ਸ਼ੇਰਪੁਰ ਦੇ ਫਨੀ ਗੋਇਲ ਨੇ ਖੂਨਦਾਨ ਕਰਨ ’ਚ ਇੰਡੀਆ ਬੁੱਕ ਆਫ ਰਿਕਾਰਡ ’ਚ ਦਰਜ ਕਰਵਾਇਆ ਆਪਣਾ ਨਾਂ

04/26/2022 11:41:25 PM

ਸ਼ੇਰਪੁਰ (ਸਿੰਗਲਾ)-ਕਹਿੰਦੇ ਹਨ ਕਿ ਜਦੋਂ ਬੰਦੇ ਅੰਦਰ ਕੁਝ ਕਰਨ ਦਾ ਜਨੂੰਨ ਹੋਵੇ ਤਾਂ ਉਸ ਦਾ ਜਨੂੰਨ ਉਸ ਨੂੰ ਉਸ ਦੀ ਮੰਜ਼ਿਲ ਤੱਕ ਪਹੁੰਚਾ ਦਿੰਦਾ ਹੈ । ਇਸੇ ਤਰ੍ਹਾਂ ਹੀ ਬਲਾਕ ਸ਼ੇਰਪੁਰ ਦੇ ਫਨੀ ਗੋਇਲ ਪੁੱਤਰ ਪਵਨ ਕੁਮਾਰ ਦੇ ਅੰਦਰ ਇਨਸਾਨੀਅਤ ਨੂੰ ਲੈ ਕੇ ਅਜਿਹਾ ਜਨੂੰਨ ਪੈਦਾ ਹੋਇਆ ਕਿ ਉਸ ਦੇ ਜਨੂੰਨ ਨੇ ਉਸ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ 'ਚ ਦਰਜ ਕਰਵਾ ਦਿੱਤਾ। ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਦੁਨੀਆ ਆਪਣੇ ਲਈ ਤਾਂ ਬਹੁਤ ਕੁਝ ਕਰਦੀ ਹੈ ਪਰ ਦੂਜਿਆਂ ਦਾ ਭਲਾ ਕਰਨਾ ਟਾਵੇਂ-ਟਾਵੇਂ ਬੰਦੇ ਦੇ ਹਿੱਸੇ ਹੀ ਆਉਂਦਾ ਹੈ। ਠੀਕ ਉਸੇ ਤਰ੍ਹਾਂ ਹੀ ਖ਼ੂਨਦਾਨ ਕਰਨ ਨੂੰ ਲੈ ਕੇ ਫਨੀ ਗੋਇਲ ਦਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ ਹੈ।

