ਬੈਰੀਅਰ ਹਟੇ, ''2 ਨੰਬਰ'' ਦਾ ਮਾਲ ਢੋਣ ਵਾਲੇ ਟਰੱਕ ਫਿਰ ਸੜਕਾਂ ''ਤੇ

11/18/2017 3:46:06 PM


ਅੰਮ੍ਰਿਤਸਰ (ਇੰਦਰਜੀਤ) - ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਆਰਥਿਕ ਸੰਕਟ 'ਚ ਆਈ ਪੰਜਾਬ ਸਰਕਾਰ ਨੇ ਜਿਥੇ ਕੇਂਦਰ ਅੱਗੇ ਕਈ ਵਾਰ ਹੱਥ ਪਸਾਰੇ ਪਰ ਕੇਂਦਰ ਸਰਕਾਰ ਵੱਲੋਂ ਰਾਹਤ ਦੇ ਤੌਰ 'ਤੇ ਨਾਮਾਤਰ ਰਕਮ ਹੀ ਮਿਲੀ। ਦੂਜੇ ਪਾਸੇ ਟੈਕਸ ਚੋਰ ਮਾਫੀਆ ਹੁਣ ਇੰਨਾ ਜੋਸ਼ੀਲਾ ਹੋ ਚੁੱਕਾ ਹੈ ਕਿ ਜੇਕਰ ਇਸ 'ਤੇ ਰੋਕ ਲਾ ਲਈ ਜਾਵੇ ਤਾਂ ਸ਼ਾਇਦ ਪੰਜਾਬ ਨੂੰ ਕੇਂਦਰ ਤੋਂ ਕੁਝ ਮੰਗਣ ਦੀ ਜ਼ਰੂਰਤ ਨਹੀਂ ਪਵੇਗੀ। ਇਹ ਹਾਲਾਤ ਉਦੋਂ ਤੋਂ ਬਣ ਰਹੇ ਹਨ ਜਦੋਂ ਤੋਂ ਜੀ. ਐੱਸ. ਟੀ. ਲਾਗੂ ਹੋਣ ਉਪਰੰਤ ਕੇਂਦਰ ਸਰਕਾਰ ਦੇ ਨਿਰਦੇਸ਼ 'ਤੇ ਪੰਜਾਬ ਦੇ 38 ਬੈਰੀਅਰ ਉਠਾ ਲਏ ਗਏ ਸਨ। ਇਸ ਟੈਕਸ ਚੋਰ ਮਾਫੀਆ ਦੇ ਨਾਲ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੀਆਂ ਕਾਲੀਆਂ ਭੇਡਾਂ ਵੀ ਸ਼ਾਮਿਲ ਹਨ, ਜੋ ਇਨ੍ਹਾਂ ਨੂੰ ਨਾ ਸਿਰਫ ਸੁਰੱਖਿਆ ਦਿੰਦੀਆਂ ਹਨ ਬਲਕਿ ਪੂਰੀ ਤਰ੍ਹਾਂ ਗਾਈਡ ਵੀ ਕਰਦੀਆਂ ਹਨ ਅਤੇ ਕਦੀ-ਕਦੀ ਜੇਕਰ ਉਪਰੋਂ ਸਖਤੀ ਦੇ ਆਰਡਰ ਆ ਜਾਣ ਤਾਂ ਇਨ੍ਹਾਂ ਨੂੰ ਜਾਣੂ ਵੀ ਕਰਵਾਉਂਦੀਆਂ ਹਨ। ਇਨ੍ਹਾਂ ਦੇ ਬਲ 'ਤੇ ਟੈਕਸ ਚੋਰ ਮਾਫੀਆ ਜੀ. ਐੱਸ. ਟੀ. ਦੇ ਸੁਰੱਖਿਆ ਚੱਕਰ ਨੂੰ ਰੌਂਦ ਰਿਹਾ ਹੈ।

