ਜੀ. ਐੱਸ. ਟੀ. ਵਿਰੁੱਧ ਕੱਪੜਾ ਯੂਨੀਅਨ ਵੱਲੋਂ ਪ੍ਰਦਰਸ਼ਨ

06/30/2017 11:41:01 PM

ਮੋਗਾ,   (ਪਵਨ ਗਰੋਵਰ, ਗੋਪੀ ਰਾਊਕੇ)-  ਦੇਸ਼-ਵਿਆਪੀ ਹੜਤਾਲ ਦੇ ਮੱਦੇਨਜ਼ਰ ਕੱਪੜਾ ਯੂਨੀਅਨ ਵੱਲੋਂ ਅੱਜ ਜੀ. ਐੱਸ. ਟੀ. (ਗੁਡਜ਼ ਐਂਡ ਸਰਵਿਸ ਟੈਕਸ) ਦੇ ਵਿਰੋਧ 'ਚ ਸ਼ਹਿਰ ਦੇ ਸਾਰੇ ਕੱਪੜਾ ਦੁਕਾਨਦਾਰ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਕਾਲੇ ਬਿੱਲੇ ਲਾ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਸ਼ਾਂਤੀ ਮਾਰਚ ਕੱਢਿਆ। 
ਇਹ ਰੋਸ ਮਾਰਚ ਪੁਰਾਣੀ ਦਾਣਾ ਮੰਡੀ, ਭਾਰਤ ਮਾਤਾ ਮੰਦਰ ਤੋਂ ਹੋ ਕੇ ਸ਼ਹਿਰ ਦੇ ਰੇਲਵੇ ਰੋਡ, ਪ੍ਰਤਾਪ ਰੋਡ, ਬਾਗ ਗਲੀ, ਮੇਨ ਬਾਜ਼ਾਰ, ਜੀ. ਟੀ. ਰੋਡ ਤੋਂ ਹੁੰਦਾ ਹੋਇਆ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜਾ ਕੇ ਸਮਾਪਤ ਹੋਇਆ ਜਿਥੇ ਸਮੂਹ ਕੱਪੜਾ ਵਪਾਰੀ ਐਸੋਸੀਏਸ਼ਨ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। 
ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਜਗਦੀਸ਼ ਛਾਬੜਾ ਦੀ ਅਗਵਾਈ 'ਚ ਸਮੂਹ ਦੁਕਾਨਦਾਰਾਂ ਨੇ ਡਿਪਟੀ ਕਮਿਸ਼ਨਰ ਨੂੰ ਕੇਂਦਰ ਖਿਲਾਫ ਮੰਗ-ਪੱਤਰ ਸੌਂਪਿਆ।
ਇਸ ਮੌਕੇ ਸੰਬੋਧਨ ਕਰਦਿਆਂ ਪ੍ਰਧਾਨ ਜਗਦੀਸ਼ ਛਾਬੜਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਜੀ. ਐੱਸ. ਟੀ. ਨੂੰ ਰੱਦ ਨਾ ਕੀਤਾ ਗਿਆ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜੀ. ਐੱਸ. ਟੀ. ਨੂੰ ਰੱਦ ਕਰਨ ਵੱਲ ਕੋਈ ਕਦਮ ਨਹੀਂ ਚੁੱਕਿਆ ਗਿਆ। 