ਸਮਾਜ 'ਚ ਦੇਖਿਆ ਹੈ ਕਿ ਅੱਜ ਕੱਲ੍ਹ ਦੇ ਨੌਜਵਾਨ ਨਸ਼ਿਆਂ ਦੇ 'ਚ ਗੁਲਤਾਨ ਹਨ ਪਰ ਕੁਝ ਨੌਜਵਾਨ ਅਜਿਹੇ ਵੀ ਹਨ ਜੋ ਆਪਣੀ ਜ਼ਿੰਦਗੀ ਨੂੰ ਮਾਨਵਤਾ ਤੇ ਕਾਰਜਾਂ 'ਚ ਬਤੀਤ ਕਰਦੇ ਹਨ। ਫਨੀ ਗੋਇਲ ਵੀ ਉਨ੍ਹਾਂ 'ਚੋਂ ਇੱਕ ਹਨ। ਪੂਰੀ ਜਾਣਕਾਰੀ ਅਨੁਸਾਰ ਫਨੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾ ਦੀ ਪ੍ਰੇਰਨਾ ਸਦਕਾ ਮਿਤੀ 10-1-2021 ਤੋਂ 19-10-2021 ਤੱਕ ਲਗਾਤਾਰ ਚਾਰ ਵਾਰ ਖੂਨਦਾਨ ਕੀਤਾ ਗਿਆ। ਜਿਸ ਨੂੰ ਲੈ ਕੇ ਮੇਰਾ ਨਾਮ ਇੰਡੀਆ ਬੁੱਕ ਆਫ ਰਿਕਾਰਡ ਵਿਚ ਦਰਜ ਹੋਇਆ ਹੈ। ਉਸ ਨੇ ਅੱਗੇ ਦੱਸਿਆ ਕਿ ਮੇਰੇ ਵੱਲੋਂ ਲਗਾਤਾਰ ਹੁਣ ਤੱਕ 30 ਵਾਰ ਖੂਨ ਦਾਨ ਕੀਤਾ ਗਿਆ ਹੈ । ਮੈਂ ਲਗਾਤਾਰ ਤਿੰਨ ਮਹੀਨਿਆਂ ਬਾਅਦ ਖੂਨਦਾਨ ਕਰਦਾ ਹਾਂ , ਮੈਨੂੰ ਉਡੀਕ ਰਹਿੰਦੀ ਹੈ ਕਿ ਮੇਰੇ ਖ਼ੂਨਦਾਨ ਕਰਨ ਦੇ ਤਿੰਨ ਮਹੀਨੇ ਕਦੋਂ ਪੂਰੇ ਹੋਣਗੇ ਤੇ ਮੈਂ ਕਿਸੇ ਲੋੜਵੰਦ ਦੀ ਖੂਨ ਦਾਨ ਕਰਕੇ ਜਾਨ ਬਚਾ ਸਕਾਂ।

ਇਹ ਵੀ ਪੜ੍ਹੋ : ਪਟਿਆਲਾ ’ਚ ਚੱਲੀਆਂ ਗੋਲੀਆਂ, ਟਰੱਕ ਯੂਨੀਅਨ ਸਮਾਣਾ ਦੇ ਪ੍ਰਧਾਨ ਜੌਲੀ ਸਮੇਤ 2 ਜ਼ਖ਼ਮੀ

