ਜੀ. ਐੱਸ. ਟੀ. ਸ਼ੇਅਰ ਦੇ ਇੰਤਜ਼ਾਰ ’ਚ ਫਿਰ ਲਟਕੀ ਤਨਖਾਹ

04/24/2018 11:34:15 AM

ਲੁਧਿਆਣਾ (ਹਿਤੇਸ਼)-ਸਰਕਾਰ ਵੱਲੋਂ ਜੀ. ਐੱਸ. ਟੀ. ਸ਼ੇਅਰ ਦੀ ਕਿਸ਼ਤ ਨਾ ਭੇਜੇ ਜਾਣ ਕਾਰਨ ਇਕ ਵਾਰ ਫਿਰ ਨਗਰ ਨਿਗਮ ਮੁਲਾਜ਼ਮਾਂ ਦੀ ਤਨਖਾਹ ਲਟਕ ਗਈ, ਜਿਨ੍ਹਾਂ ਨੇ ਸੋਮਵਾਰ ਨੂੰ ਐਡੀਸ਼ਨਲ ਕਮਿਸ਼ਨਰ ਦੇ ਆਫਿਸ ਦਾ ਘਿਰਾਓ ਕਰਦੇ ਹੋਏ ਪ੍ਰਦਰਸ਼ਨ ਕੀਤਾ।
ਨਗਰ ਨਿਗਮ ਦੀ ਵਿੱਤੀ ਸਥਿਤੀ ਇਹ ਹੈ ਕਿ ਚੁੰਗੀ ਦੀ ਵਸੂਲੀ ਬੰਦ ਹੋਣ ਤੋਂ ਬਾਅਦ ਇਕ-ਇਕ ਪੈਸੇ ਲਈ ਮੁਥਾਜ ਹੋ ਕੇ ਰਹਿ ਗਈ ਹੈ। ਭਾਵੇਂ ਸਰਕਾਰ ਨੇ ਪਹਿਲਾਂ ਵੈਟ ਅਤੇ ਹੁਣ ਜੀ. ਐੱਸ. ਟੀ. ਦੀ ਕੁਲੈਕਸ਼ਨ ਦੇ ਹਿੱਸੇ ਨੂੰ ਨਗਰ ਨਿਗਮ ਦੀ ਆਮਦਨੀ ਲਈ ਵਿਕਲਪ ਦੇ ਰੂਪ ਵਿਚ ਲਾਗੂ ਕੀਤਾ ਹੋਇਆ ਹੈ ਪਰ ਪੈਸਾ ਰੁਟੀਨ ਦੇ ਖਰਚ ਲਈ ਪੂਰਾ ਨਹੀਂ ਹੋ ਰਿਹਾ, ਇਥੋੋਂ ਤੱਕ ਮੁਲਾਜ਼ਮਾਂ ਨੂੰ ਹਰ ਮਹੀਨੇ ਲੇਟ ਤਨਖਾਹ ਮਿਲਦੀ ਹੈ। ਇਹ ਹਾਲਾਤ ਜੀ. ਐੱਸ. ਟੀ ਲਾਗੂ ਹੋਣ ਦੇ ਬਾਅਦ ਹੋਰ ਜ਼ਿਆਦਾ ਖਰਾਬ ਹੋ ਗਏ ਹਨ, ਕਿਉਂਕਿ ਉਸ ਦੀ ਕਿਸ਼ਤ ਨਗਰ ਨਿਗਮ ਨੂੰ
ਟਾਈਮ ’ਤੇ ਨਹੀਂ ਮਿਲ ਰਹੀ, ਜਿਸ ਦਾ ਨਤੀਜਾ ਇਹ ਹੈ ਕਿ ਨਗਰ ਨਿਗਮ
ਮੁਲਾਜ਼ਮਾਂ ਨੂੰ ਹੁਣ ਤੱਕ ਮਾਰਚ ਮਹੀਨੇ ਦੀ ਸੈਲਰੀ ਨਹੀਂ ਮਿਲੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਉਨ੍ਹਾਂ ਨੇ ਸੋਮਵਾਰ ਨੂੰ ਐਡੀਸ਼ਨਲ ਕਮਿਸ਼ਨਰ ਸਯੰਮ ਅਗਰਵਾਲ ਦੇ ਆਫਿਸ ਦੇ ਬਾਹਰ ਧਰਨਾ ਦਿੱਤਾ।
 ਮੁਲਾਜ਼ਮਾਂ ਦਾ ਕਹਿਣਾ ਸੀ ਕਿ ਤਨਖਾਹ ਰਿਲੀਜ਼ ਕਰਨ ਦੀ ਮੰਗ ਨੂੰ ਲੈ ਕੇ ਮੇਅਰ ਅਤੇ ਕਮਿਸ਼ਨਰ ਨੂੰ ਮਿਲ ਚੁੱਕੇ ਹਨ, ਜਿਨ੍ਹਾਂ ਨੇ ਇਸ ਬਾਰੇ ਐਡੀਸ਼ਨਲ ਕਮਿਸ਼ਨਰ ਨੂੰ ਨਿਰਦੇਸ਼ ਵੀ ਜਾਰੀ ਕੀਤੇ ਪਰ ਕੋਈ ਨਤੀਜਾ ਨਹੀਂ ਨਿਕਲਿਆ।

