''ਲੁਕ ਕੇ'' ਚਲਦੀ ਹੈ ਚਲਾਨ ਦੀ ''ਗੱਲਬਾਤ''

01/18/2018 7:34:40 AM

ਮੋਹਾਲੀ  (ਕੁਲਦੀਪ) - ਪੁਲਸ ਵਲੋਂ ਭਾਵੇਂ ਹੀ ਸ਼ਹਿਰ ਵਿਚ ਰੋਡ ਸੇਫਟੀ ਵੀਕ ਮਨਾ ਕੇ ਲੋਕਾਂ ਨੂੰ ਟਰੈਫਿਕ ਨਿਯਮਾਂ ਦਾ ਪਾਲਣ ਕਰਨ ਦੀ ਨਸੀਹਤ ਦਿੱਤੀ ਜਾ ਰਹੀ ਹੈ, ਉਥੇ ਹੀ ਕਈ ਪੁਲਸ ਕਰਮਚਾਰੀ ਖੁਦ ਆਪਣੀ ਜਾਨ ਜੋਖਮ ਵਿਚ ਪਾ ਕੇ ਵਾਹਨਾਂ ਨੂੰ ਰੋਕਣ ਵਿਚ ਲੱਗੇ ਰਹਿੰਦੇ ਹਨ । ਅਜਿਹੀ ਹੀ ਉਦਾਹਰਣ ਅੱਜ ਫੇਜ਼-7 ਸਥਿਤ ਚਾਵਲਾ ਲਾਈਟ ਪੁਆਇੰਟ ਕੋਲ ਤਾਇਨਾਤ ਪੁਲਸ ਦੀ ਪੀ. ਸੀ. ਆਰ. ਵਾਲੀ ਗੱਡੀ ਵਿਚ ਤਾਇਨਾਤ ਪੁਲਸ ਕਰਮਚਾਰੀਆਂ ਵਿਚ ਦੇਖਣ ਨੂੰ ਮਿਲੀ ।
ਬਿਨਾਂ ਬੈਰੀਕੇਡ ਦੇ ਡੰਡੇ ਨਾਲ ਘੇਰ ਰਹੇ ਸਨ ਗੱਡੀਆਂ
ਚਾਵਲਾ ਲਾਈਟਾਂ ਕੋਲ ਫੇਜ਼-3 ਦੀ ਮਾਰਕੀਟ ਦੇ ਆਖਰੀ ਬਲਾਕ ਵਿਚ ਪੁਲਸ ਦੀ ਪੀ. ਸੀ. ਆਰ. ਦੀ ਗੱਡੀ ਨੰਬਰ 10 ਖੜ੍ਹੀ ਸੀ । ਇਸ ਗੱਡੀ 'ਤੇ ਤਾਇਨਾਤ ਇਕ ਹੌਲਦਾਰ ਬਿਨਾਂ ਕਿਸੇ ਬੈਰੀਕੇਡ ਦੇ ਸੜਕ ਵਿਚ ਖੜ੍ਹਾ ਹੋ ਕੇ ਡੰਡੇ ਨਾਲ ਵਾਹਨਾਂ ਨੂੰ ਰੋਕ ਰਿਹਾ ਸੀ । ਉਸ ਤੋਂ ਬਾਅਦ ਸੜਕ 'ਤੇ ਖੜ੍ਹੀਆਂ ਦੋ ਮਹਿਲਾ ਪੁਲਸ ਮੁਲਾਜ਼ਮਾਂ ਵਲੋਂ ਸਬੰਧਤ ਵਾਹਨ ਦੇ ਕਾਗਜ਼ ਚੈੱਕ ਕੀਤੇ ਜਾ ਰਹੇ ਸਨ ਤੇ ਫਿਰ ਚਾਲਕ ਨੂੰ ਮਾਰਕੀਟ ਵਿਚ ਖੜ੍ਹੀ ਪੀ. ਸੀ. ਆਰ. ਦੀ ਗੱਡੀ ਵਿਚ ਭੇਜ ਦਿੱਤਾ ਜਾਂਦਾ ਸੀ।
ਕਾਫੀ ਦੇਰ ਚਲਦੀ ਰਹੀ ਖੇਡ
ਵਾਹਨ ਰੋਕਣ ਤੋਂ ਬਾਅਦ ਹੌਲਦਾਰ ਸਾਹਿਬ ਗੱਡੀ ਅੰਦਰ ਬੈਠ ਕੇ ਗੁਪਤ ਢੰਗ ਨਾਲ ਚਲਾਨ ਦੀ ਗੱਲਬਾਤ ਕਰਨ ਚਲੇ ਜਾਂਦੇ ਸਨ । ਅਜਿਹੀ ਖੇਡ ਕਾਫੀ ਦੇਰ ਚਲਦੀ ਰਹੀ । ਗੱਡੀ ਦੀ ਪਿਛਲੀ ਸੀਟ 'ਤੇ ਬੈਠ ਕੇ ਚਲਾਨ ਕਰਨ ਦੀ ਗੱਲ ਮਾਰਕੀਟ ਵਿਚ ਮੌਜੂਦ ਲੋਕਾਂ ਨੂੰ ਕਾਫੀ ਰੜਕਦੀ ਰਹੀ । ਲੋਕਾਂ ਵਿਚ ਇਸ ਗੱਲ ਦੀ ਚਰਚਾ ਸੀ ਕਿ ਆਖਿਰ ਗੱਡੀ ਵਿਚ ਪਿਛਲੀ ਸੀਟ 'ਤੇ ਲੁਕ ਕੇ ਚਲਾਨ ਕਰਨ ਦੀ ਵਜ੍ਹਾ ਕੀ ਹੋ ਸਕਦੀ ਹੈ । ਇਸ ਬੇਸਬਰੀ ਦਾ ਇਕ ਕਾਰਨ ਇਹ ਵੀ ਸੀ ਕਿ ਪੁਲਸ ਦੀ ਪੀ. ਸੀ. ਆਰ. ਵਾਲੀ ਗੱਡੀ ਨੰਬਰ 10 ਮਾਰਕੀਟ ਦੀ ਪਾਰਕਿੰਗ ਵਿਚ ਇਕ ਰੁੱਖ ਦੀ ਆੜ ਵਿਚ ਖੜ੍ਹੀ ਕੀਤੀ ਹੋਈ ਸੀ ।