ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਪੁਲਸ ਛਾਉਣੀ ''ਚ ਤਬਦੀਲ

08/23/2017 7:46:17 AM

ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ/ਫਰੀਦਕੋਟ (ਪਵਨ, ਭੁਪਿੰਦਰ, ਸੁਖਪਾਲ, ਹਾਲੀ) - ਡੇਰਾ ਸੱਚਾ ਸੌਦਾ ਸਿਰਸਾ ਦੇ ਮੌਜੂਦਾ ਗੱਦੀਨਸ਼ੀਨ ਸੰਤ ਗੁਰਮੀਤ ਰਾਮ ਰਹੀਮ ਸਿੰਘ ਦੀ 25 ਅਗਸਤ ਨੂੰ ਪੰਚਕੁਲਾ ਵਿਖੇ ਸੀ. ਬੀ. ਆਈ. ਦੀ ਵਿਸ਼ੇਸ਼ ਅਦਾਲਤ ਵਿਚ ਪੇਸ਼ੀ ਦੇ ਮਾਮਲੇ ਨੂੰ ਲੈ ਕੇ ਸਰਕਾਰ ਵੱਲੋਂ ਪੂਰੇ ਸੂਬੇ ਵਿਚ ਰੈੱਡ ਅਲਾਰਟ ਜਾਰੀ ਕਰ ਦਿੱਤਾ ਗਿਆ ਹੈ। ਇਸੇ ਗੱਲ ਦੇ ਮੰਦੇਨਜ਼ਰ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਤੋਂ ਇਲਾਵਾ ਆਸ-ਪਾਸ ਦੇ ਖੇਤਰ 'ਤੇ ਵੀ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਤੇ ਸੁਰੱਖਿਆ ਕਰਮੀਆਂ ਨੇ ਇਸ ਸ਼ਹਿਰ ਨੂੰ ਪੂਰੀ ਤਰ੍ਹਾਂ ਘੇਰ ਰੱਖਿਆ ਹੈ।
ਥਾਂ-ਥਾਂ 'ਤੇ ਪੁਲਸ ਤਾਇਨਾਤ ਹੈ ਤੇ ਹਰ ਮੋੜ ਤੇ ਚੌਕ ਵਿਚ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਹਰ ਲੰਘਣ ਵਾਲੇ 'ਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ। ਪੰਜਾਬ ਪੁਲਸ ਦੇ ਨਾਲ-ਨਾਲ ਕਮਾਂਡੋ ਤੇ ਮਿਲਟਰੀ ਫੋਰਸ ਵੀ ਲਾਈ ਗਈ ਹੈ। ਭਾਵੇਂ ਅਜੇ ਤੱਕ ਰੋਲੇ ਰੱਪੇ ਵਾਲੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਪਰ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਲੋਕਾਂ ਵਿਚ ਦੁਬਿਧਾ ਬਣੀ ਹੋਈ ਹੈ ਕਿ ਪਤਾ ਨਹੀਂ ਕੀ ਹੋਵੇਗਾ।
ਮਿਲਟਰੀ ਫੋਰਸ ਦੇ ਜਵਾਨਾਂ ਦੀ ਲਗਾਤਾਰ 12-12 ਘੰਟੇ ਡਿਊਟੀ ਲਾਈ ਗਈ ਹੈ। ਪਤਾ ਲੱਗਾ ਹੈ ਕਿ ਜਿਸ ਥਾਂ 'ਤੇ ਉਨ੍ਹਾਂ ਨੂੰ ਠਹਿਰਾਇਆ ਗਿਆ ਹੈ, ਉਥੇ ਨੇੜੇ-ਤੇੜੇ ਖਾਣ-ਪੀਣ ਦਾ ਕੋਈ ਪ੍ਰਬੰਧ ਨਹੀਂ ਹੈ। ਸਿਵਲ ਪ੍ਰਸ਼ਾਸਨ ਤੇ ਪੁਲਸ ਵਿਭਾਗ ਵੱਲੋਂ ਮਿਲ ਕੇ ਇਕ ਸਾਂਝੀ ਮੁਹਿੰਮ ਚਲਾਈ ਜਾ ਰਹੀ ਹੈ। ਪੁਲਸ ਸੂਤਰਾਂ ਅਨੁਸਾਰ ਜ਼ਿਲੇ ਅਧੀਨ ਪੈਂਦੇ ਸ਼ਹਿਰਾਂ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ ਤੋਂ ਇਲਾਵਾ ਮੰਡੀਆਂ, ਕਸਬਿਆਂ ਤੇ ਪਿੰਡਾਂ ਵੱਲ ਵੀ ਪੁਲਸ ਦਾ ਵਿਸ਼ੇਸ਼ ਧਿਆਨ ਹੈ।
ਇਲਾਕੇ ਦਾ ਸਰਵੇਖਣ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਆਮ ਲੋਕ ਪੂਰੀ ਤਰ੍ਹਾਂ ਚੁੱਪਚਾਪ ਹਨ। ਸਿੱਖ ਜਥੇਬੰਦੀਆਂ ਵੱਲੋਂ ਵੀ ਕੋਈ ਬਿਆਨਬਾਜ਼ੀ ਜਾਂ ਮੀਟਿੰਗ ਨਹੀਂ ਕੀਤੀ ਜਾ ਰਹੀ, ਜਦਕਿ ਡੇਰਾ ਪ੍ਰੇਮੀ ਜ਼ਰੂਰ ਜਜ਼ਬਾਤ ਵਿਚ ਆਏ ਫਿਰਦੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਪਿਤਾ ਜੀ ਨੂੰ ਕਿਸੇ ਵੀ ਹਾਲਤ ਵਿਚ ਅਦਾਲਤ ਵੱਲ ਨਹੀਂ ਜਾਣ ਦੇਵਾਂਗੇ। ਬਸ ਇਸੇ ਗੱਲ ਨੂੰ ਲੈ ਕੇ ਹੀ ਪ੍ਰਸ਼ਾਸਨ ਚਿੰਤਾ ਵਿਚ ਹੈ।
