ਫ਼ਰੀਦਕੋਟ ’ਚ ਨਾਕੇ ਦੌਰਾਨ ਪੁਲਸ ’ਤੇ ਚੱਲੀਆਂ ਗੋਲ਼ੀਆਂ, ਗੁਰਪ੍ਰੀਤ ਸੇਖੋਂ ਨਾਲ ਸੰਬੰਧਤ ਚਾਰ ਗੈਂਗਸਟਰ ਗ੍ਰਿਫ਼ਤਾਰ

05/08/2022 9:46:20 PM

ਫ਼ਰੀਦਕੋਟ (ਰਾਜਨ) : ਬੀਤੀ ਰਾਤ ਨੇੜਲੇ ਪਿੰਡ ਸਿੱਖਾਂ ਵਾਲਾ ਦੇ ਚੌਰਸਤੇ ’ਤੇ ਦੋ ਪੁਲਸ ਪਾਰਟੀਆਂ ਵੱਲੋਂ ਲਗਾਏ ਗਏ ਨਾਕੇ ਦੌਰਾਨ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਸਰਗਨਾ ਦੇ ਚਾਰ ਸਾਥੀ ਗੈਂਗਸਟਰਾਂ ਨਾਲ ਹੋਈ ਮੁਠਭੇੜ ਤੋਂ ਬਾਅਦ ਚਾਰਾਂ ਨੂੰ ਬਿਨਾ ਕਿਸੇ ਜਾਨੀ ਨੁਕਸਾਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਜਾਣਕਾਰੀ ਇੰਸਪੈਕਟਰ ਜਨਰਲ ਆਫ਼ ਪੁਲਸ ਫ਼ਰੀਦਕੋਟ ਰੇਂਜ ਪ੍ਰਦੀਪ ਕੁਮਾਰ ਯਾਦਵ ਅਤੇ ਜ਼ਿਲ੍ਹੇ ਦੀ ਸੀਨੀਅਰ ਪੁਲਸ ਕਪਤਾਨ ਅਵਨੀਤ ਕੌਰ ਸਿੱਧੂ ਨੇ ਦਿੰਦਿਆਂ ਦੱਸਿਆ ਕਿ ਜਦ ਬੀਤੀ ਰਾਤ ਚੌਰਸਤਾ ਸੇਮ ਨਾਲਾ ਪਿੰਡ ਸਿੱਖਾਂਵਾਲਾ ਵਿਖੇ ਸੀ.ਆਈ.ਏ ਸਟਾਫ਼ ਮੁਖੀ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠ ਦੋ ਪਲਸ ਪਾਰਟੀਆਂ ਵੱਲੋਂ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਭਾਣਾ ਵਾਲੇ ਪਾਸਿਓ ਇਕ ਕਾਰ ਆਉਂਦੀ ਦਿਖਾਈ ਦਿੱਤੀ। ਪਹਿਲੀ ਪੁਲਸ ਪਾਰਟੀ ਵੱਲੋਂ ਜਦੋਂ ਟਾਰਚ ਮਾਰ ਕੇ ਕਾਰ ਉਕਤ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਕਾਰ ਚਾਲਕ ਨੇ ਕਾਰ ਭਜਾ ਲਈ ਜਿਸ ’ਤੇ ਦੂਸਰੀ ਪੁਲਸ ਪਾਰਟੀ ਦੀ ਅਗਵਾਈ ਕਰਦਿਆਂ ਇੰਸਪੈਕਟਰ ਹਰਬੰਸ ਸਿੰਘ ਨੇ ਪੁਲਸ ਕਰਮਚਾਰੀਆਂ ਸਮੇਤ ਕਾਹਲੀ ਨਾਲ ਕਾਰ ਨੂੰ ਰੋਕਣ ਲਈ ਆਪਣੀ ਸਰਕਾਰੀ ਗੱਡੀ ਸੜਕ ਦੇ ਵਿਚਕਾਰ ਕਰ ਦਿੱਤੀ। ਕਾਰ ਚਾਲਕ ਨੇ ਜਦ ਤੇਜ਼ੀ ਨਾਲ ਕੱਟ ਮਾਰਿਆ ਤਾਂ ਕਾਰ ਸੜਕ ਤੋਂ ਹੇਠਾਂ ਵੱਲ ਜਾਕੇ ਕਿੱਕਰ ਨਾਲ ਟਕਰਾ ਕੇ ਬੰਦ ਹੋ ਗਈ।

