ਚਾਹੀ ਤਾਂ ਡਾਕਟਰ ਨੇ ਪਿਸਤੌਲ ਨੂੰ ਅੱਗੋਂ ਫ਼ੜ•ਕੇ ਨੀਵਾਂ ਕਰ ਦਿੱਤਾ। ਜਿਸ ਨਾਲ ਨਿਸ਼ਾਨਾ ਖੁੰੁਝ ਜਾਣ 'ਤੇ ਡਾਕਟਰ ਵਿਮਲ ਸ਼ਰਮਾ ਵਾਲ-ਵਾਲ ਬਚ ਗਏ ਅਤੇ ਉਨ੍ਹਾਂ ਨੇ ਪਿਸਤੌਲ ਨਹੀਂ ਛੱਡਿਆ ਅਤੇ ਰੌਲਾ ਪਾ ਦਿੱਤਾ। ਦੂਸਰੇ ਗੈਂਗਸਟਰਾਂ ਵੱਲੋਂ ਵੀ ਡਾਕਟਰ ਦੇ ਮੂੰਹ 'ਤੇ ਟੇਪ ਲਾ ਕੇ ਰੱਸੀ ਨਾਲ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਡਾਕਟਰ ਵੱਲੋਂ ਬਹਾਦਰੀ ਨਾਲ ਕੀਤੇ ਗਏ ਮੁਕਾਬਲੇ ਅਤੇ ਗੈਂਗਸਟਰਾਂ ਦਾ ਪਿਸਤੌਲ ਨਾ ਛੱਡਣ 'ਤੇ ਤਿੰਨੇ ਗੈਂਗਸਟਰ ਪਿਸਤੌਲ ਛੁਡਵਾ ਕੇ ਹਸਪਤਾਲ ਤੋਂ ਬਾਹਰ ਭੱਜ ਗਏ। ਇੰਨੇ ਨੂੰ ਰੌਲਾ ਸੁਣ ਕੇ ਇਕੱਠੇ ਹੋਏ ਆਂਢ-ਗੁਆਂਢ ਦੇ ਦੁਕਾਨਦਾਰਾਂ ਨੇ ਵੀ ਬਹਾਦਰੀ ਦਾ ਸਬੂਤ ਦਿੰਦਿਆਂ ਇਕ ਗੈਂਗਸਟਰ ਨੂੰ ਕਾਬੂ ਕਰ ਲਿਆ, ਜਦਕਿ ਦੋ ਗੈਂਗਸਟਰ ਹਥਿਆਰਾਂ ਸਮੇਤ ਭੱਜਣ ਵਿਚ ਸਫ਼ਲ ਹੋ ਗਏ। ਸਮਝਿਆ ਜਾ ਰਿਹਾ ਹੈ ਕਿ ਇਹ ਡਾਕਟਰ ਨੂੰ ਲੁੱਟਣ ਦੇ ਮਕਸਦ ਨਾਲ ਆਏ ਸਨ। ਜ਼ੋਰ-ਜ਼ਬਰਦਸਤੀ ਦੌਰਾਨ ਗੈਂਗਸਟਰਾਂ ਦੇ ਇਕ ਪਿਸਟਲ ਦਾ ਮੈਗਜ਼ੀਨ ਹਸਪਤਾਲ ਵਿਚ ਹੀ ਡਿੱਗ ਪਿਆ। ਫ਼ੜੇ ਗਏ ਗੈਂਗਸਟਰ ਦਾ ਨਾਮ ਜਸਵਿੰਦਰ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਸ਼ਾਂਤੀਨਗਰ ਫ਼ਿਰੋਜ਼ਪੁਰ ਹੈ। ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਡਾਕਟਰ ਵੱਲੋਂ ਵਿਖਾਈ ਬਹਾਦਰੀ ਦੀ ਸ਼ਹਿਰ ਵਿੱਚ ਚਰਚਾ
ਵਰਨਣਯੋਗ ਹੈ ਕਿ ਡਾਕਟਰ ਵਿਮਲ ਸ਼ਰਮਾ ਵੱਲੋਂ ਦਿਖਾਈ ਬਹਾਦਰੀ ਦੀ ਸ਼ਹਿਰ ਅਤੇ ਇਲਾਕੇ ਵਿਚ ਖੂਬ ਚਰਚਾ ਹੈ ਅਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਡਾਕਟਰ ਦੀ ਬਹਾਦਰੀ ਕਾਰਨ ਹੀ ਉਨ੍ਹਾਂ ਦੀ ਜਾਨ ਅਤੇ ਮਾਲ ਦਾ ਬਚਾਅ ਹੋ ਸਕਿਆ ਹੈ।