ਉਨ੍ਹਾਂ ਦੱਸਿਆ ਕਿ ਅੱਜ ਪੰਜਾਬ ਭਰ 'ਚ ਕੱਪੜਾ ਯੂਨੀਅਨ ਦੀ ਦੇਸ਼-ਵਿਆਪੀ ਹੜਤਾਲ ਦੇ ਮੱਦੇਨਜ਼ਰ ਕੱਪੜਾ ਯੂਨੀਅਨ ਮੋਗਾ ਦੇ ਮੈਂਬਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਪੰਜਾਬ ਬੰਦ 'ਚ ਸਮਰਥਨ ਦਿੱਤਾ। ਉਨ੍ਹਾਂ ਕਿਹਾ ਕਿ ਕੱਪੜੇ 'ਤੇ ਜੋ ਭਾਰਤ ਸਰਕਾਰ ਵੱਲੋਂ ਜੀ. ਐੱਸ. ਟੀ. ਲਾਇਆ ਜਾ ਰਿਹਾ ਹੈ, ਉਹ ਅੱਜ ਤੱਕ ਕਿਸੇ ਵੀ ਸਰਕਾਰ ਨੇ ਨਹੀਂ ਲਾਇਆ ਕਿਉਂਕਿ ਕੱਪੜਾ ਹਰ ਇਕ ਦੀ ਜ਼ਰੂਰਤ ਹੈ ਅਤੇ ਜੇਕਰ ਕੱਪੜੇ 'ਤੇ ਜੀ. ਐੱਸ. ਟੀ. ਲੱਗਦਾ ਹੈ ਤਾਂ ਗਰੀਬ ਲੋਕਾਂ 'ਤੇ ਇਸ ਦਾ ਬੋਝ ਪਵੇਗਾ। ਉਨ੍ਹਾਂ ਕਿਹਾ ਕਿ ਕੱਪੜੇ 'ਤੇ ਲੱਗੇ ਜੀ. ਐੱਸ. ਟੀ. ਨੂੰ ਤੁਰੰਤ ਰੱਦ ਕੀਤਾ ਜਾਵੇ। ਇਸ ਦੇ ਬਾਅਦ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ 'ਚ ਕਾਲੇ ਬਿੱਲੇ ਲਾ ਕੇ ਅਤੇ ਤਖਤੀਆਂ 'ਤੇ ਨਾਅਰੇ ਲਿਖ ਕੇ ਸ਼ਹਿਰ 'ਚ ਸ਼ਾਂਤੀ ਮਾਰਚ ਕੱਢਿਆ ਗਿਆ। ਇਸ ਸਮੇਂ ਵੱਡੀ ਗਿਣਤੀ 'ਚ ਸ਼ਹਿਰ ਦੇ ਕੱਪੜਾ ਵਪਾਰੀ ਤੇ ਵਰਕਰ ਹਾਜ਼ਰ ਸਨ।
ਧਰਮਕੋਟ ਤੋਂ ਸਤੀਸ਼ ਅਨੁਸਾਰ : ਇਸੇ ਤਰ੍ਹਾਂ ਧਰਮਕੋਟ 'ਚ ਕਲਾਥ ਮਰਚੈਂਟ ਐਸੋਸੀਏਸ਼ਨ ਧਰਮਕੋਟ ਦੇ ਪ੍ਰਧਾਨ ਦਵਿੰਦਰ ਛਾਬੜਾ ਦੀ ਅਗਵਾਈ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ 'ਤੇ ਕ੍ਰਿਸ਼ਨ ਦਾਸ ਥਾਪਾ ਸੁਪਰਡੈਂਟ ਐੱਸ. ਡੀ. ਐੱਮ. ਧਰਮਕੋਟ ਨੂੰ ਮੰਗ-ਪੱਤਰ ਦਿੱਤਾ। ਇਸ ਤੋਂ ਪਹਿਲਾਂ ਕੱਪੜਾ ਵਪਾਰੀਆਂ ਨੇ ਸ਼ਹਿਰ 'ਚ ਰੋਸ ਮਾਰਚ ਕੱਢਿਆ ਅਤੇ ਜੀ. ਐੱਸ. ਟੀ. ਦੇ ਵਿਰੋਧ 'ਚ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। 
ਇਸ ਦੌਰਾਨ ਅਮਰੀਕ ਛਾਬੜਾ ਮੀਤ ਪ੍ਰਧਾਨ, ਦਵਿੰਦਰ ਧੀਂਗੜਾ, ਜੋਗਿੰਦਰ ਸਿੰਘ, ਪਵਨ ਕੁਮਾਰ ਭੰਡਾਰੀ, ਭਾਰਤ ਭੂਸ਼ਨ ਭੰਡਾਰੀ, ਰਣਜੀਤ ਸਿੰਘ, ਰਿੰਪੀ ਬਜਾਜ, ਸਾਜਨ ਛਾਬੜਾ, ਰਾਜਨ ਛਾਬੜਾ, ਕੁਲਵਿੰਦਰ ਸਿੰਘ ਪੱਬੀ, ਪਾਰਸ ਪੱਬੀ, ਅਨੀਸ਼ ਪੱਬੀ, ਅਜੀਤ ਸਿੰਘ, ਅਸ਼ਵਨੀ ਗਰੋਵਰ, ਰਿੰਕਨ ਨੌਹਰੀਆ, ਸੋਨੂੰ, ਸੁਖਦੇਵ ਸਿੰਘ ਸ਼ੇਰਾ, ਜੱਜ ਕੰਗ, ਪਿੰਕੀ ਛਾਬੜਾ, ਟੋਨੀ ਛਾਬੜਾ, ਪਰਮਜੀਤ ਸਿੰਘ ਟੱਕਰ ਤੋਂ ਇਲਾਵਾ ਹੋਰ ਹਾਜ਼ਰ ਸਨ। ਇਸ ਮੌਕੇ ਸੀ. ਪੀ. ਆਈ. ਦੇ ਸੂਰਤ ਸਿੰਘ ਕਾਮਰੇਡ ਵੱਲੋਂ ਵੀ ਕੱਪੜਾ ਵਪਾਰੀਆਂ ਦੇ ਸੰਘਰਸ਼ ਦੀ ਹਮਾਇਤ ਕੀਤੀ ਗਈ। 
ਨਿਹਾਲ ਸਿੰਘ ਵਾਲਾ, (ਗੁਪਤਾ)-ਕੱਪੜਾ ਯੂਨੀਅਨ ਨਿਹਾਲ ਸਿੰਘ ਵਾਲਾ ਵੱਲੋਂ ਮੀਟਿੰਗ ਕਰ ਕੇ ਪ੍ਰਧਾਨ ਗੁਲਸ਼ਨ ਗਰਗ ਗੋਗੀ ਦੀ ਪ੍ਰਧਾਨਗੀ ਹੇਠ ਪਹੁੰਚੇ ਸਮੂਹ ਕਸਬਾ ਨਿਹਾਲ ਸਿੰਘ ਵਾਲਾ ਦੇ ਕੱਪੜਾ ਵਪਾਰੀਆਂ ਨੇ ਕੇਂਦਰ ਸਰਕਾਰ ਵੱਲੋਂ ਕੱਪੜੇ 'ਤੇ ਲਾਏ ਗਏ ਜੀ. ਐੱਸ. ਟੀ. ਟੈਕਸ ਦੇ ਵਿਰੋਧ ਵਜੋਂ ਤਿੰਨ ਦਿਨ ਲਗਾਤਾਰ ਕਸਬੇ ਦੀਆਂ ਸਾਰੀਆਂ ਕੱਪੜੇ ਦੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ, ਜਿਸ ਦੇ ਆਧਾਰ 'ਤੇ ਅੱਜ ਪਹਿਲੇ ਦਿਨ ਕਸਬੇ ਦੀਆਂ ਸਾਰੀਆਂ ਕੱਪੜੇ ਦੀਆਂ ਦੁਕਾਨਾਂ ਬੰਦ ਰੱਖੀਆਂ ਗਈਆਂ। 
ਪ੍ਰਧਾਨ ਗਲਸ਼ਨ ਗਰਗ ਗੋਗੀ ਨੇ ਦੱਸਿਆ ਕਿ ਕੱਪੜੇ 'ਤੇ ਪਹਿਲਾਂ ਕੋਈ ਵੀ ਟੈਕਸ ਨਹੀਂ ਸੀ, ਹੁਣ ਕੇਂਦਰ ਸਰਕਾਰ ਨੇ ਕੱਪੜਾ ਜੋ ਕਿ ਲੋਕਾਂ ਦੀ ਹਰ ਰੋਜ਼ ਦੀ ਜ਼ਰੂਰੀ ਵਰਤੋਂ 'ਚ ਆਉਂਦਾ ਹੈ 'ਤੇ ਜੀ. ਐੱਸ. ਟੀ. ਟੈਕਸ ਲਾ ਦਿੱਤਾ ਹੈ ਜਿਸ ਨਾਲ ਕੱਪੜਾ ਅੱਗੇ ਨਾਲੋਂ ਹੋਰ ਵੀ ਜ਼ਿਆਦਾ ਮਹਿੰਗਾ ਹੋਵੇਗਾ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੱਪੜੇ 'ਤੇ ਲਾਇਆ ਗਿਆ ਜੀ. ਐੱਸ. ਟੀ. ਟੈਕਸ ਹਟਾਇਆ ਜਾਵੇ। 
ਇਸ ਮੌਕੇ ਪ੍ਰਧਾਨ ਗੁਲਸ਼ਨ ਗਰਗ, ਕੇਸ਼ੀ ਕੱਪੜੇ ਵਾਲਾ, ਮਿਤਨ ਗਰਗ, ਜਸਵਿੰਦਰ ਸਿੰਘ ਦੀਦਾਰੇ ਵਾਲਾ, ਕਮਲ ਨੈਣ, ਸ਼ੰਮੀ, ਸੋਨੂੰ, ਹਰਜਿੰਦਰ ਸਿੰਘ, ਨਾਮਦੇਵ ਕਲਾਥ ਹਾਊਸ, ਰਿੰਕੂ, ਬੱਬੂ, ਗੋਰਾ, ਦਸ਼ਮੇਸ਼ ਕਲਾਥ ਹਾਊਸ, ਬੂਟਾ ਸਿੰਘ ਖਾਲਸਾ ਆਦਿ ਸਮੇਤ ਹੋਰ ਵੀ ਕੱਪੜਾ ਯੂਨੀਅਨ ਦੇ ਮੈਂਬਰ ਹਾਜ਼ਰ ਸਨ।