ਇਸ ਸਬੰਧੀ ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ 6 ਤੋਂ ਵੱਧ ਟਰਾਂਸਪੋਰਟ ਕੰਪਨੀਆਂ ਜੋ ਜੀ. ਐੱਸ. ਟੀ. ਲਾਗੂ ਹੋਣ ਤੋਂ ਬਾਅਦ ਆਪਣੇ ਸਟਾਈਲ ਬਦਲ ਚੁੱਕੀਆਂ ਸਨ ਤੇ ਮਾਲ ਬਿੱਲ ਦੇ ਨਾਲ ਆਉਣਾ ਸ਼ੁਰੂ ਹੋ ਗਿਆ ਸੀ ਪਰ ਪਿਛਲੇ 2-3 ਮਹੀਨਿਆਂ ਤੋਂ ਪੰਜਾਬ ਦੇ ਬੈਰੀਅਰ ਉਠਾ ਲਏ ਜਾਣ ਉਪਰੰਤ ਉਨ੍ਹਾਂ ਲਈ ਬਿਨਾਂ ਬਿੱਲ ਦਾ ਮਾਲ ਲਿਆਉਣਾ ਕਾਫ਼ੀ ਆਸਾਨ ਹੋ ਗਿਆ ਹੈ, ਨਤੀਜੇ ਵਜੋਂ ਇਨ੍ਹਾਂ ਕੰਪਨੀਆਂ ਨੇ ਆਪਣੇ ਟਰੱਕ 2 ਨੰਬਰ ਮਾਲ ਦੀ ਢੁਆਈ ਵਿਚ ਲਾ ਦਿੱਤੇ ਹਨ। ਮਾਲ ਨੂੰ ਲਿਆਉਣ ਵਾਲੇ ਇਨ੍ਹਾਂ ਟਰੱਕਾਂ ਦੀ ਸੰਖਿਆ 40 ਤੋਂ ਵੱਧ ਦੱਸੀ ਜਾ ਰਹੀ ਹੈ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਵਿਚ ਕਈ ਟਰੱਕ 10 ਤੋਂ 15 ਟਨ ਦੀ ਢੁਆਈ ਕਰਦੇ ਹਨ, ਜਦੋਂ ਕਿ ਕਈ ਟਰੱਕ ਅਜਿਹੇ ਵੀ ਹਨ ਜਿਨ੍ਹਾਂ ਦੀ ਸਮਰੱਥਾ 30 ਟਨ ਦੇ ਕਰੀਬ ਹੁੰਦੀ ਹੈ।
ਕੁਲ ਮਿਲਾ ਕੇ ਜੇਕਰ ਇਕ ਟਰੱਕ 'ਚ 18 ਟਨ ਢੁਆਈ ਦੀ ਔਸਤ ਲਾਈ ਜਾਵੇ ਤਾਂ 40 ਟਰੱਕਾਂ ਵਿਚ 720 ਟਨ ਮਾਲ ਦੀ ਢੁਆਈ ਹੋ ਜਾਂਦੀ ਹੈ। ਇਨ੍ਹਾਂ ਵਿਚ ਕੁਝ ਟਰੱਕ ਤਾਂ 10 ਤੋਂ 20 ਫ਼ੀਸਦੀ ਬਿੱਲ ਨਾਲ ਚੱਲਦੇ ਹਨ, ਬਾਕੀ ਦਾ ਮਾਲ 2 ਨੰਬਰ ਵਿਚ ਹੁੰਦਾ ਹੈ ਅਤੇ ਕਈ ਟਰੱਕ ਤਾਂ ਅਜਿਹੇ ਹਨ ਜੋ ਪੂਰੇ ਦੇ ਪੂਰੇ ਬਿਨਾਂ ਬਿੱਲ ਦੇ ਵੀ ਆ ਰਹੇ ਹਨ। ਜੇਕਰ ਇਕ ਮਹੀਨੇ ਵਿਚ ਇਨ੍ਹਾਂ ਦੇ ਕੁਲ ਮਾਲ ਦੀ ਢੁਆਈ ਦੀ ਸੰਖਿਆ ਬਣਾਈ ਜਾਵੇ ਤਾਂ 20 ਤੋਂ 25 ਹਜ਼ਾਰ ਟਨ ਮਾਲ ਢੋਇਆ ਜਾਂਦਾ ਹੈ।