ਦੇਸ਼ ਦੀਆਂ ਜੇਲਾਂ ''ਚ ਸਜ਼ਾ ਕੱਟ ਰਹੇ ਹਨ 10,892 ਜਬਰ-ਜ਼ਨਾਹੀ

12/06/2019 10:31:04 PM

ਜਲੰਧਰ,(ਸੂਰਜ ਠਾਕੁਰ): ਹੈਦਰਾਬਾਦ ਦੀ ਵੈਟਰਨਰੀ ਡਾਕਟਰ ਦੇ ਗੈਂਗਰੇਪ ਤੇ ਕਤਲ ਦਾ ਚਾਰੇ ਦੋਸ਼ੀਆਂ 'ਤੇ ਅਦਾਲਤ 'ਚ ਮੁਕੱਦਮਾ ਚੱਲਣ ਤੋਂ ਪਹਿਲਾਂ ਉਨ੍ਹਾਂ ਦਾ ਪੁਲਸ ਨੇ ਐਨਕਾਊਂਟਰ ਕਰ ਦਿੱਤਾ। ਇਹ ਐਨਕਾਊਂਟਰ ਸਹੀ ਸੀ ਜਾਂ ਗਲਤ ਇਹ ਇਕ ਵੱਖਰਾ ਵਿਸ਼ਾ ਹੈ ਪਰ ਕਾਨੂੰਨ ਵਿਵਸਥਾ ਨੂੰ ਲੈ ਕੇ ਦੇਸ਼ 'ਚ ਬਵਾਲ ਰੁਕ ਗਿਆ ਹੈ। ਸ਼ੋਸਲ ਮੀਡੀਆ 'ਤੇ ਸਾਰੇ ਇਸ ਐਨਕਾਊਂਟਰ ਦੀ ਸ਼ਲਾਘਾ ਕਰ ਰਹੇ ਹਨ। ਰੇਪ ਦੇ ਦੋਸ਼ੀਆਂ ਨੂੰ ਜੇਲ ਹੋਣ 'ਤੇ ਕਿਸੇ ਪੀੜਤਾ ਦੇ ਵਾਰਿਸਾਂ ਨੂੰ ਕਿੰਨਾ ਸਕੂਨ ਮਿਲਦਾ ਹੈ, ਇਸ ਦਾ ਅੰਦਾਜ਼ਾ ਲਾਉਣਾ ਤਾਂ ਮੁਸ਼ਕਿਲ ਹੈ ਪਰ ਦੇਸ਼ 'ਚ ਭਾਰਤੀ ਸੰਵਿਧਾਨ ਦੀ ਧਾਰਾ ਦੇ ਤਹਿਤ ਸਜ਼ਾ ਕੱਟ ਰਹੇ ਇਕ ਲੱਖ ਤੋਂ ਵੱਧ 10,892 ਜਬਰ-ਜ਼ਨਾਹੀ ਹਨ। ਅਦਾਲਤਾਂ 'ਚ ਰੇਪ ਦੇ ਲੱਖਾਂ ਕੇਸ ਵਿਚਾਰ ਅਧੀਨ ਹੋ ਸਕਦੇ ਹਨ, ਕਿਉਂਕਿ ਨੈਸ਼ਨਲ ਕ੍ਰਾਈਮ ਬਿਊਰੋ (ਐੱਨ.ਸੀ.ਆਰ.ਬੀ.) ਦਾ 2017 ਤਕ ਦਾ ਮਹਿਲਾ ਅਪਰਾਧ ਦਾ ਅੰਕੜਾ ਸਾਢੇ 3 ਲੱਖ ਟੱਪ ਚੁੱਕਾ ਹੈ। ਤ੍ਰਾਸਦੀ ਇਹ ਹੈ ਕਿ ਮਹਿੰਗਾਈ, ਬੇਰੋਜ਼ਗਾਰੀ, ਕਾਨੂੰਨ ਅਤੇ ਅਰਥਵਿਵਸਥਾ ਦੀ ਬੇਹਾਲੀ 'ਚ ਆਮ ਜਨਤਾ ਇਕ ਸਮੇਂ 'ਚ ਇਕ ਹੀ ਮੁੱਦੇ 'ਤੇ ਧਿਆਨ ਦਿੰਦੀ ਹੈ। ਬਾਕੀ ਮੁੱਦਿਆਂ 'ਤੇ ਸਿਆਸਤਦਾਨ ਪਰਦਾ ਨਹੀਂ ਸਗੋਂ ਕਫਨ ਪਾਉਣ ਦਾ ਯਤਨ ਕਰਦੇ ਹਨ।

ਕਿਸ ਜੁਰਮ 'ਚ ਕਿੰਨੇ ਬੰਦ
ਐੱਨ.ਸੀ.ਆਰ.ਬੀ. ਦੇ ਅੰਕੜਿਆਂ ਅਨੁਸਾਰ 2017 ਤਕ ਆਈ.ਪੀ.ਸੀ. ਦੇ ਤਹਿਤ 1 ਲੱਖ 21 ਹਜ਼ਾਰ 997 ਕੈਦੀ ਜੇਲਾਂ 'ਚ ਸਜ਼ਾ ਕੱਟ ਰਹੇ ਹਨ। ਇਨ੍ਹਾਂ 'ਚੋਂ ਸਭ ਤੋਂ ਵੱਧ 84 ਫੀਸਦੀ (102535) ਮਾਮਲੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਅਤੇ ਕਤਲ ਦੇ ਹਨ। ਅਜਿਹੇ ਮਾਮਲਿਆਂ 'ਚ ਸਿਰਫ ਕਤਲ ਦੇ ਮਾਮਲਿਆਂ ਦੀ ਗਿਣਤੀ 68.4 ਫੀਸਦੀ ਭਾਵ 70,170 ਹੈ। ਹੁਣ ਰੇਪ ਦੇ ਮਾਮਲਿਅ ਾਂ ਦੀ ਗੱਲ ਕੀਤੀ ਜਾਵੇ ਤਾਂ 10.6 ਫੀਸਦੀ (10,892) ਜਬਰ-ਜ਼ਨਾਹੀ ਜੇਲਾਂ 'ਚ ਸਜ਼ਾ ਕੱਟ ਰਹੇ ਹਨ। ਦਾਜ ਲਈ ਤੰਗ ਕਰਨ ਦੇ ਮਾਮਲਿਆਂ 'ਚ 29.7 ਫੀਸਦੀ (5448) ਸਜ਼ਾ ਕੱਟ ਰਹੇ ਹਨ। ਇਹ ਅੰਕੜੇ 31 ਦਸੰਬਰ 2017 ਤਕ ਦੇ ਹਨ। ਇੱਥੇ ਸਿਰਫ ਉਨ੍ਹਾਂ ਮਾਮਲਿਆਂ ਦੀ ਗੱਲ ਹੋ ਰਹੀ ਹੈ, ਜਿਨ੍ਹਾਂ 'ਚ ਅਪਰਾਧੀਆਂ ਨੂੰ ਸਜ਼ਾ ਹੋ ਚੁੱਕੀ ਹੈ।