ਮਾਂ-ਪੁੱਤ ਦਾ ਇੱਕੋ ਸਮੇਂ ਹੋਇਆ ਅੰਤਿਮ ਸੰਸਕਾਰ

09/11/2019 4:56:26 PM

ਮੁੱਦਕੀ (ਹੈਪੀ) : ਜ਼ਿੰਦਗੀ ਦੇ ਕੁਝ ਦੁੱਖ-ਸੁੱਖ ਅਜਿਹੇ ਹੋ ਨਿੱਬੜਦੇ ਹਨ ਜੋ ਹਮੇਸ਼ਾਂ ਲਈ ਜੀਵਨ ਦਾ ਇਕ ਹਿੱਸਾ ਬਣਕੇ ਰਹਿ ਜਾਂਦੇ ਹਨ। ਕੁਝ ਅਜਿਹਾ ਹੀ ਵਰਤਾਰਾ ਅੱਜ ਨਗਰ ਪੰਚਾਇਤ ਮੁੱਦਕੀ ਦੇ ਪ੍ਰਧਾਨ ਗੁਰਮੀਤ ਸਿੰਘ ਬਰਾੜ ਤੇ ਉਨ੍ਹਾਂ ਦੇ ਪਰਿਵਾਰ ਨਾਲ ਵਰਤਿਆ ਜਦ ਪ੍ਰਧਾਨ ਗੁਰਮੀਤ ਸਿੰਘ ਦੀ ਮਾਤਾ ਬਲਵਿੰਦਰ ਕੌਰ ਤੇ ਉਨ੍ਹਾਂ ਦੇ ਛੋਟੇ ਭਰਾ ਕਰਮਜੀਤ ਸਿੰਘ (ਬਾਵਾ) ਦਾ ਇਥੇ ਸ਼ਮਸ਼ਾਨਘਾਟ 'ਚ ਇਕੱਠਿਆਂ ਦਾ ਅੰਤਿਮ ਸਸਕਾਰ ਹੋਇਆ। ਦੋਵੇਂ ਮਾਂ-ਪੁੱਤਰ ਇਕ ਦੂਜੇ ਦੇ ਸਦਮੇ ਸਦਕਾ ਹੀ ਇਸ ਜਹਾਨ ਤੋਂ ਰੁਖਸਤ ਹੋ ਗਏ। ਕਰਮਜੀਤ ਬਾਵਾ ਪਿਛਲੇ ਕਰੀਬ ਇਕ ਮਹੀਨੇ ਤੋਂ ਪੀਲੀਏ ਦੀ ਬਿਮਾਰੀ ਨਾਲ ਜੂਝ ਰਿਹਾ ਸੀ। ਬਠਿੰਡਾ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਉਹ ਡੀ. ਐਮ. ਸੀ. ਲੁਧਿਆਣਾ ਵਿਖੇ ਜੇਰੇ ਇਲਾਜ ਸੀ। 

ਪੁੱਤਰ ਦੀ ਬਿਮਾਰੀ ਦੇ ਝੋਰੇ 'ਚ ਮਾਂ ਬਲਵਿੰਦਰ ਕੌਰ ਚੰਦ ਦਿਨਾਂ ਦੀ ਬਿਮਾਰੀ ਉਪਰੰਤ ਹੀ 8 ਸਤੰਬਰ ਦੀ ਸਵੇਰ 3 ਵਜੇ ਅਕਾਲ ਚਲਾਣਾ ਕਰ ਗਈ ਤੇ ਮਾਂ ਦੀ ਮੌਤ ਦੇ ਸਦਮੇ 'ਚ ਅਗਲੇ ਹੀ ਦਿਨ ਸਵੇਰੇ 5 ਵਜੇ ਪੁੱਤਰ ਕਰਮਜੀਤ ਵੀ ਚੱਲ ਵਸਿਆ। ਇਲਾਕੇ ਦੀਆਂ ਸਮੂਹ ਰਾਜਨੀਤਿਕ, ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਹਾਜ਼ਰ ਲੋਕਾਂ ਨੇ ਅੱਜ ਮਾਂ-ਪੁੱਤਰ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

Gurminder Singh

This news is Content Editor Gurminder Singh