ਗੋਲਕ ਚੋਰੀ ਕਰਨ ਵਾਲੇ ਗੈਂਗ ਦਾ ਇਕ ਮੈਂਬਰ ਨਕਦੀ ਸਣੇ ਕਾਬੂ

01/06/2018 7:02:28 AM

ਕਪੂਰਥਲਾ, (ਭੂਸ਼ਣ)- ਅਰਬਨ ਅਸਟੇਟ ਖੇਤਰ 'ਚ ਗੁਰਦੁਆਰਾ ਸਾਹਿਬ ਦੀ ਗੋਲਕ ਤੋੜ ਕੇ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰਨ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਸੀ. ਆਈ. ਏ. ਸਟਾਫ ਕਪੂਰਥਲਾ ਦੀ ਪੁਲਸ ਨੇ ਇਕ ਮੁਲਜ਼ਮ ਨੂੰ ਨਕਦੀ ਸਮੇਤ ਗ੍ਰਿਫਤਾਰ ਕਰ ਲਿਆ, ਜਦਕਿ ਮੁਲਜ਼ਮ ਦੇ 2 ਹੋਰ ਸਾਥੀ ਫਰਾਰ ਹੋਣ 'ਚ ਕਾਮਯਾਬ ਹੋ ਗਏ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਬੀਤੇ ਦਿਨੀਂ ਪੰਜਾਬੀ ਬਾਗ ਖੇਤਰ 'ਚ ਇਕ ਘਰ ਤੋਂ 1 ਲੱਖ ਰੁਪਏ ਦੀ ਨਕਦੀ ਅਤੇ ਐੱਲ. ਈ. ਡੀ. ਚੋਰੀ ਕਰਨ ਦੀ ਵਾਰਦਾਤ ਸਮੇਤ ਕੁਲ 2 ਵਾਰਦਾਤਾਂ ਨੂੰ ਅੰਜਾਮ ਦੇਣ ਦਾ ਖੁਲਾਸਾ ਕੀਤਾ ਹੈ।
ਜਾਣਕਾਰੀ ਅਨੁਸਾਰ 3 ਜਨਵਰੀ ਦੀ ਰਾਤ ਅਰਬਨ ਅਸਟੇਟ ਖੇਤਰ  ਦੇ ਗੁਰਦੁਆਰਾ ਸਾਹਿਬ 'ਚ ਦੇਰ ਰਾਤ ਕੁਝ ਅਣਪਛਾਤਿਆਂ ਨੇ ਵੜ ਕੇ ਗੋਲਕ 'ਚੋਂ 30 ਹਜ਼ਾਰ ਰੁਪਏ ਦੀ ਨਕਦੀ ਚੋਰੀ ਕਰ ਲਈ, ਜਿਸ ਨੂੰ ਲੈ ਕੇ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਸੀ। 
ਇਸ ਪੂਰੇ ਮਾਮਲੇ ਦੀ ਜਾਂਚ ਲਈ ਐੱਸ. ਐੱਸ. ਪੀ. ਕਪੂਰਥਲਾ ਸੰਦੀਪ ਸ਼ਰਮਾ ਨੇ ਸੀ. ਆਈ. ਏ. ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਤਿੰਦਰਜੀਤ ਸਿੰਘ ਨੂੰ ਹੁਕਮ ਦਿੱਤੇ ਸਨ, ਜਿਨ੍ਹਾਂ ਨੇ ਆਪਣੀ ਟੀਮ ਨਾਲ ਕੰਮ ਕਰਦੇ ਹੋਏ ਨਾਕਾਬੰਦੀ ਦੌਰਾਨ ਜਲੰਧਰ ਮਾਰਗ 'ਤੇ ਲਖਬੀਰ ਸਿੰਘ ਲੱਖਾ ਪੁੱਤਰ ਸਰਵਨ ਸਿੰਘ ਵਾਸੀ ਮਨਸੂਰਵਾਲ ਨੂੰ ਮੋਟਰਸਾਈਕਲ ਸਮੇਤ ਕਾਬੂ ਕਰਦੇ ਹੋਏ ਜਦੋਂ ਪੁੱਛਗਿੱਛ ਕੀਤੀ ਤਾਂ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਸ ਨੇ ਗੁਰਦੁਆਰਾ ਸਾਹਿਬ ਤੋਂ ਵਿਕਰਮਜੀਤ ਸਿੰਘ ਉਰਫ ਵਿੱਕੀ ਪੁੱਤਰ ਸੁਖਦੇਵ ਸਿੰਘ ਵਾਸੀ ਪੰਜਾਬੀ ਬਾਗ ਕਪੂਰਥਲਾ ਅਤੇ ਰਮਨ ਨਾਗਰ ਪੁੱਤਰ ਰਮੇਸ਼ ਨਾਗਰ ਵਾਸੀ ਖਰਗੋਦਾ ਹਰਿਆਣਾ ਹਾਲ ਨਿਵਾਸੀ ਮਨਸੂਰਵਾਲ ਨੂੰ ਲੈ ਕੇ ਗੋਲਕ ਦੀ ਚੋਰੀ ਕੀਤੀ ਸੀ। 
ਉਸ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਦੇ ਗੈਂਗ ਨੇ 29 ਦਸੰਬਰ ਨੂੰ ਵਿਕਰਮ ਸ਼ਰਮਾ ਨਿਵਾਸੀ ਪੰਜਾਬੀ ਬਾਗ ਕਪੂਰਥਲਾ ਦੇ ਘਰ 'ਚੋਂ 1 ਲੱਖ ਰੁਪਏ ਦੀ ਨਕਦੀ, ਸੋਨੇ ਦੇ ਗਹਿਣੇ ਅਤੇ ਐੱਲ. ਈ. ਡੀ. ਚੋਰੀ ਕਰ ਲਈ ਸੀ। ਇਸ ਤੋਂ ਇਲਾਵਾ ਉਸ ਦੇ ਗੈਂਗ ਨੇ ਇਕ ਕਰਿਆਨਾ ਦੁਕਾਨ 'ਚ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਸੀ. ਆਈ. ਏ. ਸਟਾਫ ਦੀ ਪੁਲਸ ਨੇ ਗੁਰਦੁਆਰਾ ਸਾਹਿਬ ਦੀ ਗੋਲਕ ਤੋਂ ਚੋਰੀ ਦੀ 5 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰ ਲਈ ਹੈ, ਉਥੇ ਹੀ ਮੁਲਜ਼ਮ ਦੇ 2 ਹੋਰ ਸਾਥੀਆਂ ਦੀ ਤਲਾਸ਼ 'ਚ ਛਾਪੇ ਮਾਰੇ ਜਾ ਰਹੇ ਹਨ।