ਪਟਿਆਲਾ ''ਚ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਥਾਣਾ ਮੁਖੀ ''ਤੇ ਡਿੱਗੀ ਗਾਜ!

02/03/2019 6:39:39 PM

ਪਟਿਆਲਾ : ਪਟਿਆਲਾ ਦੇ ਜ਼ਿਲਾ ਪੁਲਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਥਾਣਾ ਤ੍ਰਿਪੜੀ ਦੇ ਮੁਖੀ ਇੰਸਪੈਕਟਰ ਰਾਜੇਸ਼ ਮਲਹੋਤਰਾ ਵਿਰੁੱਧ ਵਿਭਾਗੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਿੱਧੂ ਨੇ ਇਹ ਹੁਕਮ ਬੀਤੀ ਸ਼ਾਮ ਥਾਣਾ ਤ੍ਰਿਪੜੀ ਇਲਾਕੇ ਅਧੀਨ ਆਉਂਦੇ ਮੁਹੱਲਾ ਰਣਜੀਤ ਨਗਰ ਵਿਖੇ ਪਟਿਆਲਾ ਪੁਲਸ ਵੱਲੋਂ ਇਕ ਆਪਰੇਸ਼ਨ ਦੌਰਾਨ ਮੁੱਠਭੇੜ 'ਚ ਦੋ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਇਲਾਕੇ ਦੇ ਲੋਕਾਂ ਵੱਲੋਂ ਥਾਣਾ ਮੁਖੀ 'ਤੇ ਉਨ੍ਹਾਂ ਦੀ ਸੂਚਨਾ 'ਤੇ ਸਮੇਂ ਸਿਰ ਕਾਰਵਾਈ ਨਾ ਕੀਤੇ ਜਾਣ ਬਾਰੇ ਐੱਸ. ਐੱਸ. ਪੀ. ਦੇ ਧਿਆਨ 'ਚ ਲਿਆਉਣ ਤੋਂ ਬਾਅਦ ਜਾਰੀ ਕੀਤੇ ਹਨ। 
ਸਥਾਨਕ ਨਿਵਾਸੀਆਂ ਨੇ ਐੱਸ. ਐੱਸ. ਪੀ. ਦੇ ਧਿਆਨ 'ਚ ਲਿਆਂਦਾ ਕਿ ਉਨ੍ਹਾਂ ਨੇ ਕਈ ਮਹੀਨੇ ਪਹਿਲਾਂ ਇੱਥੇ ਰਹਿੰਦੇ ਨੌਜਵਾਨਾਂ ਦੀਆਂ ਗਤੀਵਿਧੀਆਂ ਬਾਰੇ ਥਾਣਾ ਤ੍ਰਿਪੜੀ ਦੇ ਮੁਖੀ ਨੂੰ ਜਾਣੂ ਕਰਵਾਇਆ ਸੀ ਕਿ ਕੁਝ ਮੁੰਡੇ ਇਸ ਇਲਾਕੇ ਵਿਚ ਸ਼ਰਾਬ ਤੇ ਹੋਰ ਨਸ਼ਿਆਂ ਦਾ ਸੇਵਨ ਕਰਕੇ ਹੁੜਦੰਗ ਮਚਾਉਂਦੇ ਹਨ। ਇਸ ਲਈ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਪਰੰਤੂ ਸਮੇਂ ਸਿਰ ਕਾਰਵਾਈ ਨਾ ਹੋਣ ਕਾਰਨ ਇਨ੍ਹਾਂ ਮੁੰਡਿਆਂ ਦੀ ਰਿਹਾਇਸ਼ ਗੈਂਗਸਟਰਾਂ ਦੀ ਠਹਿਰ ਬਣ ਗਈ ਸੀ। ਇਸ ਮਾਮਲੇ ਦਾ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ ਨੇ ਗੰਭੀਰ ਨੋਟਿਸ ਲੈਂਦਿਆਂ ਇੰਸਪੈਕਟਰ ਰਾਜੇਸ਼ ਮਲਹੋਤਰਾ ਵਿਰੁੱਧ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਹਨ। 
ਐੱਸ. ਐੱਸ. ਪੀ. ਸਿੱਧੂ ਨੇ ਕਿਹਾ ਕਿ ਜ਼ਿਲੇ ਦੇ ਸਮੂਹ ਥਾਣਾ ਮੁਖੀਆਂ ਨੂੰ ਵੀ ਹਦਾਇਤ ਜਾਰੀ ਕੀਤੀ ਹੈ ਕਿ ਉਹ ਆਪਣੇ ਇਲਾਕੇ 'ਚ ਹੁੰਦੀ ਹਰ ਚੰਗੀ ਮਾੜੀ ਗਤੀਵਿਧੀ 'ਤੇ ਤਿੱਖੀ ਨਜ਼ਰ ਰੱਖਣ। ਉਨ੍ਹਾਂ ਕਿਹਾ ਕਿ ਥਾਣਾ ਤ੍ਰਿਪੜੀ ਦੇ ਇੰਚਾਰਜ ਨੇ ਰਣਜੀਤ ਨਗਰ ਇਲਾਕੇ ਦੇ ਲੋਕਾਂ ਵੱਲੋਂ ਦਿੱਤੀ ਸੂਚਨਾ 'ਤੇ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ, ਇਸ ਦੀ ਜਾਂਚ ਕੀਤੀ ਜਾਵੇਗੀ। ਸਿੱਧੂ ਨੇ ਕਿਹਾ ਕਿ ਜੇਕਰ ਕੋਈ ਵੀ ਪੁਲਸ ਅਧਿਕਾਰੀ ਜਾਂ ਕਰਮਚਾਰੀ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

Gurminder Singh

This news is Content Editor Gurminder Singh