ਇਹ ਵੀ ਪੜ੍ਹੋ : ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਪੁੱਤ ਨੂੰ ਸਕੂਲ ਛੱਡਣ ਜਾ ਰਿਹਾ ਸੀ ਪਿਓ, ਦੋਵਾਂ ਦੀ ਹੋਈ ਦਰਦਨਾਕ ਮੌਤ

ਇਸ ਤੋਂ ਬਾਅਦ ਕਾਰ ਸਵਾਰਾਂ ਨੇ ਪੁਲਸ ਪਾਰਟੀ ’ਤੇ 2-2 ਫ਼ਾਇਰ ਕੀਤੇ ਜਿਸਦੇ ਜਵਾਬ ਵਿਚ ਸਿਪਾਹੀ ਰਾਜਇੰਦਰ ਸਿੰਘ ਨੇ ਆਪਣੀ ਸਰਕਾਰੀ ਰਾਈਫ਼ਲ ਨਾਲ 2 ਅਤੇ ਸੀ-2 ਬਲਕਰਨ ਸਿੰਘ ਨੇ 2 ਹਵਾਈ ਫ਼ਾਇਰ ਕੀਤੇ ਤਾਂ ਕਾਰ ਵਿਚੋਂ ਨਿੱਕਲ ਕੇ ਭੱਜਣ ਲੱਗਿਆਂ, ਪੁਲਸ ਪਾਰਟੀਆਂ ਵੱਲੋਂ ਚਾਰੇ ਮੁਲਜ਼ਮਾਂ ਜਿਨ੍ਹਾ ਦੀ ਪਹਿਚਾਣ ਬਾਅਦ ਵਿਚ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਪੁੱਤਰ ਇਕੱਤਰ ਸਿੰਘ ਵਾਸੀ ਮਾਣੂੰਕੇ ਜ਼ਿਲ੍ਹਾ ਮੋਗਾ, ਸੇਵਕ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਪਿੰਡ ਲਹਿਰੀ (ਬਠਿੰਡਾ), ਸੁਖਚੈਨ ਸਿੰਘ ਉਰਫ਼ ਭੁਜੀਆ ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਮੱਤਾ (ਮਾਨਸਾ) ਅਤੇ ਸੁਖਮੰਦਰ ਸਿੰਘ ਉਰਫ਼ ਕਾਲਾ ਪੁੱਤਰ ਲੀਲਾ ਸਿੰਘ ਵਾਸੀ ਪਿੰਡ ਜੋਧਪੁਰ (ਬਠਿੰਡਾ) ਵਜੋਂ ਹੋਈ। ਪੁਲਸ ਨੇ ਇਨ੍ਹਾਂ ਪਾਸੋਂ 1 ਕਿੱਲੋ ਹੈਰੋਇਨ ਜਿਸਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 5 ਕਰੋੜ ਰੁਪਏ ਦੇ ਕਰੀਬ ਹੈ ਤੋਂ ਇਲਾਵਾ 4 ਪਿਸਟਲ 32 ਬੋਰ, 7 ਰੌਂਦ 32 ਬੋਰ, 2 ਖੋਲ 32 ਬੋਰ, 3 ਟੱਚ ਮੋਬਾਇਲ ਸਮੇਤ ਸਿੰਮ, 1 ਡੌਂਗਲ ਜੀਓ ਅਤੇ ਗੱਡੀ ਨੰਬਰ ਪੀ.ਬੀ-04ਐੱਮ-3838 ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਮੌਕੇ ਐੱਸ.ਪੀ. ਬਾਲ ਕ੍ਰਿਸ਼ਨ ਸਿੰਗਲਾ (ਡੀ), ਲਖਵੀਰ ਸਿੰਘ ਸੰਧੂ ਡੀ.ਐੱਸ.ਪੀ (ਡੀ) ਅਤੇ ਹੋਰ ਪੁਲਸ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਆਮ ਆਦਮੀ ਪਾਰਟੀ ਦੇ ਵਿਧਾਇਕ ਜਸਵੰਤ ਗੱਜਣਮਾਜਰਾ ਦੇ ਟਿਕਾਣਿਆਂ ’ਤੇ ਸੀ. ਬੀ. ਆਈ. ਦੀ ਰੇਡ

