ਗੈਂਗਸਟਰਾਂ ਦਾ ਕਹਿਰ, ਫਰੀਦਕੋਟ ਦੀ ਜੇਲ ''ਚ ਬੈਠੇ-ਬੈਠੇ ਕਰਵਾ ਦਿੱਤੀ ਇਹ ਵੱਡੀ ਵਾਰਦਾਤ

06/28/2017 12:17:25 PM

ਫਰੀਦਕੋਟ (ਜਗਤਾਰ) :  ਫਰੀਦਕੋਟ ਦੀ ਮਾਡਰਨ ਜੇਲ ਵਿਚ ਤਾਇਨਾਤ ਵਾਰਡਨ ਗੁਰਮੇਲ ਸਿੰਘ 'ਤੇ ਕੁਝ ਅਣਪਛਾਤੇ ਹਮਲਾਵਰਾਂ ਨੇ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਇਹ ਹਮਲਾ ਉਦੋਂ ਹੋਇਆ ਜਦੋਂ ਵਾਰਡਨ ਗੁਰਮੇਲ ਸਿੰਘ ਆਪਣੇ ਘਰ ਜਾ ਰਿਹਾ ਸੀ। ਰਸਤੇ ਵਿਚ ਵਿਚ ਹੀ ਜੇਲ ਤੋਂ ਕਰੀਬ ਇਕ ਕਿਲੋਮੀਟਰ ਦੂਰੀ 'ਤੇ ਕੁਝ ਲੋਕਾਂ ਨੇ ਉਸ 'ਤੇ ਜਾਨਲੇਵਾ ਹਮਲਾ ਕਰਕੇ ਜ਼ਖਮੀ ਕਰ ਦਿੱਤਾ, ਜਿਸ ਨੂੰ ਗੰਭੀਰ ਹਾਲਤ ਵਿਚ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ।
ਗੁਰਮੇਲ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਇਹ ਹਮਲਾ ਜੇਲ ਵਿਚ ਬੰਦ ਗੈਂਗਸਟਰਾਂ ਵਲੋਂ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗੁਰਮੇਲ ਸਿੰਘ ਨੇ ਆਪਣੀ ਡਿਊਟੀ ਈਮਾਨਦਾਰੀ ਨਾਲ ਨਿਭਾਉਂਦੇ ਹੋਏ ਗੈਂਗਸਟਰਾਂ ਨੂੰ ਜੇਲ ਵਿਚ ਮੋਬਾਇਲ ਫੋਨ ਦੀ ਵਰਤੋਂ ਕਰਨ ਤੋਂ ਰੋਕਿਆ ਸੀ, ਜਿਨ੍ਹਾਂ ਨੇ ਆਪਣੇ ਸਾਥੀਆਂ ਵਲੋਂ ਇਹ ਹਮਲਾ ਕਰਵਾਇਆ ਹੈ। ਉਧਰ ਮੌਕੇ 'ਤੇ ਪਹੁੰਚ ਜੇਲ ਸੁਪਰਡੈਂਟ ਦਾ ਕਹਿਣਾ ਹੈ ਕਿ ਉਹ ਹਮਲਾਵਰਾਂ ਦੀ ਭਾਲ ਕਰਕੇ ਉਨ੍ਹਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨਗੇ।
ਜੇਲ ਤੋਂ ਮਹਿਜ਼ ਇਕ ਕਿਲੋਮੀਟਰ ਦੂਰੀ 'ਤੇ ਪੁਲਸ ਮੁਲਾਜ਼ਮ 'ਤੇ ਹੋਏ ਇਸ ਹਮਲੇ ਨੇ ਸੁਰੱਖਿਆ ਪ੍ਰਬੰਧਾਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਆਮ ਜਨਤਾ ਦੇ ਰਖਵਾਲੇ ਹੀ ਜਦੋਂ ਸੁਰੱਖਿਅਤ ਨਹੀਂ ਹਨ ਤਾਂ ਬਾਕੀਆਂ ਦੀ ਸੁਰੱਖਿਆ ਤਾਂ ਰਾਮ ਭਰੋਸੇ ਹੀ ਰਹਿ ਜਾਂਦੀ ਹੈ।