ਮਿੳੂਂਸੀਪਲ ਕਰਮਚਾਰੀ ਦਲ ਨੇ ਦਿੱਤੀ ਹੜਤਾਲ ਦੀ ਚਿਤਾਵਨੀ
ਨਗਰ ਨਿਗਮ ਮੁਲਾਜ਼ਮਾਂ ਨੂੰ ਸੈਲਰੀ ਨਾ ਮਿਲਣ ਨੂੰ ਲੈ ਕੇ ਮਿੳੂਂਸੀਪਲ ਕਰਮਚਾਰੀ ਦਲ ਨੇ ਹੜਤਾਲ ਦੀ ਚਿਤਾਵਨੀ ਦਿੱਤੀ ਹੈ। ਵਿਜੇ ਦਾਨਵ, ਚੌਧਰੀ ਯਸ਼ਪਾਲ, ਮੋਹਨਵੀਰ ਚੌਹਾਨ, ਲਵ ਦ੍ਰਾਵਿੜ, ਦੇਵ ਰਾਜ, ਨੇਤਾ ਜੀ ਸੌਂਧੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਸੈਲਰੀ ਨਾ ਮਿਲਣ ਕਾਰਨ ਉਹ ਗੰਭੀਰ ਆਰਥਿਕ ਸੰਕਟ ਦੇ ਦੌਰ ਵਿਚ ਗੁਜ਼ਰ ਰਹੇ ਹਨ। ਉਨ੍ਹਾਂ ਕੋਲ ਘਰ ਦਾ ਖਰਚ ਚਲਾਉਣ ਦੇ ਇਲਾਵਾ ਬੱਚਿਆਂ ਦੀ ਸਕੂਲ ਫੀਸ ਦੇਣ ਲਈ ਪੈਸੇ ਨਹੀਂ ਹਨ ਅਤੇ ਬੈਂਕ ਲੋਨ ਦੀਆਂ ਕਿਸ਼ਤਾਂ ਲੇਟ ਹੋਣ ਕਾਰਨ ਜੁਰਮਾਨਾ ਪੈ ਰਿਹਾ ਹੈ, ਜਿਸ ਦੇ ਮੱਦੇਨਜ਼ਰ ਪਹਿਲਾਂ ਦਰਜਾ ਚਾਰ ਮੁਲਾਜ਼ਮਾਂ ਨੂੰ ਸੈਲਰੀ ਦੇਣ ਬਾਰੇ ਕੀਤਾ ਗਿਆ ਵਾਅਦਾ ਵੀ ਨਗਰ ਨਿਗਮ ਪ੍ਰਸ਼ਾਸਨ ਵਲੋਂ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਦੇ ਵਿਰੋਧ ਵਿਚ ਸਖਤ ਕਦਮ ਚੁੱਕਣ ਦੀ ਯੋਜਨਾ ਬਣਾਈ ਜਾ ਰਹੀ ਹੈ।