ਉੱਚ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਮੰਨਿਆ ਕਿ ਇਨ੍ਹਾਂ ਦੇ ਨਾਮੀ ਗੈਂਗਸਟਰ ਅਤੇ ਨਾਭਾ ਜੇਲ ਬਰੇਕ ਕਾਂਡ ਦੇ ਮੁੱਖ ਸਰਗਨਾ ਗੁਰਪ੍ਰੀਤ ਸਿੰਘ ਸੇਖੋਂ ਵਾਸੀ ਮੁੱਦਕੀ ਜੋ ਅੱਜ ਕੱਲ੍ਹ ਬਠਿੰਡਾ ਜੇਲ ਵਿਚ ਬੰਦ ਹੈ ਨਾਲ ਸਬੰਧ ਹਨ ਅਤੇ ਇਹ ਉਸਦੇ ਦਿਸ਼ਾ-ਨਿਰਦੇਸ਼ ਅਨੁਸਾਰ ਲੁੱਟਾਂ ਖੋਹਾਂ ਅਤੇ ਫ਼ਿਰੌਤੀਆਂ ਮੰਗਣ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨੇ ਮੰਨਿਆ ਕਿ ਪਹਿਲਾਂ ਇਹ ਨਸ਼ੇ ਦੀ ਖੇਪ ਦਾ ਸੌਦਾ ਕਰ ਲੈਂਦੇ ਸਨ ਅਤੇ ਫਿਰ ਹਥਿਆਰਾਂ ਦੀ ਨੋਕ ’ਤੇ ਨਸ਼ਾ ਖੋਹ ਕੇ ਅੱਗੇ ਵੇਚ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਦੱਸਿਆ ਕਿ ਪਟਵਾਰੀ ਵਾਸੀ ਲੁਧਿਆਣਾ ਜੋ ਕਿ ਫ਼ਿਰੋਜ਼ਪਰ ਜੇਲ ਵਿਚ ਬੰਦ ਹੈ ਦੇ ਸੰਪਰਕ ਵਾਲੇ ਬੰਦਿਆਂ ਕੋਲੋਂ ਹੈਰੋਇਨ ਦੀ ਖੇਪ ਖੋਹੀ ਸੀ। ਇਸ ਤੋਂ ਇਲਾਵਾ ਇਹ ਮੁਲਜ਼ਮ ਜ਼ਮੀਨਾਂ ਅਤੇ ਰਹਾਇਸ਼ੀ ਕੋਠੀਆਂ ਦੇ ਝਗੜਿਆਂ ਵਿਚ ਵੀ ਦਖਲਅੰਦਾਜ਼ੀ ਕਰਦੇ ਆ ਰਹੇ ਸਨ ਅਤੇ ਇਹ ਚਾਰੇ ਮਾਲਵਾ ਖੇਤਰ ਦੇ ਇਕ ਉੱਘੇ ਰਾਜਨੀਤਕ ਲੀਡਰ ਜਿਸਦਾ ਆਪਣੇ ਕਿਸੇ ਰਿਸ਼ਤੇਦਾਰ ਨਾਲ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ ਦੀ ਮੱਦਦ ਕਰਨ ਲਈ ਉਸੇ ਕੋਲ ਰਹਿ ਰਹੇ ਸਨ ਅਤੇ ਰਾਜਨੀਤਕ ਲੀਡਰ ਇਨ੍ਹਾਂ ਨੂੰ ਮਾਲੀ ਸਹਾਇਤਾ ਅਤੇ ਅਸਲਾ ਮੁਹੱਈਆ ਕਰਵਾਉਂਦਾ ਸੀ।

