ਜੀ-20 ਸਿਖਰ ਸੰਮੇਲਨ ''ਚ ਬੋਲੇ ਨਰਿੰਦਰ ਮੋਦੀ, ਅੱਤਵਾਦ ਸਭ ਤੋਂ ਵੱਡਾ ਖਤਰਾ

06/28/2019 11:47:22 PM

ਓਸਾਕਾ/ਨਵੀਂ ਦਿੱਲੀ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਅੱਤਵਾਦ ਇਸ ਸਮੇਂ ਸਭ ਤੋਂ ਵੱਡਾ ਖਤਰਾ ਹੈ।ਸ਼ਨੀਵਾਰ ਤੱਕ ਚੱਲਣ ਵਾਲੇ 2 ਦਿਨਾ ਜੀ-20 ਦੇਸ਼ਾਂ ਦੇ ਸਿਖਰ ਸੰਮੇਲਨ ਦੇ ਪਹਿਲੇ ਦਿਨ ਸ਼ੁੱਕਰਵਾਰ ਮੋਦੀ ਨੇ ਕਿਹਾ ਕਿ ਅੱਤਵਾਦ ਨਾ ਸਿਰਫ ਮਾਸੂਮਾਂ ਦੀ ਜਾਨ ਲੈਂਦਾ ਹੈ, ਸਗੋਂ ਇਸ ਦਾ ਨਾਂਹਪੱਖੀ ਅਸਰ ਆਰਥਿਕ ਵਿਕਾਸ ਤੇ ਧਾਰਮਿਕ ਸਦਭਾਵਨਾ 'ਤੇ ਵੀ ਪੈਂਦਾ ਹੈ। ਉਨ੍ਹਾਂ ਪਾਕਿਸਤਾਨ ਦਾ ਨਾਂ ਲਏ ਬਿਨਾਂ ਉਸ ਦੀ ਆਲੋਚਨਾ ਕੀਤੀ। ਮੋਦੀ ਨੇ ਘੱਟ ਕੀਮਤ 'ਤੇ ਤੇਲ ਤੇ ਗੈਸ ਦੀ ਉਪਲੱਬਧਤਾ 'ਤੇ ਜ਼ੋਰ ਦਿੰਦਿਆਂ ਇਕਪਾਸੜ ਫੈਸਲੇ ਠੋਸਣ ਲਈ ਸਿੱਧੇ ਤੌਰ 'ਤੇ ਅਮਰੀਕਾ 'ਤੇ ਸਵਾਲ ਉਠਾਏ। ਉਕਤ ਸਿਖਰ ਸੰਮੇਲਨ ਵਿਚ ਮੋਦੀ ਨੇ ਦੁਨੀਆ ਦੀ ਅਰਥਵਿਵਸਥਾ ਵਿਚ ਮੰਦੀ ਅਤੇ ਗੈਰ-ਯਕੀਨੀ ਵਾਲੀ ਹਾਲਤ ਦਾ ਜ਼ਿਕਰ ਕਰਦਿਆਂ ਅੱਤਵਾਦ ਨੂੰ ਦੁਨੀਆ ਦੀ ਇਕ ਪ੍ਰਮੁੱਖ ਚੁਣੌਤੀ ਵਜੋਂ ਗਿਣਾਇਆ ਹੈ। ਉਨ੍ਹਾਂ ਇਸ ਦੇ ਹੱਲ ਲਈ 5 ਸੂਤਰੀ ਉਪਾਅ ਵੀ ਦੱਸੇ। ਮੋਦੀ ਨੇ 'ਜਯ' ਦਾ 'ਮੰਤਰ' ਵੀ ਦਿੱਤਾ। ਉਨ੍ਹਾਂ ਕਿਹਾ ਕਿ ਜਾਪਾਨ, ਅਮਰੀਕਾ ਅਤੇ ਇੰਡੀਆ (ਜੇ. ਏ. ਆਈ.) ਨੂੰ ਮਿਲ ਕੇ ਇਕੱਠਿਆਂ ਕੰਮ ਕਰਨ ਲਈ ਲੋੜ ਹੈ।

ਮੋਦੀ ਨੇ ਸੰਮੇਲਨ ਦੌਰਾਨ ਬ੍ਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ) ਦੇ ਆਗੂਆਂ ਨਾਲ ਗੈਰ-ਰਸਮੀ ਗੱਲਬਾਤ ਕੀਤੀ। ਇਸ ਮੌਕੇ 'ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਹੋਰਨਾਂ ਦੇਸ਼ਾਂ ਦੇ ਮੁਖੀ ਵੀ ਸ਼ਾਮਲ ਸਨ। ਮੋਦੀ ਜਰਮਨ ਦੀ ਚਾਂਸਲਰ ਏਂਜੇਲਾ ਮਾਰਕੇਨ ਨੂੰ ਵੀ ਮਿਲੇ। ਦੋਵਾਂ ਆਗੂਆਂ ਨੇ ਭਾਰਤ ਅਤੇ ਜਰਮਨ ਦੇ ਰਿਸ਼ਤਿਆਂ ਨੂੰ ਹੋਰ ਅੱਗੇ ਵਧਾਉਣ ਬਾਰੇ ਗੱਲਬਾਤ ਕੀਤੀ।