ਦਿੱਲੀ ਤੋਂ ਲਗਜ਼ਰੀਆਂ ਗੱਡੀਆਂ ਚੋਰੀ ਕਰਕੇ ਵੇਚਣ ਵਾਲਾ ਗਿਰੋਹ ਬੇਨਕਾਬ, ਹਥਿਆਰ ਮਿਲੇ

03/13/2019 6:19:22 PM

ਅਜਨਾਲਾ (ਵਰਿੰਦਰ) : ਅੰਮ੍ਰਿਤਸਰ ਦਿਹਾਤੀ ਪੁਲਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਹਰਪਾਲ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਕੀਤੀ ਗਈ ਨਾਕੇਬੰਦੀ ਦੌਰਾਨ ਤਿੰਨ ਨੌਜਵਾਨਾਂ ਨੂੰ ਲਗਜ਼ਰੀ ਗੱਡੀਆਂ ਅਤੇ ਅਸਲੇ ਸਮੇਤ ਗ੍ਰਿਫਤਾਰ ਕੀਤਾ ਗਿਆ। ਗ੍ਰਿਫਤਾਰ ਕੀਤੇ ਗਏ ਤਿੰਨਾਂ ਨੌਜਵਾਨਾਂ ਨੂੰ ਪੁਲਸ ਨੇ ਅੱਜ ਅਜਨਾਲਾ ਦੀ ਅਦਾਲਤ ਵਿਚ ਪੇਸ਼ ਕਰਕੇ 16 ਮਾਰਚ ਤੱਕ ਦਾ ਪੁਲਸ ਰਿਮਾਂਡ ਹਾਸਲ ਕਰ ਲਿਆ। 
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀ. ਆਈ. ਏ. ਸਟਾਫ ਦੇ ਇੰਚਾਰਜ ਸਬ-ਇੰਸਪੈਕਟਰ ਹਰਪਾਲ ਸਿੰਘ ਸੋਹੀ ਨੇ ਦੱਸਿਆ ਕਿ ਉਨ੍ਹਾਂ ਦੀ ਅਗਵਾਈ 'ਚ ਪੁਲਸ ਪਾਰਟੀ ਵੱਲੋਂ ਪਿੰਡ ਤੇੜਾ ਕਲਾਂ ਨਜ਼ਦੀਕ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਨ੍ਹਾਂ ਨੂੰ ਇਕ ਮੁਖਬਰ ਨੇ ਸੂਚਨਾਂ ਦਿੱਤੀ ਕਿ ਪਿੰਡ ਖਤਰਾਏ ਕਲਾਂ ਦਾ ਰਹਿਣ ਵਾਲ ਸਰਬਜੀਤ ਸਿੰਘ ਸੱਬਾ, ਅਮਨਪ੍ਰੀਤ ਸਿੰਘ ਅਤੇ ਸਿਮਰਨਜੀਤ ਸਿੰਘ ਵਾਸੀ ਰਿਆੜ ਦਿੱਲੀ ਤੋਂ ਗੱਡੀਆਂ ਚੋਰੀ ਕਰਕੇ ਲਿਆਉਂਦੇ ਹਨ ਅਤੇ ਪੰਜਾਬ ਆ ਕੇ ਵੇਚ ਦਿੰਦੇ ਹਨ ਅਤੇ ਇੰਨ੍ਹਾਂ ਦੇ ਦਿੱਲੀ ਵਾਸੀ ਜੁਝਾਰ ਸਿੰਘ, ਸੰਨੀ ਅਤੇ ਹਰਚਰਨ ਸਿੰਘ ਨਾਲ ਵੀ ਸੰਬੰਧ ਹਨ ਜਿਨਾਂ ਨਾਲ ਮਿਲ ਕੇ ਇਹ ਧੰਦਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਤੁਰੰਤ ਨਾਕਾਬੰਦੀ ਕਰਕੇ ਕਾਲੇ ਰੰਗ ਦੀ ਇਨਡੇਵਰ ਗੱਡੀ 'ਚ ਆ ਰਹੇ ਤਿੰਨ ਨੌਜਵਾਨਾਂ ਨੂੰ ਰੋਕ ਕੇ ਜਦੋਂ ਉਨ੍ਹਾਂ ਦਾ ਨਾਮ ਪਤਾ ਪੁੱਛਿਆ ਤਾਂ ਉਨ੍ਹਾਂ ਨੇ ਆਪਣੇ ਨਾਮ ਸਰਬਜੀਤ ਸਿੰਘ, ਸਿਮਰਨਜੀਤ ਸਿੰਘਅ ਅਤੇ ਅਮਨਪ੍ਰੀਤ ਸਿੰਘ ਦੱਸਿਆ। ਹਰਪਾਲ ਸਿੰਘ ਸੋਹੀ ਨੇ ਅੱਗੇ ਦੱਸਿਆ ਕਿ ਸਰਬਜੀਤ ਸਿੰਘ ਦੀ ਤਲਾਸ਼ੀ ਲੈਣ 'ਤੇ ਉਸ ਕੋਲੋਂ ਇਕ ਦੇਸੀ ਪਿਸਤੋਲ ਤੇ 12 ਕਾਰਤੂਸ ਤੇ ਇਕ ਮੋਬਾਇਲ ਬਰਾਮਦ ਹੋਇਆ ਜਦਕਿ ਸਿਮਰਨਜੀਤ ਸਿੰਘ ਕੋਲੋਂ ਇਕ ਦੇਸੀ ਪਿਸਤੌਲ ਸਮੇਤ 13 ਜਿੰਦਾ ਕਾਰਤੂਸ ਬਰਾਮਦ ਹੋਏ ਹਨ। 
ਉਨ੍ਹਾਂ ਦੱਸਿਆ ਕਿ ਗੱਡੀ ਡਰਾਇਵਰ ਅਮਨਪ੍ਰੀਤ ਸਿੰਘ ਕੋਲੋਂ ਮੋਬਾਇਲ ਤੇ 200 ਰੁਪਏ ਬਰਾਮਦ ਹੋਏ ਹਨ ਅਤੇ ਜਦ ਇੰਨ੍ਹਾਂ ਕੋਲੋਂ ਇੰਨਡੇਵਰ ਗੱਡੀ ਦੇ ਕਾਗਜ਼ਾਤ ਮੰਗੇ ਗਏ ਤਾਂ ਉਹ ਕੋਈ ਕਾਗਜ਼ ਨਹੀਂ ਦਿਖਾ ਸਕੇ ਤੇ ਡਰਾਇਵਰ ਅਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਗੱਡੀ ਚੋਰੀ ਦੀ ਹੈ ਅਤੇ ਨੰਬਰ ਪਲੇਟ ਵੀ ਜਾਅਲੀ ਲਗਾਈ ਹੈ। ਇੰਚਾਰਜ ਹਰਪਾਲ ਸਿੰਘ ਸੋਹੀ ਨੇ ਅੱਗੇ ਦਸਿਆ ਕਿ ਸਰਬਜੀਤ ਸਿੰਘ ਸੱਬਾ ਪੁੱਤਰ ਬਲਜਿੰਦਰ ਸਿੰਘ ਵਾਸੀ ਖਤਰਾਏ ਕਲਾਂ, ਅਮਨਪ੍ਰੀਤ ਸਿੰਘ ਪੁੱਤਰ ਸਲਿੰਦਰ ਸਿੰਘ ਅਤੇ ਸਿਮਰਨਜੀਤ ਸਿੰਘ ਪੁੱਤਰ ਸਮਸ਼ੇਰ ਸਿੰਘ ਵਾਸੀ ਪਿੰਡ ਰਿਆੜ ਖਿਲਾਫ ਥਾਣਾਂ ਝੰਡੇਰ ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਨ ਉਪਰੰਤ ਸਰਬਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਅੱਜ ਉਸਦੇ ਘਰੋਂ ਲੈਂਸਰ ਗੱਡੀ ਅਤੇ 20 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਅੱਜ ਸਿਵਲ ਜੱਜ ਸਿੰਕੂ ਕੁਮਾਰ ਦੀ ਅਦਾਲਤ ਵਿਚ ਪੇਸ਼ ਕਰਕੇ 16 ਮਾਰਚ ਤੱਕ ਪੁਲਸ ਰਿਮਾਂਡ ਹਾਸਿਲ ਕੀਤਾ ਗਿਆ ਹੈ।

Gurminder Singh

This news is Content Editor Gurminder Singh