ਇਹ ਵੀ ਪੜ੍ਹੋ : ਅੱਖਾਂ ਸਾਹਮਣੇ ਮੌਤ ਦੇ ਮੂੰਹ ’ਚ ਜਾ ਪਈ ਮਾਸੂਮ ਧੀ, ਇੰਝ ਉਜੜੀਆਂ ਖੁਸ਼ੀਆਂ ਸੋਚਿਆ ਨਾ ਸੀ

ਉਕਤ ਗੈਂਗਸਟਰ ਕੁਲਦੀਪ ਸਿੰਘ ਉਰਫ਼ ਕੀਪਾ ਦੀ ਅਗਵਾਈ ਹੇਠ ਸਰਗਰਮ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕੁਲਦੀਪ ਕੀਪਾ ਨੇ ਸਾਲ 2014 ਵਿੱਚ ਸਰਪੰਚ ਬੇਅੰਤ ਸਿੰਘ ਵਾਸੀ ਮਾਣੂੰਕੇ ਗਿੱਲ ਨਾਲ ਰਲ ਕੇ ਗਿਆਨ ਸਿੰਘ ਵਾਸੀ ਰਾਜੇਆਣਾ ਦਾ ਇਸ ਲਈ ਕਤਲ ਕਰ ਦਿੱਤਾ ਸੀ ਕਿਉਂਕਿ ਗਿਆਨ ਸਿੰਘ ਬੇਅੰਤ ਸਿੰਘ ਦੀ ਪਿੰਡ ਵਿਚ ਵਿਰੋਧਤਾ ਕਰਦਾ ਸੀ। ਕਤਲ ਦੀ ਇਸ ਘਟਨਾਂ ਤੋਂ ਬਾਅਦ ਇਹ ਦੋਵੇਂ ਜੇਲ ਚਲੇ ਗਏ ਅਤੇ ਕੁਝ ਸਮਾਂ ਪਹਿਲਾਂ ਇਹ ਦੋਵੇਂ ਜ਼ਮਾਨਤ ’ਤੇ ਬਾਹਰ ਆ ਗਏ ਅਤੇ ਇਸ ਉਪ੍ਰੰਤ ਬੇਅੰਤ ਸਿੰਘ ਅਤੇ ਕੀਪੇ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਰੌਲਾ ਪੈ ਗਿਆ ਜਿਸ ’ਤੇ ਕੀਪੇ ਨੇ ਆਪਣੇ ਸਾਥੀ ਰਾਜਿੰਦਰ ਗੋਗਾ ਨਾਲ ਮਿਲ ਕੇ ਬੇਅੰਤ ਸਿੰਘ ਦਾ ਵੀ ਕਤਲ ਕਰ ਦਿੱਤਾ ਅਤੇ ਇਹ ਫਿਰ ਅੰਦਰ ਚਲਾ ਗਿਆ। ਇਸ ਤੋਂ ਬੰਬੀਹਾ ਗਰੁੱਪ ਨਾਲ ਸਬੰਧ ਬਣ ਗਏ। ਉੱਚ ਪੁਲਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਕੁਝ ਸਮੇਂ ਬਾਅਦ ਸੁਖਪ੍ਰੀਤ ਸਿੰਘ ਉਰਫ਼ ਬੁੱਢੇ ਨੇ ਰਾਜਿੰਦਰ ਗੋਗਾ ਦਾ ਕਤਲ ਕਰ ਦਿੱਤਾ ਜਿਸ ਕਾਰਣ ਕੀਪੇ ਦਾ ਸੁਖਪ੍ਰੀਤ ਸਿੰਘ ਉਰਫ਼ ਬੁੱਢੇ ਨਾਲ ਵਿਗਾੜ ਪੈ ਗਿਆ ਅਤੇ ਕੀਪਾ ਬਠਿੰਡਾ ਜੇਲ ਵਿਚ ਬੰਦ ਨਾਮੀ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਜੋ ਨਾਭਾ ਜੇਲ ਬਰੇਕ ਕਾਂਡ ਦਾ ਮੁੱਖ ਸਰਗਨਾ ਹੈ ਦੀ ਸ਼ਰਨ ਵਿਚ ਚਲਾ ਗਿਆ।

ਇਹ ਵੀ ਪੜ੍ਹੋ : ਪੰਜਾਬ ਨੂੰ ਦਹਿਲਾਉਣ ਦੀ ਸਾਜ਼ਿਸ਼ ਨਾਕਾਮ, ਤਰਨਤਾਰਨ ’ਚ ਮਿਲੀ ਆਰ.ਡੀ.ਐੱਕਸ ਦੀ ਖੇਪ ਅਤੇ ਹਥਿਆਰ

ਪੁਲਸ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਇਹ ਗੈਂਗਸਟਰ ਕਿਸ ਕਿਸ ਦੇ ਸੰਪਰਕ ਵਿਚ ਹਨ ਅਤੇ ਇਨ੍ਹਾਂ ਦਾ ਪੂਰਾ ਨੈੱਟਵਰਕ ਕੀ ਹੈ ਇਸਦਾ ਬਾਰੀਕੀ ਨਾਲ ਪਤਾ ਲਗਾਇਆ ਜਾ ਰਿਹਾ ਹੈ। ਪੁਲਸ ਅਧਿਕਾਰੀਆਂ ਮੁਤਬਾਕ ਕੁਲਦੀਪ ਸਿੰਘ ਉਰਫ਼ ਕੀਪਾ ਖਿਲਾਫ਼ ਪਹਿਲਾਂ ਹੀ ਵੱਖ-ਵੱਖ ਥਾਣਿਆਂ ਵਿਚ 6 ਮੁਕੱਦਮੇ, ਸੇਵਕ ਸਿੰਘ ਖ਼ਿਲਾਫ਼ 15 ਮੁਕੱਦਮੇ, ਸੁਖਚੈਨ ਸਿੰਘ ਉਰਫ਼ ਭੁਜੀਆ ਖ਼ਿਲਾਫ਼ 2 ਅਤੇ ਸੁਖਮੰਦਰ ਸਿੰਘ ਉਰਫ਼ ਕਾਲਾ ਖਿਲਾਫ਼ 3 ਮੁਕੱਦਮੇ ਦਰਜ ਹਨ। ਉਨ੍ਹਾਂ ਦੱਸਿਆ ਕਿ ਚਾਰੇ ਗੈਂਗਸਟਰਾਂ ਖ਼ਿਲਾਫ਼ ਸਥਾਨਕ ਥਾਣਾ ਸਦਰ ਵਿਖੇ ਢੁੱਕਵੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਇਨ੍ਹਾਂ ਦਾ ਪੁਲਸ ਰਿਮਾਂਡ ਲੈਣ ਲਈ ਕਾਰਵਾਈ ਜਾਰੀ ਹੈ ਤਾਂ ਜੋ ਇਨ੍ਹਾਂ ਵੱਲੋਂ ਅੰਜਾਮ ਦਿੱਤੀਆਂ ਹੋਰ ਵਾਰਦਾਤਾਂ ਅਤੇ ਇਨ੍ਹਾਂ ਦੇ ਸੰਪਰਕ ਵਿਚ ਆਉਣ ਵਾਲੇ ਹਰ ਮਾੜੇ ਅਨਸਰ ਨੂੰ ਪੁਲਸ ਹਿਰਾਸਤ ਵਿਚ ਲਿਆ ਜਾ ਸਕੇ।   

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਏ ਹਾਈ ਪ੍ਰੋਫਾਈਲ ਦੋਹਰੇ ਕਤਲ ਕਾਂਡ ’ਚ ਵੱਡਾ ਖ਼ੁਲਾਸਾ, ਯੂ. ਕੇ. ਤੋਂ ਆਏ ਕਾਤਲ ਨੇ ਇੰਝ ਖੇਡੀ ਖੂਨੀ ਖੇਡ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News