ਉਧਰ, ਫਰੀਦਕੋਟ ਵਿਖੇ ਜ਼ਿਲਾ ਪੁਲਸ ਵਿਭਾਗ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ। ਲੋਕਾਂ ਦੀ ਸੁਰੱਖਿਆ ਲਈ ਸਾਰੇ ਉੱਚਿਤ ਕਦਮ ਚੁੱਕੇ ਜਾ ਰਹੇ ਹਨ ਤੇ ਨਾਜ਼ੁਕ ਇਲਾਕਿਆਂ 'ਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸੀਨੀਅਰ ਪੁਲਸ ਕਪਤਾਨ ਡਾ. ਨਾਨਕ ਸਿੰਘ ਦੀ ਅਗਵਾਈ ਹੇਠ ਸ਼ਹਿਰ ਤੋਂ ਕਸਬਾ ਸਾਦਿਕ ਤੱਕ ਫ਼ਲੈਗ ਮਾਰਚ ਕੱਢਿਆ ਗਿਆ। ਇਸ ਮੌਕੇ ਮਾਰਚ ਵਿਚ ਪੰਜਾਬ ਪੁਲਸ ਦੇ ਮੁਲਾਜ਼ਮ ਅਤੇ 6 ਪੈਰਾਮਿਲਟਰੀ ਫ਼ੋਰਸ ਦੀਆਂ ਟੁਕੜੀਆਂ ਸ਼ਾਮਲ ਸਨ। ਇਸ ਸਮੇਂ ਸੀਨੀਅਰ ਪੁਲਸ ਕਪਤਾਨ ਨੇ ਲੋਕਾਂ ਨੂੰ ਫ਼ਲੈਗ ਮਾਰਚ ਰਾਹੀਂ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦੀ ਅਪੀਲ ਕੀਤੀ। ਕੋਤਵਾਲੀ ਤੋਂ ਸ਼ੁਰੂ ਹੋਇਆ ਇਹ ਫ਼ਲੈਗ ਮਾਰਚ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦਾ ਹੋਇਆ ਸਾਦਿਕ ਜਾ ਕੇ ਸਮਾਪਤ ਹੋਇਆ।
ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ
ਕੋਟਕਪੂਰਾ, (ਨਰਿੰਦਰ) - ਇਸੇ ਤਰ੍ਹਾਂ ਕੋਟਕਪੂਰਾ ਵਿਖੇ ਪੁਲਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਦੀਆਂ ਹਦਾਇਤਾਂ 'ਤੇ ਡੀ. ਐੱਸ. ਪੀ. ਕੋਟਕਪੂਰਾ ਯਾਦਵਿੰਦਰ ਸਿੰਘ ਬਾਜਵਾ ਤੇ ਐੱਸ. ਐੱਚ. ਓ. ਥਾਣਾ ਸਿਟੀ ਇੰਸਪੈਕਟਰ ਮੁਖਤਿਆਰ ਸਿੰਘ ਦੀ ਅਗਵਾਈ ਹੇਠ ਸ਼ਹਿਰ ਦੀਆਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰ ਕੇ ਆਉਣ-ਜਾਣ ਵਾਲੇ ਵਾਹਨਾਂ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ।
ਸ਼ਹਿਰ ਵਿਚ ਬਾਹਰੋਂ ਆਏ ਆਰ. ਏ. ਐੱਫ਼. ਜਵਾਨ ਅਤੇ ਪੰਜਾਬ ਪੁਲਸ ਦੇ ਮੁਲਾਜ਼ਮ ਵੀ ਵੱਖ-ਵੱਖ ਥਾਵਾਂ 'ਤੇ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਨਾਮ ਚਰਚਾ ਘਰ ਨੂੰ ਜਾਣ ਵਾਲੇ ਰਸਤਿਆਂ ਤੇ ਇਸ ਦੇ ਆਲੇ-ਦੁਆਲੇ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ। ਇੰਸਪੈਕਟਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਸ਼ਾਂਤੀ ਬਣਾਈ ਰੱਖਣ ਲਈ ਸਥਿਤੀ 'ਤੇ ਪੈਨੀ ਨਜ਼ਰ ਰੱਖੀ ਜਾ ਰਹੀ ਹੈ।
ਗਿੱਦੜਬਾਹਾ, (ਸੰਧਿਆ)-ਸ਼ਹਿਰ ਅੰਦਰ ਸੁਰੱਖਿਆ ਦੇ ਮੱਦੇਨਜ਼ਰ ਪੁਲਸ ਪਾਰਟੀ ਵੱਲੋਂ ਫਲੈਗ ਮਾਰਚ ਕੱਢਿਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜਪਾਲ ਸਿੰਘ ਅਤੇ ਐੱਸ. ਐੱਚ. ਓ. ਨਰਿੰਦਰ ਸਿੰਘ ਨੇ ਦੱਸਿਆ ਕਿ ਇਹ ਮਾਰਚ ਸ਼ਹਿਰ ਵਿਚ ਅਮਨ-ਸ਼ਾਂਤੀ ਤੇ ਸੁਰੱਖਿਆ ਬਣਾਏ ਰੱਖਣ ਲਈ ਕੱਢਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਪੈਰਾਮਿਲਟਰੀ ਫੋਰਸ ਵੀ ਮੌਜੂਦ ਸੀ।