ਪੰਜਾਬ ''ਚ ਮੀਡੀਆ ਨੂੰ ਪੂਰੀ ਆਜ਼ਾਦੀ ਨਾਲ ਵਿਚਾਰ ਪ੍ਰਗਟਾਉਣ ਦੀ ਖੁੱਲ੍ਹ : ਕੈਪਟਨ

12/10/2017 3:59:43 AM

ਮੋਹਾਲੀ (ਨਿਆਮੀਆਂ, ਬੀ. ਐੱਨ. 254/12) - ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ 'ਦਿ ਕਨਫੈੱਡਰੇਸ਼ਨ ਆਫ ਨਿਊਜ਼ ਪੇਪਰ ਐਂਡ ਨਿਊਜ਼ ਏਜੰਸੀਜ਼ ਇੰਪਲਾਈਜ਼ ਆਰਗੇਨਾਈਜ਼ੇਸ਼ਨ' ਦੇ ਸਹਿਯੋਗ ਨਾਲ ਪ੍ਰੈੱਸ ਦੀ ਆਜ਼ਾਦੀ ਤੇ ਸੁਰੱਖਿਆ ਵਿਸ਼ੇ 'ਤੇ ਕਰਵਾਈ ਗਈ ਰਾਸ਼ਟਰ ਪੱਧਰੀ ਵਿਚਾਰ ਗੋਸ਼ਠੀ ਦੌਰਾਨ ਮੀਡੀਆ ਦੇ ਵੱਖ-ਵੱਖ ਪਹਿਲੂਆਂ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ । ਇਸਦਾ ਉਦਘਾਟਨ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਕੀਤਾ ਗਿਆ ।  ਕੈਪਟਨ ਅਮਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿਚ ਵਿਚਾਰਾਂ ਦੇ ਪ੍ਰਗਟਾਵੇ ਲਈ ਪ੍ਰੈੱਸ ਪੂਰੀ ਤਰ੍ਹਾਂ ਆਜ਼ਾਦ ਹੈ ਤੇ ਸਰਕਾਰ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦੇ ਪ੍ਰਭਾਵਾਂ ਤੋਂ ਮੁਕਤ ਰੱਖਣ ਲਈ ਵਚਨਬੱਧ ਹੈ । ਅਸੀਂ ਪੰਜਾਬ ਵਿਚ ਨਵੀਂ ਮੀਡੀਆ ਸਥਾਪਤੀ ਦੀ ਪ੍ਰਕਿਰਿਆ ਨੂੰ ਸਰਲ ਤੇ ਤੇਜ਼ ਕਰਾਂਗੇ, ਤਾਂ ਜੋ ਹੋਰ ਮੀਡੀਆ ਸੰਸਥਾਵਾਂ ਪੰਜਾਬ ਵਿਚ ਆਪਣੇ-ਆਪ ਨੂੰ ਸਥਾਪਤ ਕਰ ਸਕਣ। ਪੰਜਾਬ ਵਿਚ ਮੀਡੀਆ ਨੂੰ ਪੂਰੀ ਆਜ਼ਾਦੀ ਹੈ ਤੇ ਉਹ ਆਪਣੀ ਗੱਲ ਬਿਨਾਂ ਕਿਸੇ ਭੈਅ ਤੋਂ ਖੁੱਲ੍ਹ ਕੇ ਰੱਖ ਸਕਦਾ ਹੈ ।ਸਤਨਾਮ ਸਿੰਘ ਸੰਧੂ ਚਾਂਸਲਰ ਚੰਡੀਗੜ੍ਹ ਯੂਨੀਵਰਿਸਿਟੀ ਨੇ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਨੂੰ ਖੁਸ਼ਹਾਲ ਬਣਾਉਣ ਦਾ ਜੋ ਨਕਸ਼ਾ ਉਲੀਕਿਆ ਹੈ, ਉਸ ਲਈ ਸਾਰੀਆਂ ਸਿੱਖਿਆ ਸੰਸਥਾਵਾਂ ਸਹਿਯੋਗ ਦੇ ਰਹੀਆਂ ਹਨ ।ਚੰਡੀਗੜ੍ਹ ਯੂਨੀਵਰਸਿਟੀ ਮੀਡੀਆ ਦੇ ਵਿਦਿਆਰਥੀਆਂ ਨੂੰ ਪੱਤਰਕਾਰਤਾ ਦੀ ਮਿਆਰੀ ਸਿੱਖਿਆ ਮੁਹੱਈਆ ਕਰਵਾ ਰਹੀ ਹੈ, ਤਾਂ ਜੋ ਇਕ ਉੱਤਮ ਸਮਾਜ ਸਿਰਜਿਆ ਜਾ ਸਕੇ ।
ਐੱਮ. ਐੱਸ. ਯਾਦਵ ਜਨਰਲ ਸਕੱਤਰ 'ਦਿ ਕਨਫੈੱਡਰੇਸ਼ਨ ਆਫ ਨਿਊਜ਼ ਪੇਪਰ ਐਂਡ ਨਿਊਜ਼ ਏਜੰਸੀਜ਼ ਇੰਪਲਾਈਜ਼ ਆਰਗੇਨਾਈਜ਼ੇਸ਼ਨ' ਤੇ ਅਨਿਲ ਕੁਮਾਰ ਗੁਪਤਾ ਸੀਨੀਅਰ ਪੱਤਰਕਾਰ ਨੇ ਕਿਹਾ ਕਿ ਸਰਕਾਰਾਂ ਨੂੰ ਮੀਡੀਆ ਦੀ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਹੈ ।
ਵਿਚਾਰ-ਗੋਸ਼ਠੀ ਵਿਚ ਰਵੀਨ ਠੁਕਰਾਲ, ਮੀਡੀਆ ਐਡਵਾਈਜ਼ਰ ਮੁੱਖ ਮੰਤਰੀ ਪੰਜਾਬ, ਬਲਵਿੰਦਰ ਸਿੰਘ ਜੰਮੂ, ਜਗਤਾਰ ਸਿੰਘ ਸਿੱਧੂ, ਬਲਬੀਰ ਸਿੰਘ ਸਿੱਧੂ ਵਿਧਾਇਕ ਮੋਹਾਲੀ, ਅਸ਼ੋਕ ਮਿੱਤਲ ਚਾਂਸਲਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਰਸ਼ਪਾਲ ਸਿੰਘ ਧਾਲੀਵਾਲ ਪ੍ਰੈਜ਼ੀਡੈਂਟ ਚੰਡੀਗੜ੍ਹ ਗਰੁੱਪ ਆਫ ਕਾਲਜ ਸਮੇਤ ਦੇਸ਼ ਦੇ 22 ਸੂਬਿਆਂ ਤੋਂ ਨਾਮਵਰ ਪੱਤਰਕਾਰਾਂ ਨੇ ਭਾਗ ਲਿਆ ।