ਉਸ ਨੇ ਦੱਸਿਆ ਕਿ ਮੈਂ ਜ਼ਿਆਦਾਤਰ ਖੂਨਦਾਨ ਕਰਨ ਲਈ ਬਾਪੂ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਬੈਂਕ ਸਿਰਸਾ 'ਚ ਹੀ ਜਾਂਦਾ ਹਾਂ, ਭਾਵੇਂ ਕਿ ਕੋਰੋਨਾ ਮਹਾਮਾਰੀ ਦਾ ਦੌਰ ਆਇਆ ਜਦੋਂ ਕਿ ਹਰ ਕੋਈ ਵਿਅਕਤੀ ਡਰ ਰਿਹਾ ਸੀ ਪਰ ਮੈਂ ਉਸ ਸਮੇਂ ਦੌਰਾਨ ਵੀ ਆਪਣਾ ਖੂਨਦਾਨ ਕਰਨਾ ਜਾਰੀ ਰੱਖਿਆ। ਮੈਂ ਸੰਗਰੂਰ ਦੇ ਸਿਵਲ ਹਸਪਤਾਲ 'ਚ ਜਾਕੇ ਕੋਰੋਨਾ ਮਾਹਾਮਾਰੀ ਦੌਰਾਨ ਆਪਣਾ ਖੂਨਦਾਨ ਕੀਤਾ। ਖ਼ੂਨਦਾਨ ਕਰਨ ਉਪਰੰਤ ਮੈਨੂੰ ਇੱਕ ਅਜਿਹੀ ਖ਼ੁਸ਼ੀ ਮਿਲਦੀ ਹੈ ਜਿਸ ਦਾ ਕਿ ਮੈਂ ਬਿਆਨ ਨਹੀਂ ਕਰ ਸਕਦਾ। ਮੈਨੂੰ ਇਹ ਹੌਂਸਲਾ ਗੁਰੂ ਜੀ ਦੀ ਪ੍ਰੇਰਨਾ ਸਦਕਾ ਹੀ ਮਿਲਦਾ ਰਿਹਾ। ਕਿਉਂਕਿ ਗੁਰੂ ਜੀ ਦੇ ਬਚਨ ਹਨ ਕਿ ਜੇਕਰ ਇਨਸਾਨ ਦੂਜਿਆਂ ਦਾ ਭਲਾ ਕਰਦਾ ਹੈ ਤਾਂ ਉਸ ਇਨਸਾਨ ਦਾ ਭਲਾ ਪ੍ਰਮਾਤਮਾ ਖੁਦ ਕਰਦਾ ਹੈ। ਫਨੀ ਨੇ ਅੱਗੇ ਦੱਸਿਆ ਕਿ ਖ਼ੂਨਦਾਨ ਕਰਨ ਉਪਰੰਤ ਉਸ ਨੂੰ ਕਦੇ ਵੀ ਕੋਈ ਸਮੱਸਿਆ ਨਹੀਂ ਆਈ। ਆਮ ਲੋਕਾਂ ਨੂੰ ਅਪੀਲ ਕਰਦੇ ਕਿਹਾ ਕਿ ਅਜਿਹੇ ਕਾਰਜ ਕਰਨ ਲਈ ਨੌਜਵਾਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਕਿਉਂਕਿ ਇੱਕ ਯੂਨਿਟ ਖ਼ੂਨਦਾਨ ਕਰਨ ਨਾਲ ਤਿੰਨ ਤੋਂ ਚਾਰ ਵਿਅਕਤੀਆਂ ਦੀ ਜਾਨ ਬਚ ਸਕਦੀ ਹੈ। ਜੇਕਰ ਸਾਡੇ ਖ਼ੂਨਦਾਨ ਕਰਨ ਨਾਲ ਕਿਸੇ ਵਿਅਕਤੀ ਦੀ ਜਾਨ ਬਚਦੀ ਹੈ ਤਾਂ ਇਸ ਤੋਂ ਵੱਡਾ ਪੁੰਨ ਦਾ ਕਾਰਜ ਕੋਈ ਨਹੀਂ ਹੋ ਸਕਦਾ। ਅੰਤ ਉਨ੍ਹਾਂ ਆਪਣੀ ਇਸ ਪ੍ਰਾਪਤੀ ਦਾ ਸਿਹਰਾ ਪੂਜਨੀਕ ਗੁਰੂ ਜੀ ਨੂੰ ਦਿੰਦਿਆਂ ਉਨ੍ਹਾਂ ਦਾ ਧੰਨਵਾਦ ਕੀਤਾ । 

ਇਹ ਵੀ ਪੜ੍ਹੋ : ਕਿਊਬਾ ਦੇ ਰਾਜਦੂਤ ਨੇ ਪਾਕਿਸਤਾਨ ਦੇ ਮੰਤਰੀ ਇਕਬਾਲ ਦੀ ਟਿੱਪਣੀ 'ਤੇ ਜਤਾਇਆ ਸਖ਼ਤ ਇਤਰਾਜ਼

