ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਨਾਹ

09/22/2017 12:22:51 AM

ਅਹਿਮਦਗੜ੍ਹ, (ਪੁਰੀ, ਇਰਫਾਨ)— ਨੇੜਲੇ ਪਿੰਡ ਦੇ ਵਸਨੀਕ ਨੇ ਆਪਣੀ ਨਾਬਾਲਿਗ ਲੜਕੀ ਨਾਲ ਪਿੰਡ ਦੇ ਹੀ ਨੌਜਵਾਨਾਂ ਵੱਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਪੁਲਸ ਸਟੇਸ਼ਨ ਸ਼ਹਿਰੀ ਅਹਿਮਦਗੜ੍ਹ ਵਿਖੇ ਦਰਜ ਕਰਵਾਇਆ ਹੈ।
ਦਰਜ ਕਰਵਾਈ ਸ਼ਿਕਾਇਤ ਅਨੁਸਾਰ ਪੀੜਤਾ (ਸਾਢੇ 15) ਕੰਪਿਊਟਰ ਸੈਂਟਰ ਵਿਖੇ ਆਮ ਦਿਨਾਂ ਦੀ ਤਰ੍ਹਾਂ ਪੜ੍ਹਨ ਗਈ ਸੀ। ਸਾਢੇ ਦਸ ਵਜੇ ਉਸ ਦੇ ਪਿੰਡ ਦੇ ਹੀ ਇੰਦਰਜੀਤ ਸਿੰਘ ਅਤੇ ਜੱਗਾ ਸਿੰਘ ਉਸ ਨੂੰ ਇਹ ਕਹਿ ਕੇ ਆਪਣੀ ਇੰਡੀਕਾ ਕਾਰ ਵਿਚ ਲੈ ਗਏ ਕਿ ਉਹ ਉਸ ਨੂੰ ਪਿੰਡ ਛੱਡ ਦੇਣਗੇ। ਲੜਕੀ ਇਨ੍ਹਾਂ ਦੋਵਾਂ ਨੂੰ ਜਾਣਦੀ ਸੀ, ਇਸ ਲਈ ਉਨ੍ਹਾਂ ਨਾਲ ਕਾਰ ਦੀ ਪਿਛਲੀ ਸੀਟ 'ਤੇ ਬੈਠ ਗਈ। ਮੁਲਜ਼ਮ ਉਸ ਨੂੰ ਘਰ ਛੱਡਣ ਦੀ ਬਜਾਏ ਪਿੰਡ ਦੇ ਬਾਹਰ ਲਤਾਲਾ ਰੋਡ ਸਥਿਤ ਇਕ ਮੋਟਰ 'ਤੇ ਲੈ ਗਏ, ਜਿਥੇ ਬਾਅਦ ਵਿਚ ਜੱਸੀ ਸਣੇ 3 ਹੋਰ ਨੌਜਵਾਨ ਆ ਗਏ ਅਤੇ ਪੰਜਾਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਮੁਲਜ਼ਮਾਂ ਵਿਚੋਂ 3 ਦੀ ਪਛਾਣ ਧੂਲਕੋਟ ਵਾਸੀ ਇੰਦਰਜੀਤ ਸਿੰਘ, ਜੱਗੀ ਅਤੇ ਜੱਸੀ ਵਜੋਂ ਹੋਈ ਹੈ ਜਦਕਿ ਬਾਕੀ ਦੇ ਮੁਲਜ਼ਮਾਂ ਦੀ ਪਛਾਣ ਨਾਮਜ਼ਦ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੋਣ ਦੀ ਆਸ ਹੈ।  ਥਾਣਾ ਮੁਖੀ ਬਲਜਿੰਦਰ ਸਿੰਘ ਪੰਨੂੰ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਭਾਵੇਂ ਅਸਲ ਵਾਰਦਾਤ ਜ਼ਿਲਾ ਲੁਧਿਆਣਾ ਦੀ ਹੱਦ 'ਚ ਹੋਈ ਹੈ ਪਰ ਪੀੜਤ ਪਰਿਵਾਰ ਦੀ ਮਜਬੂਰੀ ਨੂੰ ਦੇਖਦੇ ਹੋਏ ਪੁਲਸ ਨੇ ਮੁਲਜ਼ਮਾ ਵਿਰੁੱਧ ਆਈ. ਪੀ. ਸੀ. ਦੀ ਧਾਰਾ 363 ਅਤੇ 376-ਡੀ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਕੰਪਿਊਟਰ ਸੈਂਟਰ ਦੇ ਮੁਖੀ ਹਰਦੀਪ ਸਿੰਘ ਬੱਗਾ ਨੇ ਦਾਅਵਾ ਕੀਤਾ ਕਿ ਘਟਨਾ ਵਾਲੇ ਦਿਨ ਪੀੜਤ ਲੜਕੀ ਸੈਂਟਰ ਵਿਚ ਪਹੁੰਚੀ ਹੀ ਨਹੀਂ।