ਨਿਵੇਕਲੀ ਪਹਿਲ ਲਈ ਮੈਂ ਦਿਲੋਂ ਸਤਿਕਾਰ ਕਰਦਾ ਹਾਂ : ਡਾ. ਕਿਰਪਾਲ ਸਿੰਘ 
ਸਰਕਾਰੀ ਕਮਿਊਨਟੀ ਹੈਲਥ ਸੈਂਟਰ ਦੇ ਸੀਨੀਅਰ ਮੈਡੀਕਲ ਅਫਸਰ ਡਾ. ਕਿਰਪਾਲ ਸਿੰਘ ਨੇ ਫਨੀ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਮੈਂ ਅਜਿਹੇ ਇਨਸਾਨ ਦਾ ਦਿਲੋਂ ਸਤਿਕਾਰ ਕਰਦਾ ਹਾਂ ਜੋ ਇਸ ਨੇ ਨਿਵੇਕਲੀ ਪਹਿਲ ਕੀਤੀ ਹੈ। ਕੋਰੋਨਾ ਕਾਲ ਦੌਰਾਨ ਜਦੋਂ ਲੋਕ ਆਪਣੇ ਘਰਾਂ 'ਚੋਂ ਨਹੀਂ ਨਿਕਲਦੇ ਸਨ ਤਾਂ ਇਸ ਵੱਲੋਂ ਉਸ ਸਮੇਂ ਵੀ ਖੂਨਦਾਨ ਕੀਤਾ ਗਿਆ। ਇਹ ਮਨੁੱਖਤਾ ਦੀ ਸੇਵਾ ਦਾ ਵੱਡਾ ਸਬੂਤ ਹੈ। ਇਸ ਲੜਕੇ ਨੂੰ ਮਿਲਣ ਲਈ ਮੈਂ ਖੁਦ ਜਾਵਾਂਗਾ ਅਤੇ ਆਪਣੇ ਵੱਲੋਂ ਆਪਣੇ ਸੀਨੀਅਰ ਅਧਿਕਾਰੀਆਂ ਤੇ ਡੀ.ਸੀ. ਸਾਹਿਬ ਨੂੰ ਲਿਖਤੀ ਪੱਤਰ ਭੇਜ ਕੇ ਪ੍ਰਸ਼ੰਸਾ ਪੱਤਰ ਦੇਣ ਲਈ ਬੇਨਤੀ ਕਰਾਂਗਾ। 

ਅਜਿਹੇ ਨੌਜਵਾਨ ਤੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ : ਅੰਮ੍ਰਿਤਪਾਲ ਵਿੱਕੀ 
ਲੋਕ ਸੇਵਾ ਖੂਨਦਾਨ ਕਲੱਬ ਦੇ ਪ੍ਰਧਾਨ ਅੰਮ੍ਰਿਤਪਾਲ ਵਿੱਕੀ ਨੰਗਲ ਨੇ ਕਿਹਾ ਕਿ ਅਜਿਹੇ ਨੌਜਵਾਨ ਤੋਂ ਲੋਕਾਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿਉਂਕਿ ਇਸ ਨੇ ਲਗਾਤਾਰ ਚਾਰ ਵਾਰ ਖ਼ੂਨਦਾਨ ਕੀਤਾ ਹੈ। ਜਦੋਂ ਇਸ ਨੌਜਵਾਨ ਨੂੰ ਕੋਈ ਦਿੱਕਤ ਪ੍ਰੇਸ਼ਾਨੀ ਨਹੀਂ ਆਈ ਤਾਂ ਹੋਰਾਂ ਨੂੰ ਕਿਵੇਂ ਆ ਸਕਦੀ ਹੈ। ਲੋਕ ਕਈ ਵਾਰ ਖੂਨਦਾਨ ਕਰਨ ਤੋਂ ਘਬਰਾਉਂਦੇ ਹਨ ਪਰ ਇਸ ਨੌਜਵਾਨ ਤੋਂ ਸਿੱਖਿਆ ਲੈ ਕੇ ਲੋਕਾਂ ਨੂੰ ਖ਼ੂਨਦਾਨ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : 'ਭਾਰਤ 'ਚ ਬੂਸਟਰ ਖੁਰਾਕ ਲੈਣ ਵਾਲਿਆਂ 'ਚੋਂ 70 ਫੀਸਦੀ ਲੋਕਾਂ ਨੂੰ ਤੀਸਰੀ ਲਹਿਰ 'ਚ ਨਹੀਂ ਹੋਇਆ ਕੋਰੋਨਾ'

ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar